ED ਵਲੋਂ ਦਿੱਲੀ -ਚੰਡੀਗੜ੍ਹ ਸਮੇਤ ਪੰਜਾਬ ‘ਚ ਛਾਪੇਮਾਰੀ , ਹਿਮਾਚਲ ‘ਚ ਕਾਂਗਰਸੀ ਵਿਧਾਇਕ ਦੇ ਘਰ ਮਾਰੀ ਰੇਡ
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਦਿੱਲੀ-ਚੰਡੀਗੜ੍ਹ ਅਤੇ ਪੰਜਾਬ ਸਮੇਤ ਹਿਮਾਚਲ ‘ਚ ਕਰੀਬ 19 ਥਾਵਾਂ ‘ਤੇ ਵੱਡੇ ਪੱਧਰ ‘ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਨਕਲੀ ਆਯੁਸ਼ਮਾਨ ਭਾਰਤ AB-PMJAY ID ਕਾਰਡ ਬਣਾਉਣ ਅਤੇ ਇਸ ਯੋਜਨਾ ‘ਚ ਗੈਰ-ਕਾਨੂੰਨੀ ਢੰਗ ਨਾਲ ਘਪਲਾ ਕਰਨ ਦੇ ਦੋਸ਼ ‘ਚ ਈਡੀ ਨੇ ਕਈ ਹਸਪਤਾਲਾਂ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ।
ਦਿੱਲੀ, ਚੰਡੀਗੜ੍ਹ, ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਈਡੀ ਦੀਆਂ ਟੀਮਾਂ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਊਨਾ, ਸ਼ਿਮਲਾ, ਮੰਡੀ, ਕੁੱਲੂ ਜ਼ਿਲ੍ਹਿਆਂ ਵਿੱਚ ਪਹੁੰਚ ਗਈਆਂ ਹਨ। ਹਿਮਾਚਲ ਵਿੱਚ ਇੱਕ ਕਾਂਗਰਸੀ ਵਿਧਾਇਕ ਦੇ ਘਰ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹਿਮਾਚਲ ‘ਚ ਕਈ ਹੋਰ ਮਸ਼ਹੂਰ ਹਸਤੀਆਂ ਖਿਲਾਫ ਈਡੀ ਨੇ ਕਾਰਵਾਈ ਕੀਤੀ ਹੈ।
ਫਰਜ਼ੀ ਕਾਰਡਾਂ ‘ਤੇ ਬਣਾਏ ਗਏ ਕਈ ਮੈਡੀਕਲ ਬਿੱਲ
ਬਾਂਕੇ ਬਿਹਾਰੀ ਹਸਪਤਾਲ, ਫੋਰਟਿਸ ਹਸਪਤਾਲ ਸਮੇਤ ਕਈ ਹਸਪਤਾਲਾਂ ‘ਚ ਛਾਪੇਮਾਰੀ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਂਕੇ ਬਿਹਾਰੀ ਹਸਪਤਾਲ, ਫੋਰਟਿਸ ਹਸਪਤਾਲ ਸਮੇਤ ਕਈ ਹਸਪਤਾਲਾਂ ਖਿਲਾਫ ਯੋਜਨਾ ਦੀ ਉਲੰਘਣਾ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ ਜਾਅਲੀ ਆਯੂਸ਼ਮਾਨ ਕਾਰਡਾਂ ‘ਤੇ ਕਈ ਮੈਡੀਕਲ ਬਿੱਲ ਬਣਾਏ ਗਏ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਅਤੇ ਜਨਤਾ ਦਾ ਨੁਕਸਾਨ ਹੋ ਰਿਹਾ ਹੈ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ‘ਚ ਡਿਊਟੀ ਦੌਰਾਨ ਫੌਜੀ ਜਵਾਨ ਦੀ ਹੋਈ ਮੌਤ
ਕਾਂਗਰਸੀ ਵਿਧਾਇਕ RS ਬਾਲੀ ਦੇ ਘਰ ਛਾਪਾ
ਇਸ ਤੋਂ ਇਲਾਵਾ ਈਡੀ ਨੇ ਹਿਮਾਚਲ ਪ੍ਰਦੇਸ਼ ਦੇ ਨਗਰੋਟਾ ਤੋਂ ਕਾਂਗਰਸੀ ਵਿਧਾਇਕ RS ਬਾਲੀ ਦੇ ਘਰ ਛਾਪੇਮਾਰੀ ਕੀਤੀ ਹੈ। ਕਾਂਗਰਸੀ ਵਿਧਾਇਕ ਆਰ.ਐੱਸ.ਬਾਲੀ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ, ਹਿਮਾਚਲ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਬੋਰਡ ਦੇ ਵਾਈਸ ਚੇਅਰਮੈਨ ਅਤੇ ਸ਼੍ਰੀ ਬਾਲਾਜੀ ਹਸਪਤਾਲ ਕਾਂਗੜਾ ਦੇ ਡਾਕਟਰ ਰਾਜੇਸ਼ ਸ਼ਰਮਾ ਦੇ ਨਾਂ ਵੀ ਇਸ ਧੋਖਾਧੜੀ ‘ਚ ਸਾਹਮਣੇ ਆਏ ਹਨ ਅਤੇ ਉਨ੍ਹਾਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਹ ਸਾਰੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਕਰੀਬੀ ਦੱਸੇ ਜਾਂਦੇ ਹਨ।