ਪਾਠੀ ਨੇ ਭੇਟਾਂ ਦੇ ਪੈਸੇ ਲੈਣ ਗਏ 2 ਭਰਾਵਾਂ ‘ਤੇ ਕੀਤਾ ਹਮਲਾ, ਇਕ ਦੀ ਹੋਈ ਮੌਤ
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਵਰਪਾਲ ਤੋਂ ਇਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਾਠੀ ਵੱਲੋਂ ਦੂਜੇ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ | 2 ਭਰਾ ਭੇਟਾਂ ਦੇ ਪੈਸੇ ਲੈਣ ਲਈ ਗਏ ਸਨ ਕਿ ਦੋਸ਼ੀ ਪਾਠੀ ਨੇ ਜਾਨਲੇਵਾ ਹਮਲਾ ਕਰ ਦਿੱਤਾ , ਜਿਸ ‘ਚ ਛੋਟੇ ਭਰਾ ਦੀ ਮੌਤ ਹੋ ਗਈ ਜਦਕਿ ਵੱਡਾ ਭਰਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਪਾਠੀ ਮੌਕੇ ਤੋਂ ਫਰਾਰ ਹੋ ਗਿਆ । ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਸੀਨੇ ਵਿੱਚ ਮਾਰ ਦਿੱਤੀ ਕਿਰਚ
ਮਾਮਲੇ ਦੀ ਜਾਣਕਾਰੀ ਦਿੰਦੇ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਦੋਵਾਂ ਭਰਾਵਾਂ ਨੇ ਪਾਠ ਦੀ ਭੇਟਾ ਲੈਣੀ ਸੀ, ਇਸ ਲਈ ਉਹ ਪਿੰਡ ਗੋਹਲਵੜ ਸ਼ੁਬਕਰਨ ਸਿੰਘ ਕੋਲ ਗਏ। ਸ਼ੁਬਕਰਨ ਸਿੰਘ ਪਾਠੀ ਹੈ ਅਤੇ ਅੱਡੇ ਤੇ ਹੀ ਸ਼ਰਦਾਈ ਲਾਉਂਦਾ ਹੈ। ਜਦੋਂ ਦੋਵਾਂ ਭਰਾਵਾਂ ਨੇ ਉਸ ਕੋਲ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਵਿਚਕਾਰ ਕਿਸੇ ਕਾਰਨ ਝਗੜਾ ਹੋ ਗਿਆ। ਪਾਠੀ ਸ਼ੁਬਕਰਨ ਨੇ ਛੋਟੇ ਭਰਾ ਦੇ ਸੀਨੇ ਵਿੱਚ ਕਿਰਚ ਮਾਰ ਦਿੱਤਾ ਜਦਕਿ ਵੱਢੇ ਭਰਾ ਦੇ ਸਿਰ ਵਿਚ ਸ਼ਰਦਾਈ ਰਗੜਨ ਵਾਲ਼ਾ ਘੋਟਨਾ ਮਾਰ ਕੇ ਜ਼ਖਮੀ ਕਰ ਦਿੱਤਾ।
ਜਿਸ ਤੋਂ ਬਾਅਦ ਜ਼ਖਮੀ ਹੋਏ ਨੌਜਵਾਨ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ | ਜ਼ਖਮੀ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਅਤੇ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ। ਮ੍ਰਿਤਕ ਦੀ ਪਹਿਚਾਣ ਮਨਪ੍ਰੀਤ ਸਿੰਘ ਉਮਰ ਕਰੀਬ 16 ਸਾਲ ਦੱਸੀ ਜਾ ਰਹੀ ਹੈ ਜੋਂ ਕਿ ਦੱਸਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਾਠੀ ਸਿੰਘ ਦੀ ਡਿਊਟੀ ਵੀ ਕਰਦਾ ਸੀ।
ਇਹ ਵੀ ਪੜ੍ਹੋ :ਰਿਸ਼ਤਾ ਦੇਖ ਕੇ ਘਰ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਭਾਣਾ
ਇਸ ਸਬੰਧੀ ਜਾਣਕਾਰੀ ਦਿੰਦਿਆਂ SHO ਸੁਨੀਲ ਕੁਮਾਰ ਨੇ ਦੱਸਿਆ ਕਿ ਪਰਿਵਾਰ ਵੱਲੋ ਜੋਂ ਵੀ ਬਿਆਨ ਦਿੱਤਾ ਜਾਵੇਗਾ, ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਫ਼ਿਲਹਾਲ ਦੋਸ਼ੀ ਮੌਕੇ ਤੋਂ ਫਰਾਰ ਹੈ, ਪਰ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।