ਚੰਡੀਗੜ੍ਹ/ਤਰਨਤਾਰਨ, 31 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਸੰਗਠਿਤ ਅਪਰਾਧ ਵਿਰੁੱਧ ਇੱਕ ਵੱਡੀ ਸਫਲਤਾ ਵਿੱਚ, ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਪੰਜਾਬ ਨੇ ਤਰਨਤਾਰਨ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪੱਟੀ ਤਰਨਤਾਰਨ ਦੇ ਇੱਕ ਸੈਲੂਨ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ (Shooting incident) ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਪ੍ਰਭ ਦਾਸੂਵਾਲ-ਗੋਪੀ ਘਣਸ਼ਾਮਪੁਰ ਗੈਂਗ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਹ ਜਾਣਕਾਰੀ ਅੱਜ ਇੱਥੇ ਪੁਲਸ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਦਿੱਤੀ ।
ਤਿੰਨ ਪਿਸਤੌਲਾਂ ਬਰਾਮਦ
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗਾਂਧੀ, ਵਾਸੀ ਖਡੂਰ ਸਾਹਿਬ, ਤਰਨਤਾਰਨ ਅਤੇ ਜਸਕਰਨ ਉਰਫ ਕਰਨ, ਵਾਸੀ ਪਿੰਡ ਫੈਲੋਕੇ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ.30 ਬੋਰ ਦੇ ਤਿੰਨ ਦੇਸੀ ਪਿਸਤੌਲ ਵੀ ਬਰਾਮਦ ਕੀਤੇ ਹਨ । ਜਾਣਕਾਰੀ ਅਨੁਸਾਰ, 24 ਅਗਸਤ, 2025 ਨੂੰ ਰਾਤ 11.30 ਵਜੇ ਦੇ ਕਰੀਬ, ਤਿੰਨ ਬਾਈਕ ਸਵਾਰ ਵਿਅਕਤੀਆਂ ਨੇ ਪੱਟੀ ਤਰਨਤਾਰਨ ਦੇ ਇੱਕ ਸੈਲੂਨ ‘ਤੇ ਗੋਲੀਆਂ ਚਲਾਈਆਂ। ਸੈਲੂਨ ਦੇ ਮਾਲਕ ਨੂੰ ਪਿਛਲੇ ਕੁਝ ਮਹੀਨਿਆਂ ਤੋਂ ਅਣਪਛਾਤੇ ਮੋਬਾਈਲ ਨੰਬਰਾਂ ਤੋਂ ਫਿਰੌਤੀ ਲਈ ਕਾਲ ਆ ਰਹੇ ਸਨ।
ਗ੍ਰਿਫ਼ਤਾਰ ਵਿਅਕਤੀ ਗੈਂਗਸਟਰ ਪ੍ਰਭ ਦਾਸੂਵਾਲ ਦੇ ਸੰਪਰਕ ਵਿੱਚ ਸਨ, ਉਨ੍ਹਾਂ ਨੇ ਫਿਰੌਤੀ ਲਈ ਕੀਤੀ ਸੀ ਗੋਲੀਬਾਰੀ : ਡੀ. ਜੀ. ਪੀ. ਗੌਰਵ ਯਾਦਵ
ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਗੋਪੀ ਘਣਸਾਮਪੁਰੀਆ ਗੈਂਗ ਦੇ ਵਿਦੇਸ਼ੀ ਗੈਂਗਸਟਰ ਪ੍ਰਭ ਦਾਸੂਵਾਲ ਦੇ ਸੰਪਰਕ ਵਿੱਚ ਸਨ ਅਤੇ ਪੈਸੇ ਵਸੂਲਣ ਲਈ ਉਸਦੇ ਨਿਰਦੇਸ਼ਾਂ ‘ਤੇ ਗੋਲੀਬਾਰੀ ਕੀਤੀ ਸੀ । ਉਨ੍ਹਾਂ ਕਿਹਾ ਕਿ ਦੋਵੇਂ ਦੋਸ਼ੀ ਪੰਜਾਬ ਵਿੱਚ ਸਨਸਨੀਖੇਜ਼ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਅਕਸਰ ਆਪਣਾ ਸਥਾਨ ਬਦਲਦੇ ਰਹਿੰਦੇ ਸਨ । ਡੀ. ਜੀ. ਪੀ. ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਤਾਂ ਜੋ ਸਮੁੱਚੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ ।
ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਸੂਬੇ ਵਿੱਚ ਸਨਸਨੀਖੇਜ਼ ਅਪਰਾਧ ਕਰਨ ਦੀ ਸਾਜ਼ਿਸ਼ ਰਚ ਰਹੇ ਸਨ : ਏ. ਡੀ. ਜੀ. ਪੀ. ਏ. ਜੀ. ਟੀ. ਐਫ. ਪ੍ਰਮੋਦ ਬਾਨ
ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (Additional Director General of Police) (ਏ. ਡੀ. ਜੀ. ਪੀ.) ਏ. ਜੀ. ਟੀ. ਐਫ. ਪ੍ਰਮੋਦ ਬਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਦੋਵਾਂ ਸ਼ੱਕੀ ਅਪਰਾਧੀਆਂ ਬਾਰੇ ਰਾਜ ਵਿੱਚ ਸਨਸਨੀਖੇਜ਼ ਅਪਰਾਧ ਕਰਨ ਦੀ ਸਾਜ਼ਿਸ਼ ਰਚਣ ਸਬੰਧੀ ਵਿਸ਼ੇਸ਼ ਜਾਣਕਾਰੀ ਮਿਲੀ ਸੀ । ਉਨ੍ਹਾਂ ਕਿਹਾ ਕਿ ਇਸ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ. ਜੀ. ਟੀ. ਐਫ. ਪੰਜਾਬ ਦੀਆਂ ਟੀਮਾਂ ਨੇ ਤਰਨਤਾਰਨ ਪੁਲਿਸ ਨਾਲ ਮਿਲ ਕੇ ਸਰਹਾਲੀ ਰੋਡ, ਕੈਰੋਂ ਤਰਨਤਾਰਨ ਤੋਂ ਦੋਵਾਂ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕਰ ਲਿਆ ਹੈ ।
ਕਤਲ, ਚੋਰੀ ਅਤੇ ਅਸਲਾ ਐਕਟ ਆਦਿ ਵਰਗੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ ਗ੍ਰਿਫ਼ਤਾਰ ਕੀਤੇ ਅਪਰਾਧੀ : ਐਸ. ਐਸ. ਪੀ. ਤਰਨਤਾਰਨ ਦੀਪਕ ਪਾਰੀਕ
ਸੀਨੀਅਰ ਪੁਲਿਸ ਸੁਪਰਡੈਂਟ (ਐਸ. ਐਸ. ਪੀ.) ਤਰਨਤਾਰਨ ਦੀਪਕ ਪਾਰੀਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਖ਼ਿਲਾਫ਼ ਕਤਲ, ਚੋਰੀ ਅਤੇ ਅਸਲਾ ਐਕਟ ਆਦਿ ਦੇ ਕਈ ਮਾਮਲੇ ਦਰਜ ਹਨ । ਐਸ. ਐਸ. ਪੀ. ਨੇ ਕਿਹਾ ਕਿ ਇਸ ਸਬੰਧੀ ਕੇਸ ਥਾਣਾ ਸਿਟੀ ਪੱਟੀ ਤਰਨਤਾਰਨ ਵਿਖੇ ਭਾਰਤੀ ਨਿਆਂ ਸੰਹਿਤਾ (ਬੀ. ਐਨ. ਐਸ.) ਦੀਆਂ ਧਾਰਾਵਾਂ 125, 308(4) ਅਤੇ 324(2) ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫਆਈਆਰ ਨੰਬਰ 131 ਮਿਤੀ 25/08/2025 ਪਹਿਲਾਂ ਹੀ ਦਰਜ ਹੈ ।
Read More : ਡਿਪੋਰਟੇਸ਼ਨ ਦੇ ਮੁੱਦੇ ‘ਤੇ DGP ਗੌਰਵ ਯਾਦਵ ਦਾ ਵੱਡਾ ਐਕਸ਼ਨ, ਚਾਰ ਮੈਂਬਰੀ ਕਮੇਟੀ ਦਾ ਕੀਤਾ ਗਠਨ