ਮਹਾਰਾਸ਼ਟਰ ‘ਚ ਲੜਕੀਆਂ ਨਾਲ ਜਿਨਸੀ ਸ਼ੋਸ਼ਣ , ਗੁੱਸੇ ‘ਚ ਆਈ ਭੀੜ ਨੇ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤੀਆਂ ਰੇਲ ਗੱਡੀਆਂ
ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦੇ ਮਾਮਲੇ ‘ਚ ਹਲੇ ਇਨਸਾਫ਼ ਨਹੀਂ ਮਿਲਿਆ ਕਿ ਇਸ ਦੇ ਵਿਚਕਾਰ ਕਈ ਹੋਰ ਨਵੇਂ ਤੋਂ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ | ਦਰਅਸਲ , ਮਹਾਰਾਸ਼ਟਰ ਦੇ ਬਦਲਾਪੁਰ ਦੇ ਇੱਕ ਸਕੂਲ ਵਿੱਚ 3 ਅਤੇ 4 ਸਾਲ ਦੀਆਂ ਦੋ ਲੜਕੀਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਗੁੱਸੇ ‘ਚ ਆਈ ਭੀੜ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਭੀੜ ਨੇ ਪਹਿਲਾਂ ਸਕੂਲ ਦੀ ਭੰਨਤੋੜ ਕੀਤੀ, ਫਿਰ ਬਦਲਾਪੁਰ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀਆਂ ਰੋਕ ਦਿੱਤੀਆਂ। ਪੁਲੀਸ ਨੇ ਲਾਠੀਚਾਰਜ ਕਰਕੇ ਰੇਲਵੇ ਟਰੈਕ ਖਾਲੀ ਕਰਵਾ ਦਿੱਤਾ ਹੈ ।
ਲੋਕਲ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ
ਦੱਸ ਦਈਏ ਕਿ ਰੇਲਵੇ ਸਟੇਸ਼ਨ ਦੀਆਂ ਪਟੜੀਆਂ ‘ਤੇ ਸਵੇਰ ਤੋਂ ਹੀ ਭੀੜ ਇਕੱਠੀ ਹੋ ਗਈ ਸੀ। ਇਸ ਕਾਰਨ ਲੋਕਲ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ। ਇਸ ਤੋਂ ਪਹਿਲਾਂ ਪੁਲਿਸ ਨੇ ਭੀੜ ਨੂੰ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਤੋਂ ਬਾਅਦ ਲੋਕਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਘਟਨਾ ‘ਚ ਕਈ ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਅਨੁਸਾਰ 23 ਸਾਲਾ ਦੋਸ਼ੀ ਨੇ 16 ਅਗਸਤ ਨੂੰ ਸਕੂਲ ਦੇ ਬਾਥਰੂਮ ‘ਚ ਲੜਕੀਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ। ਲੜਕੀਆਂ ਦੇ ਮਾਪਿਆਂ ਨੇ ਇੱਕ ਦਿਨ ਬਾਅਦ (17 ਅਗਸਤ) ਨੂੰ FIR ਦਰਜ ਕਰਵਾਈ।
ਜਿਸ ਤੋਂ ਬਾਅਦ ਪੁਲਿਸ ਨੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਅਕਸ਼ੈ ਸ਼ਿੰਦੇ ਨੂੰ ਗ੍ਰਿਫਤਾਰ ਕਰ ਲਿਆ ਹੈ। ਇਲਾਕੇ ਦੀ ਮਹਿਲਾ ਇੰਸਪੈਕਟਰ ਸ਼ੁਭਦਾ ਸ਼ਿਤੋਲੇ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ, ਕਲਾਸ ਟੀਚਰ ਅਤੇ ਇੱਕ ਮਹਿਲਾ ਕਰਮਚਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਮਾਮਲੇ ਦੀ ਜਾਂਚ ਲਈ SIT ਦਾ ਕੀਤਾ ਗਠਨ
ਸਰਕਾਰ ਨੇ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਹੈ। ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ‘ਚ ਕਰਨ ਲਈ ਕਿਹਾ ਗਿਆ ਹੈ। ਠਾਣੇ ਦੇ ਬਦਲਾਪੁਰ ਰੇਲਵੇ ਟਰੈਕ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਕਾਰਨ ਪ੍ਰਦਰਸ਼ਨਕਾਰੀਆਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਪੁਲਿਸ ਨੇ ਰੇਲਵੇ ਸਟੇਸ਼ਨ ਨੂੰ ਕਾਬੂ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਲੋਕਾਂ ਨੇ ਸਕੂਲ ਦੇ ਅੰਦਰ ਦਾਖਲ ਹੋ ਕੇ ਪ੍ਰਦਰਸ਼ਨ ਕੀਤਾ ਅਤੇ ਭੰਨਤੋੜ ਕੀਤੀ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਸਵੇਰੇ 9 ਵਜੇ ਤੋਂ ਸ਼ੁਰੂ ਹੋਏ ਲੋਕਾਂ ਦੇ ਵਿਰੋਧ ਕਾਰਨ ਕਲਿਆਣ-ਬਦਲਾਪੁਰ ਲੋਕਲ ਟਰੇਨ ਸੇਵਾ ਠੱਪ ਹੋ ਗਈ ਹੈ। ਇਸ ਦੇ ਵਿਰੋਧ ਵਿੱਚ ਕਈ ਜਥੇਬੰਦੀਆਂ ਨੇ ਅੱਜ ਬਦਲਾਪੁਰ ਬੰਦ ਦਾ ਐਲਾਨ ਕੀਤਾ ਹੈ।
ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਕੀਤੀ ਜਾ ਰਹੀ ਮੰਗ
ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ- 10 ਸਾਲ ਪਹਿਲਾਂ ਦਿੱਲੀ ‘ਚ ਨਿਰਭਯਾ ਕਾਂਡ ਹੋਇਆ ਸੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੀ ਸੀ, ਪਰ ਕਿੰਨਾ ਸਮਾਂ ਬਾਅਦ? ਨਿਆਂ ਵਿੱਚ ਦੇਰੀ ਕਰਨ ਵਾਲਿਆਂ ਨੂੰ ਵੀ ਦੋਸ਼ੀ ਠਹਿਰਾਇਆ ਜਾਣਾ ਚਾਹੀਦਾ ਹੈ। ਇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ। ਮਹਾਰਾਸ਼ਟਰ ‘ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ ਨੇ ਦੋਸ਼ ਲਗਾਇਆ ਹੈ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਰਹੀ ਹੈ। ਕਾਂਗਰਸ ਨੇਤਾ ਨੇ ਕਿਹਾ- ਇਹ ਘਟਨਾ ਮਹਾਰਾਸ਼ਟਰ ਲਈ ਸ਼ਰਮਨਾਕ ਹੈ। ਹਰ ਕੋਈ ਮੰਗ ਕਰ ਰਿਹਾ ਹੈ ਕਿ ਕੇਸ ਦੀ ਸੁਣਵਾਈ ਤੇਜ਼ ਹੋਵੇ ਅਤੇ ਦੋਸ਼ੀਆਂ ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਫਾਂਸੀ ਦਿੱਤੀ ਜਾਵੇ।
ਪੁਲਿਸ ਨੂੰ ਮਾਮਲਾ ਦਰਜ ਕਰਨ ਲਈ 12 ਘੰਟੇ ਕਿਉਂ ਲੱਗੇ?
ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਨੇ ਸੋਸ਼ਲ ਮੀਡੀਆ ‘ਤੇ ਲਿਖਿਆ- ਬਦਲਾਪੁਰ ਦੇ ਸਕੂਲ ਵਿੱਚ ਛੋਟੀਆਂ ਬੱਚੀਆਂ ਨਾਲ ਵਾਪਰੀ ਘਟਨਾ ਹੈਰਾਨ ਕਰਨ ਵਾਲੀ ਹੈ। ਪੁਲਿਸ ਨੂੰ ਮਾਮਲਾ ਦਰਜ ਕਰਨ ਲਈ 12 ਘੰਟੇ ਕਿਉਂ ਲੱਗੇ? ਇੱਕ ਪਾਸੇ ਕਾਨੂੰਨ ਦਾ ਰਾਜ ਕਹਿੰਦੇ ਹਨ ਅਤੇ ਦੂਜੇ ਪਾਸੇ ਪੁਲਿਸ ਦੀ ਇਹ ਕਿਹੋ ਜਿਹੀ ਢਿੱਲ ਹੈ? ਮਹਾਰਾਸ਼ਟਰ ਦੇ ਮੇਰੇ ਸੈਨਿਕਾਂ ਨੇ ਇਹ ਮੁੱਦਾ ਉਠਾਇਆ ਹੈ। ਮੈਂ ਮਹਾਰਾਸ਼ਟਰ ਦੇ ਸੈਨਿਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਤੱਕ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀਂ ਮਿਲ ਜਾਂਦੀਆਂ, ਤੁਸੀਂ ਇਨ੍ਹਾਂ ਮਾਮਲਿਆਂ ‘ਤੇ ਆਪਣਾ ਧਿਆਨ ਰੱਖੋ।
ਇਹ ਵੀ ਪੜ੍ਹੋ : ਮੰਤਰੀ ਲਾਲਚੰਦ ਨੇ ਸ਼ੁਰੂ ਕੀਤਾ ਪ੍ਰਾਜੈਕਟ ,ਪੰਜਾਬ ‘ਚ ਹੁਣ ਡਰੋਨ ਰਾਹੀਂ ਲਗਾਏ ਜਾਣਗੇ ਪੌਦੇ
ਸਪਾ ਨੇਤਾ ਅਬੂ ਆਜ਼ਮੀ ਨੇ ਕਿਹਾ ਕਿ ਦੇਸ਼ ‘ਚ ਹਰ ਰੋਜ਼ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਬਦਲਾਪੁਰ ‘ਚ 4 ਸਾਲ ਦੀਆਂ ਦੋ ਬੱਚੀਆਂ ‘ਤੇ ਜਿਨਸੀ ਸ਼ੋਸ਼ਣ ਦੀ ਖਬਰ ਸਾਹਮਣੇ ਆਈ ਹੈ। ਜੇਕਰ ਇਸ ਨੂੰ ਰੋਕਣਾ ਹੈ ਤਾਂ ਦੋਸ਼ੀਆਂ ਨੂੰ ਸ਼ਰੇਆਮ ਫਾਂਸੀ ਦਿੱਤੀ ਜਾਵੇ।