ਚੰਡੀਗੜ੍ਹ, 5 ਜੁਲਾਈ 2025 : ਭ੍ਰਿਸ਼ਟਾਚਾਰ ਵਿਰੁੱਧ ਕੀਤੀ ਜਾ ਰਹੀ ਆਪਣੀ ਲਗਾਤਾਰ ਕਾਰਵਾਈ ਤਹਿਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਨੇ ਸ਼ੁੱਕਰਵਾਰ ਨੂੰ ਜਿ਼ਲ੍ਹਾ ਬਰਨਾਲਾ ਦੇ ਨਗਰ ਕੌਂਸਲ ਧਨੌਲਾ ਵਿਖੇ ਤਾਇਨਾਤ ਲੇਖਾਕਾਰ ਦੀਪਕ ਸੇਤੀਆ ਨੂੰ 11,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਗ੍ਰਿਫ਼ਤਾਰ ਕੀਤਾ ਹੈ । ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਧਨੌਲਾ ਕਸਬੇ ਦੇ ਵਸਨੀਕ ਇੱਕ ਠੇਕੇਦਾਰ ਦੀ ਸਿ਼ਕਾਇਤ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ।
ਸਿ਼ਕਾਇਤਕਰਤਾ ਤੋਂ 11000 ਰੁਪਏ ਰਿਸ਼ਵਤ ਲੈਂਦਿਆਂ ਦੀਪਕ ਸੇਤੀਆ ਨੂੰ ਕਰ ਲਿਆ ਰੰਗੇ ਹੱਥੀਂ ਕਾਬੂ
ਬੁਲਾਰੇ ਨੇ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ (Complainant) ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਮੁਲਜ਼ਮ ਨੇ 2,21,402 ਰੁਪਏ ਦੇ ਉਸਦੇ ਬਕਾਇਆ ਭੁਗਤਾਨ ਚੈੱਕ ਦੀ ਕਲੀਅਰੈਂਸ ਕਰਾਉਣ ਬਦਲੇ 11000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ । ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ 11000 ਰੁਪਏ ਰਿਸ਼ਵਤ (11000 rupees bribe) ਲੈਂਦੇ ਹੋਏ ਦੀਪਕ ਸੇਤੀਆ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ । ਮੌਕੇ ਤੋਂ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਗਈ ਹੈ ।
ਇਹ ਗ੍ਰਿਫ਼ਤਾਰੀ ਕਰਦੀ ਹੈ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਉਜਾਗਰ
ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਉਕਤ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ । ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਕੇਸ ਸਬੰਧੀ ਹੋਰ ਜਾਂਚ ਪ੍ਰਕਿਰਿਆ ਅਧੀਨ ਹੈ । ਵਿਜੀਲੈਂਸ ਬਿਊਰੋ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਭ੍ਰਿਸ਼ਟਾਚਾਰ ਵਿਰੁੱਧ ਸਾਡੀ ਜ਼ੀਰੋ ਸਹਿਣਸ਼ੀਲਤਾ (Our zero tolerance against corruption) ਨੀਤੀ ਨੂੰ ਉਜਾਗਰ ਕਰਦੀ ਹੈ । ਅਸੀਂ ਹਰ ਪੱਧਰ ਤੇ ਬੇਨਿਯਮੀਆਂ ਨੂੰ ਜੜ੍ਹੋਂ ਪੁੱਟਣ ਅਤੇ ਲੋਕਾਂ ਲਈ ਜਵਾਬਦੇਹੀ ਯਕੀਨੀ ਬਣਾਉਣ ਲਈ ਵਚਨਬੱਧ ਹਾਂ । ਵਿਜੀਲੈਂਸ ਬਿਊਰੋ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਹੈਲਪਲਾਈਨ ਰਾਹੀਂ ਭ੍ਰਿਸ਼ਟਾਚਾਰ ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਕਰਨ ਤਾਂ ਜੋ ਅਪਰਾਧੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ ।
Read More : 30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ