ਤਰਨਤਾਰਨ ਦੇ ਸਿਵਲ ਹਸਪਤਾਲ ਤੋਂ ਫਰਾਰ ਹੋਇਆ ਨਾਮੀ ਸ਼ੂਟਰ || Punjab News
ਅੰਮ੍ਰਿਤਸਰ ਨਾਲ ਲੱਗਦੇ ਤਰਨਤਾਰਨ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਜਿੱਥੇ ਕਿ ਤਰਨਤਾਰਨ ਦੇ ਸਿਵਲ ਹਸਪਤਾਲ ‘ਚ ਦਾਖ਼ਲ ਸ਼ੂਟਰ ਚਰਨਜੀਤ ਉਰਫ਼ ਰਾਜੂ ਪੁਲਿਸ ਨੂੰ ਚਕਮਾ ਦੇਕੇ ਫ਼ਰਾਰ ਹੋ ਗਿਆ ਹੈ। ਦਰਅਸਲ ਰਾਜੁ ਸ਼ੂਟਰ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜਿੱਥੋਂ ਉਸ ਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਰਾਜੂ ਨੂੰ ਹਸਪਤਾਲ ਚੋਂ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਰਾਜੂ ਦੀ ਭਾਲ ਵਿੱਚ ਜੁਟ ਗਈ ਹੈ |
ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ
21 ਦਸੰਬਰ 2023 ਵਿੱਚ ਜਦੋਂ ਪੁਲਿਸ ਇਸ ਬਦਮਾਸ਼ ਦਾ ਪਿੱਛਾ ਕਰ ਰਹੀ ਸੀ ਤਾਂ ਇਸ ਦੌਰਾਨ ਉਸ ਨੇ ਪੁਲਿਸ ‘ਤੇ ਗੋਲੀਆਂ ਵੀ ਚਲਾਈਆਂ ਸਨ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ ‘ਚ ਗੋਲੀ ਲੱਗੀ ਸੀ। ਇਸ ਮਾਮਲੇ ‘ਚ DSP ਮਸੀਹ ਨੇ ਵੀ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਸਾਲ ਢੋਟੀਆਂ ਵਿਖੇ ਹੋਈ ਬੈਂਕ ਡਕੈਤੀ ਅਤੇ ਹੋਰ ਕਈ ਅਪਰਾਧਿਕ ਵਾਰਦਾਤਾਂ ਵਿੱਚ ਰਾਜੂ ਸ਼ੂਟਰ ਸ਼ਾਮਲ ਸੀ ।
ਟੀਮ ਬਣਾਕੇ ਕੀਤੀ ਜਾ ਰਹੀ ਭਾਲ
DSP ਮਸੀਹ ਦਾ ਕਹਿਣਾ ਹੈ ਕਿ ਬਦਮਾਸ਼ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਜਿੱਥੇ ਉਸਦੇ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਉਸ ਨੂੰ ਭਜਾ ਕੇ ਲੈ ਗਏ ਹਨ। ਉਨ੍ਹਾਂ ਦੇ ਦੱਸਿਆ ਕਿ ਗੈਗਸਟਰ ਦੇ ਫਰਾਰ ਹੋਣ ਸਬੰਧੀ ਜਾਣਕਾਰੀ ਜ਼ਿਲ੍ਹੇ ਦੇ ਸਾਰੇ ਪੁਲਿਸ ਸਟੇਸ਼ਨਾਂ ਵਿੱਚ ਜਾਰੀ ਕਰ ਦਿੱਤੀ ਹੈ ਅਤੇ ਟੀਮ ਬਣਾਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਜਲਦ ਇਸ ਬਦਮਾਸ਼ ਅਤੇ ਉਸ ਦੇ ਸਾਥੀਆਂ ਨੂੰ ਕਾਬੂ ਕਰ ਲਵੇਗੀ।