ਚੰਡੀਗੜ੍ਹ/ਅੰਮ੍ਰਿਤਸਰ, 31 ਅਗਸਤ 2025 : ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਪਠਾਨਕੋਟ, ਸੀ. ਆਈ. ਲੁਧਿਆਣਾ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ. ਐਸ. ਓ. ਸੀ.) ਅੰਮ੍ਰਿਤਸਰ ਨੇ ਸਾਂਝੇ ਤੌਰ ‘ਤੇ ਬੱਬਰ ਖਾਲਸਾ ਇੰਟਰਨੈਸ਼ਨਲ (Babbar Khalsa International) (ਬੀ. ਕੇ. ਆਈ.) ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਸੂਬੇ ਵਿੱਚ ਹੋਣ ਵਾਲੀਆਂ ਅੱਤਵਾਦੀ ਗਤੀਵਿਧੀਆਂ (Terrorist activities) ਨੂੰ ਨਾਕਾਮ ਕਰ ਦਿੱਤਾ । ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ ।
ਦੋ ਬੀ. ਕੇ. ਆਈ. ਕਾਰਕੁਨ ਹੈਂਡ ਗ੍ਰਨੇਡ ਅਤੇ ਪਿਸਤੌਲ ਸਮੇਤ ਗ੍ਰਿਫ਼ਤਾਰ
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ (Identity of the arrested persons) ਸਰਵਣ ਕੁਮਾਰ, ਵਾਸੀ ਪਿੰਡ ਮੱਲ੍ਹੀਆਂ, ਗੁਰਦਾਸਪੁਰ ਅਤੇ ਬਲਵਿੰਦਰ ਸਿੰਘ, ਵਾਸੀ ਜਕੜੀਆ, ਗੁਰਦਾਸਪੁਰ ਵਜੋਂ ਹੋਈ ਹੈ । ਤਲਾਸ਼ੀ ਦੌਰਾਨ ਪੁਲਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਆਰਗੇਸ ਹੈਂਡ ਗ੍ਰਨੇਡ ਅਤੇ ਤਿੰਨ ਜ਼ਿੰਦਾ ਕਾਰਤੂਸ ਸਮੇਤ .30 ਬੋਰ ਸਟਾਰ ਮਾਰਕ ਦਾ ਪਿਸਤੌਲ ਬਰਾਮਦ ਕੀਤਾ ਹੈ । ਦੱਸਣਯੋਗ ਹੈ ਕਿ ਇਹ ਕਾਰਵਾਈ, ਸੀਆਈ ਪਠਾਨਕੋਟ ਨੇ ਦੋ ਨਾਬਾਲਗਾਂ ਸਮੇਤ ਚਾਰ ਮੈਂਬਰਾਂ ਵਾਲੇ ਇੱਕੋ ਨੈੱਟਵਰਕ ਦੇ ਮਾਡਿਊਲ ਦਾ ਪਰਦਾਫਾਸ਼ ਕਰਕੇ ਟਾਰਗੇਟ ਕਿਲਿੰਗ ਨੂੰ ਟਾਲਣ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ .30 ਬੋਰ ਸਟਾਰ ਮਾਰਕ ਪਿਸਤੌਲ ਬਰਾਮਦ ਕਰਨ ਦੇ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਅਮਲ ‘ਚ ਲਿਆਂਦੀ ਗਈ ਹੈ ।
ਬੀ. ਕੇ. ਆਈ. ਸਮਰਥਿਤ ਵਿਦੇਸ਼ੀ ਕਾਰਕੁਨ ਗ੍ਰਿਫ਼ਤਾਰ ਵਿਅਕਤੀਆਂ ਨੂੰ ਸੂਬੇ ਵਿੱਚ ਅੱਤਵਾਦੀ ਗਤੀਵਿਧੀਆਂ ਕਰਨ ਲਈ ਨਿਰਦੇਸ਼ਤ ਕਰ ਰਹੇ ਸਨ : ਡੀ. ਜੀ. ਪੀ. ਗੌਰਵ ਯਾਦਵ
ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ, ਜਿਨ੍ਹਾਂ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਮਰਥਨ ਪ੍ਰਾਪਤ ਹੈ, ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵਿਚੋਲੇ ਜ਼ਰੀਏ ਇਨ੍ਹਾਂ ਹੈਂਡਲਰਾਂ ਨਾਲ ਜਾਣੂ ਕਰਵਾਇਆ ਗਿਆ ਸੀ । ਡੀ. ਜੀ. ਪੀ. ਨੇ ਕਿਹਾ ਕਿ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਨਾਲ ਜੁੜੇ ਹੋਰਨਾਂ ਮੈਂਬਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਫੜਨ ਲਈ ਕੋਸ਼ਿਸ਼ ਜਾਰੀ ਹੈ ।
ਮਾਡਿਊਲ ਦੇ ਬਾਕੀ ਸਾਥੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਜਾਰੀ : ਏ. ਆਈ. ਜੀ. ਸੀ. ਆਈ. ਸੁਖਮਿੰਦਰ ਮਾਨ
ਹੋਰ ਵੇਰਵੇ ਸਾਂਝੇ ਕਰਦਿਆਂ ਏ. ਆਈ. ਜੀ. ਸੀ. ਆਈ. ਪਠਾਨਕੋਟ (A. I. G. C. I. Pathankot) ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵੱਖ-ਵੱਖ ਸੁਰੱਖਿਆ ਅਦਾਰਿਆਂ ਦੀ ਰੇਕੀ ਕਰਨ ਅਤੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਉਨ੍ਹਾਂ ਨੂੰ ਵਿਸਫੋਟਕ ਅਤੇ ਫੰਡ ਮੁਹੱਈਆ ਕਰਵਾਏ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਇਨਕ੍ਰਿਪਟਡ ਐਪਸ ਅਤੇ ਵਰਚੁਅਲ ਫ਼ੋਨ ਨੰਬਰਾਂ ਦੀ ਵਰਤੋਂ ਕਰਕੇ ਆਪਣੇ ਹੈਂਡਲਰਾਂ ਨਾਲ ਸੰਚਾਰ ਕਰ ਰਹੇ ਸਨ ।
ਗ੍ਰਿਫ਼ਤਾਰ ਵਿਅਕਤੀਆਂ ਦੁਆਰਾ ਕੀਤੇ ਗਏ ਪਿਛਲੇ ਅਪਰਾਧਾਂ ਦੀ ਜਾਂਚ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ
ਏ. ਆਈ. ਜੀ. ਨੇ ਕਿਹਾ ਕਿ ਇਸ ਬੀ. ਕੇ. ਆਈ. ਸਮਰਥਿਤ ਸਮੁੱਚੇ ਨੈੱਟਵਰਕ ਦਾ ਪਤਾ ਲਗਾਉਣ ਅਤੇ ਗ੍ਰਿਫ਼ਤਾਰ ਵਿਅਕਤੀਆਂ ਦੁਆਰਾ ਕੀਤੇ ਗਏ ਪਿਛਲੇ ਅਪਰਾਧਾਂ ਦੀ ਜਾਂਚ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਸਬੰਧੀ ਕੇਸ ਪੁਲਿਸ ਸਟੇਸ਼ਨ ਐਸ. ਐਸ. ਓ. ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25, ਭਾਰਤੀ ਨਿਆਂ ਸੰਹਿਤਾ (ਬੀ. ਐਨ. ਐਸ.) ਦੀ ਧਾਰਾ 61 (2) ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਐਫਆਈਆਰ ਨੰਬਰ 48 ਮਿਤੀ 30.08.2025 ਨੂੰ ਦਰਜ ਕੀਤਾ ਗਿਆ ਹੈ ।
Read More : ਬੱਬਰ ਖਾਲਸਾ ਦੇ 3 ਮੈਂਬਰ ਗ੍ਰਿਫ਼ਤਾਰ: ਅੱਤਵਾਦੀ ਰਿੰਦਾ ਸੀ ਹੈਂਡਲਰ, 2 ਹੈਂਡ ਗ੍ਰਨੇਡ-ਗਲੋਕ ਪਿਸਤੌਲ ਬਰਾਮਦ