ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਜੁਲਾਈ 2025 : ਮੋਹਾਲੀ ਪੁਲਿਸ (Mohali Police) ਨੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੌਰਾਨ 06 ਵਿਅਕਤੀਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ ।
ਸੈਂਟਰ ਕੀਤਾ ਗਿਆ ਸੀ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ
ਕਪਤਾਨ ਪੁਲਿਸ (ਪੀ. ਬੀ. ਆਈ.) ਦੀਪਿਕਾ ਸਿੰਘ (Superintendent of Police (P. B. I.) Deepika Singh) ਅਨੁਸਾਰ ਇਹ ਗੈਰ ਕਾਨੂੰਨੀ ਕਾਲ ਸੈਂਟਰ (Illegal call center) ਇੰਡਸਟਰੀਅਲ ਏਰੀਆ, ਫੇਸ 8-ਬੀ, ਮੋਹਾਲੀ ਵਿੱਚ, ਰੋਹਿਤ ਮਹਿਰਾ ਨਾਂ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ । ਇਹ ਸੈਂਟਰ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ, ਪਰ ਇੰਨੇ ਥੋੜ੍ਹੇ ਸਮੇਂ ਵਿੱਚ ਹੀ ਇਹ ਗਿਰੋਹ ਕਰੀਬ 20,000 ਡਾਲਰ (ਅੰਦਾਜ਼ਨ 16 ਲੱਖ ਰੁਪਏ) ਦੀ ਠੱਗੀ ਕਰ ਚੁੱਕਾ ਸੀ ।
6 ਦੋਸ਼ੀਆਂ ਨੂੰ 6 ਲੈਪਟਾਪ ਅਤੇ 3 ਮੋਬਾਇਲ ਫੋਨਾਂ ਸਮੇਤ ਕੀਤਾ ਗਿਆ ਗ੍ਰਿਫਤਾਰ
ਉਨ੍ਹਾਂ ਦੱਸਿਆ ਕਿ ਐਸ. ਐਸ. ਪੀ. ਹਰਮਨਦੀਪ ਸਿੰਘ ਹਾਂਸ (S. S. P. Harmandeep Singh Hans) ਦੇ ਨਿਰਦੇਸ਼ਾਂ ਤੇ ਅਜਿਹੇ ਅਨਸਰਾਂ ਵਿਰੁੱਧ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੌਕੇ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 6 ਦੋਸ਼ੀਆਂ ਨੂੰ 6 ਲੈਪਟਾਪ ਅਤੇ 3 ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ । ਇਹ ਦੋਸ਼ੀ ਵਿਦੇਸ਼ੀ ਨਾਗਰਿਕਾਂ ਨੂੰ ਗੂਗਲ ਐਡ ਰਾਹੀਂ ਆਪਣੇ ਜਾਲ ਵਿੱਚ ਫਸਾਉਂਦੇ ਸਨ ਅਤੇ ਝੂਠੇ ਮੈਸੇਜਾਂ ਜਾਂ ਪਾਪ-ਅੱਪਸ ਰਾਹੀਂ ਇਹ ਦੱਸਦੇ ਸਨ ਕਿ ਉਨ੍ਹਾਂ ਦੇ ਕੰਪਿਊਟਰ ਜਾਂ ਲੈਪਟਾਪ ਵਿੱਚ ਤਕਨੀਕੀ ਖ਼ਾਮੀ ਆ ਗਈ ਹੈ ।
ਆਪਣੇ ਨੰਬਰਾਂ ‘ਤੇ ਕਰਵਾਈ ਜਾਂਦੀ ਸੀ ਕਾਲ
ਉਨ੍ਹਾਂ ਦੱਸਿਆ ਕਿ ਫ਼ਿਰ ਉਨ੍ਹਾਂ ਤੋਂ ਆਪਣੇ ਨੰਬਰਾਂ ‘ਤੇ ਕਾਲ ਕਰਵਾਈ ਜਾਂਦੀ ਸੀ, ਠੱਗੀ ਦੇ ਜਾਲ਼ ਵਿੱਚ ਫਸੇ ਵਿਅਕਤੀਆਂ ਤੋਂ ਐਂਟੀ-ਵਾਇਰਸ ਜਾਂ ਸਿਸਟਮ ਅੱਪਡੇਟ ਦੇ ਨਾਂ ‘ਤੇ ਐਪਲ ਜਾਂ ਵਾਲਮਾਰਟ ਗਿਫਟ ਕਾਰਡ ਖਰੀਦਣ ਲਈ ਕਿਹਾ ਜਾਂਦਾ ਸੀ, ਜਿਸ ਦੇ ਕੋਡ ਲੈ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਸੀ । ਇਸ ਕਾਲ ਸੈਂਟਰ ਦਾ ਮਾਸਟਰ ਮਾਈਡ ਐਲਕਸ ਨਾਮ ਦਾ ਵਿਅਕਤੀ ਹੈ, ਜੋ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ । ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।
ਕਿਸ ਕਿਸ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ
ਇਸ ਸਬੰਧੀ ਮੁਕੱਦਮਾ ਨੰ. 193, 9 ਜੁਲਾਈ 2025 ਧਾਰਾਵਾਂ 318(4), 61(2) ਬੀ. ਐੱਨ. ਐੱਸ. ਥਾਣਾ ਫੇਸ 1, ਐੱਸ. ਏ. ਐੱਸ. ਨਗਰ ਵਿਖੇ ਦਰਜ ਕੀਤਾ ਗਿਆ ਹੈ । ਗ੍ਰਿਫਤਾਰ ਦੋਸ਼ੀਆਂ ਵਿੱਚ ਰੋਹਿਤ ਮਹਿਰਾ ਪੁੱਤਰ ਸੁਭਾਸ਼ ਕੁਮਾਰ-ਭਾਗ ਕਲਾਂ, ਲੁਧਿਆਣਾ, ਅਨਵਰ ਰੋਡਰਿਕਸ ਪੁੱਤਰ ਵਿਲਫਰੈਂਡ-ਗੋਆ, ਹਾਲ ਵਾਸੀ ਜ਼ੀਰਕਪੁਰ, ਸੋਮਦੇਵ ਪੁੱਤਰ ਦੋਬਾਸੀਸ- ਕਲਕੱਤਾ, ਹਾਲ ਵਾਸੀ ਜ਼ੀਰਕਪੁਰ, ਬੁੱਧਾ ਭੂਸ਼ਨ ਕਮਲੇ ਪੁੱਤਰ ਸਾਹਿਬ-ਪੂਨੇ, ਹਾਲ ਵਾਸੀ ਜ਼ੀਰਕਪੁਰ, ਐਥਨੀ ਗੌਮਸ ਪੁੱਤਰ ਰੇਸਮੀ-ਕਲਕੱਤਾ, ਹਾਲ ਵਾਸੀ ਜ਼ੀਰਕਪੁਰ ਅਤੇ ਜੀਤੇਸ਼ ਕੁਮਾਰ ਪੁੱਤਰ ਦਵਿੰਦਰ-ਲੁਧਿਆਣਾ ਸ਼ਾਮਿਲ ਹਨ ।
ਬਰਾਮਦ ਹੋਏ ਲੈਪਟਾਪ, ਮੋਬਾਇਲ ਫੋਨ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਹੈ ਜਾਰੀ
ਉਨ੍ਹਾਂ ਅੱਗੇ ਦੱਸਿਆ ਕਿ ਬਰਾਮਦ ਹੋਏ 6 ਲੈਪਟਾਪ, 3 ਮੋਬਾਇਲ ਫੋਨ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਜਾਰੀ ਹੈ । ਐਸ, ਪੀ. ਅਨੁਸਾਰ ਮੋਹਾਲੀ ਪੁਲਿਸ ਵੱਲੋਂ ਇਸ ਵੱਡੀ ਠੱਗੀ ਨੂੰ ਬੇਨਕਾਬ ਕਰਕੇ ਸਾਬਤ ਕੀਤਾ ਗਿਆ ਹੈ ਕਿ ਸਾਈਬਰ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਜਾਰੀ ਰੱਖੀ ਜਾਵੇਗੀ । ਇਨ੍ਹਾਂ ਦੇ ਬੈਂਕ ਲੈਣ-ਦੇਣ ਅਤੇ ਡਾਟਾ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ । ਇਸ ਮੌਕੇ ਡੀ. ਐੱਸ. ਪੀ. (ਸਿਟੀ -1) ਪ੍ਰਿਥਵੀ ਸਿੰਘ ਰੰਧਾਵਾ ਅਤੇ ਡੀ. ਐੱਸ. ਪੀ. (ਸਾਈਬਰ ਕ੍ਰਾਈਮ ਅਤੇ ਫੋਰੇਂਸਿਕ) ਸ਼੍ਰੀਮਤੀ ਰੁਪਿੰਦਰ ਦੀਪ ਕੌਰ ਸੋਹੀ ਵੀ ਮੌਜੂਦ ਸਨ ।
Read More : ਮੋਹਾਲੀ ਪੁਲਿਸ ਨੇ IPL ਟਿਕਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ