ਐੱਸ. ਏ. ਐੱਸ. ਨਗਰ, 18 ਜੁਲਾਈ 2025 : ਐਸ. ਐਸ.ਪੀ. ਹਰਮਨਦੀਪ ਹਾਂਸ (S. S.P. Harmandeep Hans) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਅਤੇ ਡੀ. ਆਈ. ਜੀ. ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਈਬਰ ਕ੍ਰਾਈਮ ਕਰਨ ਵਾਲੇ ਵਿਅਕਤੀਆ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਡੀ. ਐਸ. ਪੀ. ਰੁਪਿੰਦਰਦੀਪ ਕੌਰ ਸੋਹੀ (D. S. P. Rupinderdeep Kaur Sohi) ਦੀ ਅਗਵਾਈ ਹੇਠ ਐਸ. ਏ. ਐਸ. ਨਗਰ ਦੀ ਸਾਇਬਰ ਕਰਾਇਮ ਪੁਲਿਸ (Cyber Crime Police) ਵੱਲੋਂ ਇੱਕ ਵੱਡੇ ਠੱਗੀ ਰੈਕਟ ਦਾ ਪਰਦਾਫਾਸ਼ ਕੀਤਾ ਗਿਆ ਹੈ ।
ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ ਇਹ ਗਿਰੋਹ
ਉੁਨ੍ਹਾਂ ਦੱਸਿਆ ਕਿ ਉਕਤ ਆਨ-ਲਾਈਨ ਗੇਮਿੰਗ ਐਪ (Online gaming app) ਰਾਹੀਂ ਲੋਕਾਂ ਨੂੰ ਵੱਡਾ ਮੁਨਾਫਾ ਕਮਾਉਣ ਦੇ ਲਾਲਚ `ਚ ਠੱਗਣ ਵਾਲੇ ਗਿਰੋਹ ਨੂੰ ਕਾਬੂ ਕੀਤਾ ਗਿਆ ਹੈ । ਇਹ ਗਿਰੋਹ ਭਾਰਤ ਭਰ ਦੇ ਭੋਲੇ-ਭਾਲੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕਰੀਬ 18 ਕਰੋੜ ਰੁਪਏ ਦੀ ਠੱਗੀ ਕਰ ਚੁੱਕਾ ਸੀ । ਉਨ੍ਹਾਂ ਦੱਸਿਆ ਕਿ ਸਾਈਬਰ ਪੁਲਸ ਨੂੰ ਖ਼ੁਫੀਆ ਸੂਚਨਾ ਮਿਲਣ `ਤੇ ਖਰੜ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਇਲਾਕਿਆਂ (ਕੋਈਆਨ ਸਿਟੀ ਹੋਮਜ਼ ਗਿਲਕੋ ਵੈਲੀ, ਰੋਇਲ ਅਪਾਰਟਮੈਂਟ) `ਚ ਰੇਡ ਕੀਤੀਆਂ ਗਈਆਂ । ਇਸ ਦੌਰਾਨ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਵੱਡੀ ਮਾਤਰਾ `ਚ ਤਕਨੀਕੀ ਅਤੇ ਵਿੱਤੀ ਸਮਾਨ ਬਰਾਮਦ ਹੋਇਆ ।
ਗਿਰੋਹ ਕੋਲੋਂ ਕੀ ਕੀ ਕੀਤਾ ਬਰਾਮਦ
5 ਲੈਪਟਾਪ, 51 ਮੋਬਾਇਲ ਫੋਨ, 70 ਸਿਮ ਕਾਰਡ
127 ਬੈਂਕ ਏ.ਟੀ.ਐਮ. ਕਾਰਡ, 2,50,000 ਨਕਦ ਰਕਮ
ਕੀ ਸੀ ਠੱਗੀ ਦਾ ਤਰੀਕਾ :
ਐਸ. ਐਸ.ਪੀ. ਹਰਮਨਦੀਪ ਹਾਂਸ ਨੇ ਦੱਸਿਆ ਕਿ ਦੋਸ਼ੀਆਂ ਵੱਲੋਂ ਵੈਬਸਾਈਟ ਰਾਹੀਂ ਆਨ-ਲਾਈਨ ਗੇਮ ਖੇਡਣ ਅਤੇ ਵੱਡਾ ਮੁਨਾਫਾ ਜਿੱਤਣ ਦੇ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਲੁਭਾਇਆ ਜਾਂਦਾ ਸੀ। ਪਹਿਲਾਂ ਲੋਕਾਂ ਨੂੰ ਵਟਸਐੱਪ ਰਾਹੀਂ ਜਾਅਲੀ ਡੈਮੋ ਵਿਖਾ ਕੇ ਆਈ. ਡੀ. ਬਣਾਉਣ ਲਈ ਲਾਲਚ ਦਿੱਤਾ ਜਾਂਦਾ ਸੀ। ਫਿਰ ਉਨ੍ਹਾਂ ਨੂੰ ਇੱਕ ਲਿੰਕ ਭੇਜ ਕੇ ਵੈੱਬਸਾਈਟ `ਤੇ ਲਾਗਇਨ ਕਰਵਾ ਕੇ ਵੱਖ-ਵੱਖ ਖਾਤਿਆਂ ਰਾਹੀਂ ਵੱਡੀਆਂ ਰਕਮਾਂ ਟਰਾਂਸਫਰ ਕਰਵਾਈ ਜਾਂਦੀਆਂ ਸਨ।
ਉਨ੍ਹਾਂ ਦੱਸਿਆ ਕਿ ਇਹ ਗਰੋਹ ਖਰੜ ਵਿੱਚ ਦੋ ਅਲੱਗ-ਅਲੱਗ ਠਿਕਾਣਿਆਂ ਤੋਂ ਇਹ ਠੱਗੀ ਚਲਾ ਰਿਹਾ ਸੀ।ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦਾ ਮਾਸਟਰਮਾਈਂਡ “ਵਿਜੈ” ਨਾਂ ਦਾ ਵਿਅਕਤੀ ਹੈ, ਜੋ ਅਜੇ ਫਰਾਰ ਹੈ ਅਤੇ ਜਿਸ ਦੀ ਗ੍ਰਿਫਤਾਰੀ ਲਈ ਕਾਢ ਜਾਰੀ ਹੈ।
ਐਸ. ਐਸ.ਪੀ. ਹਰਮਨਦੀਪ ਹਾਂਸ ਨੇ ਦੱਸਿਆ ਕਿ ਗਿਰੋਹ ਦੇ ਮੈਂਬਰਾਂ ਵਿਰੁੱਧ ਵੱਖ-ਵੱਖ ਧਾਰਾਵਾਂ 318 (4) ਬੀ. ਐਨ. ਐਸ. ਅਤੇ 66 ਆਈ. ਟੀ. ਐਕਟ ਤਹਿਤ ਥਾਣਾ ਸਾਈਬਰ ਕਰਾਈਮ ਐਸ. ਏ. ਐਸ. ਨਗਰ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵਿਚ
ਪੰਕਜ ਗੋਸਵਾਮੀ ਵਾਸੀ ਜਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ, ਤੈਵਨ ਕੁਮਾਰ ਉਲੀਕੇ ਵਾਸੀ ਨਾਗਪੁਰ, ਮਹਾਰਾਸ਼ਟਰ, ਗੁਰਪ੍ਰੀਤ ਸਿੰਘ, ਵਾਸੀ ਹਨੂੰਮਾਨਗੜ੍ਹ, ਰਾਜਸਥਾਨ, ਮਨਜੀਤ ਸਿੰਘ ਵਾਸੀ ਟਿੱਬੀ, ਰਾਜਸਥਾਨ, ਨਿਖੀਲ ਕੁਮਾਰ, ਵਾਸੀ: ਜੈਨਪੁਰ, ਬਿਹਾਰ, ਅਜੈ. ਵਾਸੀ ਟਿੱਬੀ, ਰਾਜਸਥਾਨ, ਹਰਸ਼ ਕੁਮਾਰ, ਵਾਸੀ ਮੱਧ ਪ੍ਰਦੇਸ਼, ਰਿਤੇਸ਼ ਮਾਝੀ ਵਾਸੀ ਸੁਭਾਸ਼ ਚੌਕ ਮੱਧ ਪ੍ਰਦੇਸ ਸ਼ਾਮਲ ਹਨ ।
Read More : ਪੰਜਾਬ ‘ਚ ਹਾਈ ਅਲਰਟ ਜਾਰੀ, ਵਧਾਈ ਗਈ ਸੁਰੱਖਿਆ, DGP ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ