ਕੈਮਿਸਟ ਸ਼ਾਪ ’ਤੇ ਹੋਈ ਲੁੱਟ-ਖੋਹ.. ਸੈਸ਼ਨ ਛੱਡ ਹਾਲ ਜਾਨਣ ਪਹੁੰਚ ਗਏ MP ਚਰਨਜੀਤ ਸਿੰਘ ਚੰਨੀ
ਜਲੰਧਰ ਦੇ ਕੰਪਨੀ ਬਾਗ ਚੌਕ ‘ਚ ਕੈਮਿਸਟ ਸ਼ਾਪ ’ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਇੰਪੀਰੀਅਲ ਮੈਡੀਕਲ ਸਟੋਰ ਦੇ ਮਾਲਕ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਇੱਕ ਰੈਸਟੋਰੈਂਟ ਵਿੱਚ ਲੁੱਟ ਦੀ ਵਾਰਦਾਤ ਹੋਈ, ਹੁਣ ਇੱਕ ਮੈਡੀਕਲ ਸਟੋਰ ਵਿੱਚ ਲੁੱਟ ਦੀ ਵਾਰਦਾਤ ਹੋਈ ਹੈ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ।
ਪੰਜਾਬ ਸਰਕਾਰ ਜਨਤਾ ਦੀ ਸੁਰੱਖਿਆ ਕਰਨ ਵਿੱਚ ਲਾਪਰਵਾਹ
ਜੇਕਰ ਪੈਸੇ ਦੀ ਬਜਾਏ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀ ਸੁਰੱਖਿਆ ਕਰਨ ਵਿੱਚ ਪੂਰੀ ਤਰ੍ਹਾਂ ਲਾਪਰਵਾਹ ਅਤੇ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਦੁਕਾਨਦਾਰ ਨੂੰ ਹਥਿਆਰ ਦੀ ਲੋੜ ਹੈ ਤਾਂ ਉਹ ਅਧਿਕਾਰੀਆਂ ਨਾਲ ਵੀ ਸੰਪਰਕ ਕਰਨ ਤਾਂ ਜੋ ਉਹ ਦੁਕਾਨਦਾਰਾਂ ਨੂੰ ਸਵੈ-ਰੱਖਿਆ ਲਈ ਅਸਲਾ ਲਾਇਸੈਂਸ ਬਣਵਾ ਸਕਣ।
ਅੰਮ੍ਰਿਤਪਾਲ ਦਾ ਡਿਬਰੂਗੜ੍ਹ ਜੇਲ੍ਹ ’ਚੋਂ ਬਾਹਰ ਆਉਣਾ ਬੇਹੱਦ ਜ਼ਰੂਰੀ
ਉਨ੍ਹਾਂ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਚੋਣਾਂ ਵਿੱਚ ਖੜ੍ਹਾ ਸੀ ਤਾਂ ਸਰਕਾਰ ਨੇ ਇਹ ਕਿਉਂ ਨਹੀਂ ਦੇਖਿਆ ਅਤੇ ਉਸ ਸਮੇਂ ਇਤਰਾਜ਼ ਕਿਉਂ ਨਹੀਂ ਕੀਤਾ। ਇਸ ਲਈ ਅੱਜ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਅੰਮ੍ਰਿਤਪਾਲ ਦਾ ਡਿਬਰੂਗੜ੍ਹ ਜੇਲ੍ਹ ’ਚੋਂ ਬਾਹਰ ਆਉਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਖਡੂਰ ਸਾਹਿਬ ਦੇ ਮਸਲੇ ਹੱਲ ਕਰਵਾਏ ਜਾ ਸਕਣ।