ਸਲਮਾਨ ਖਾਨ ਦੇ ਘਰ ਫਾਇਰਿੰਗ ਕੇਸ ‘ਚ ਮੁੰਬਈ ਪੁਲਿਸ ਨੇ ਕੀਤੇ ਵੱਡੇ ਖੁਲਾਸੇ (ਪਹਿਲਾਂ ਕੀਤੀ ਜਾਸੂਸੀ)
Actor salman khan ਦੇ ਘਰ ਬਾਹਰ ਚੱਲੀਆਂ ਗੋਲੀਆਂ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ।ਮੁੰਬਈ ਪੁਲਿਸ ਦੇ ਸੰਯੁਕਤ ਸੀਪੀ (ਕ੍ਰਾਈਮ) ਲਖਮੀ ਗੌਤਮ ਨੇ ਦੱਸਿਆ ਕਿ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕਰਨ ਤੋਂ ਪਹਿਲਾਂ ਦੋਸ਼ੀਆਂ ਨੇ ਤਿੰਨ ਵਾਰ ਸਲਮਾਨ ਖਾਨ ਦੇ ਘਰ ਦੀ ਰੇਕੀ ਕੀਤੀ ਸੀ। ਦੋਸ਼ੀਆਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ 5 ਰਾਊਂਡ ਗੋਲੀਆਂ ਚਲਾਈਆਂ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਦੋਵੇਂ ਬਿਹਾਰ ਦੇ ਚੰਪਾਰਨ ਦੇ ਰਹਿਣ ਵਾਲੇ ਹਨ।
ਹਰ ਐਂਗਲ ਤੋਂ ਹੋ ਰਹੀ ਜਾਂਚ
ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਤੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਮੁੰਬਈ ਪੁਲਿਸ ਦੇ ਜੁਆਇੰਟ ਸੀਪੀ (ਕ੍ਰਾਈਮ) ਲਖਮੀ ਗੌਤਮ ਨੇ ਕਿਹਾ ਕਿ ਅਸੀਂ ਫਿਲਹਾਲ ਹਰ ਐਂਗਲ ਤੋਂ ਜਾਂਚ ਕਰ ਰਹੇ ਹਾਂ। ਹੁਣ ਤੱਕ ਅਸੀਂ ਐਫਆਈਆਰ ਵਿੱਚ ਦੋ ਦੋਸ਼ੀਆਂ ਦੇ ਨਾਂ ਸ਼ਾਮਲ ਕੀਤੇ ਹਨ। ਜਿਵੇਂ-ਜਿਵੇਂ ਜਾਂਚ ਅੱਗੇ ਵਧੇਗੀ ਅਸੀਂ ਹੋਰ ਦੋਸ਼ੀਆਂ ਦੇ ਨਾਂ ਸ਼ਾਮਲ ਕਰਾਂਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਦੋਵੇਂ ਸ਼ੂਟਰ ਪਿਛਲੇ ਕੁਝ ਸਮੇਂ ਤੋਂ ਮਹਾਰਾਸ਼ਟਰ ‘ਚ ਰਹਿ ਰਹੇ ਸਨ। ਇਸ ਮਾਮਲੇ ਵਿੱਚ ਵਿਸ਼ਾਲ ਉਰਫ਼ ਕਾਲੂ ਦੀ ਕੋਈ ਭੂਮਿਕਾ ਨਹੀਂ ਹੈ, ਪਰ ਜਿਨ੍ਹਾਂ ਦੋਸ਼ੀਆਂ ਨੂੰ ਅਸੀਂ ਫੜਿਆ ਹੈ, ਉਹ ਸ਼ੂਟਰ ਹਨ ਅਤੇ ਉਹੀ ਗੋਲੀ ਚਲਾਉਣ ਵਾਲੇ ਸਨ।
ਲਾਰੇਂਸ ਬਿਸ਼ਨੋਈ ਤੋਂ ਕੀਤੀ ਜਾਵੇਗੀ ਪੁੱਛਗਿੱਛ
ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਮਾਮਲੇ ‘ਚ ਲਾਰੇਂਸ ਬਿਸ਼ਨੋਈ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਦੋਵਾਂ ਸ਼ੂਟਰਾਂ ਨੇ ਪਨਵੇਲ ਵਿੱਚ ਇੱਕ ਫਲੈਟ ਲਈ 3500 ਰੁਪਏ ਕਿਰਾਇਆ ਅਤੇ 10,000 ਰੁਪਏ ਜਮ੍ਹਾਂ ਕਰਾਏ ਸਨ। ਉਨ੍ਹਾਂ ਨੂੰ ਫਾਈਨਾਂਸ਼ੀਅਲ ਬੈਂਕਿੰਗ ਮਿਲ ਰਹੀ ਸੀ। ਇਹ ਦੋਵੇਂ ਸ਼ੂਟਰ ਮੁੰਬਈ ਤੋਂ ਸੜਕ ਰਾਹੀਂ ਗੁਜਰਾਤ ਗਏ ਸਨ। ਲਖਮੀ ਗੌਤਮ ਨੇ ਅੱਗੇ ਦੱਸਿਆ ਕਿ ਸਲਮਾਨ ਖਾਨ ਦੇ ਘਰ ਦੇ ਨਾਲ-ਨਾਲ ਫਾਰਮ ਹਾਊਸ ‘ਤੇ ਵੀ ਰੇਕੀ ਕੀਤੀ ਗਈ ਸੀ।
ਤਿੰਨ ਵਾਰ ਸਲਮਾਨ ਦੇ ਘਰ ਦੀ ਕਰ ਚੁੱਕੇ ਜਾਸੂਸੀ
ਮੁੰਬਈ ਪੁਲਿਸ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਹਿਊਮਨ ਅਤੇ ਟੈਕਨੀਕਲ ਆਧਾਰ ‘ਤੇ ਗ੍ਰਿਫਤਾਰ ਕੀਤਾ ਹੈ। ਅਸੀਂ ਹਰ ਐਂਗਲ ਤੋਂ ਜਾਂਚ ਕਰਾਂਗੇ ਅਤੇ ਦੋਵੇਂ ਦੋਸ਼ੀ ਸਾਡੀ ਹਿਰਾਸਤ ਵਿਚ ਹਨ। ਅਸੀਂ ਦੂਜੇ ਰਾਜਾਂ ਦੀ ਪੁਲਿਸ ਦੇ ਸੰਪਰਕ ਵਿੱਚ ਹਾਂ। ਇਸ ਮਾਮਲੇ ਵਿੱਚ ਦੋਸ਼ੀਆਂ ਬਾਰੇ ਹੋਰ ਰਾਜਾਂ ਦੀ ਪੁਲਿਸ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਹ ਤਿੰਨ ਵਾਰ ਸਲਮਾਨ ਦੇ ਘਰ ਦੀ ਜਾਸੂਸੀ ਕਰ ਚੁੱਕੇ ਹਨ। ਇਸ ਮਾਮਲੇ ‘ਚ ਅਨਮੋਲ ਬਿਸ਼ਨੋਈ ਦੀ ਭੂਮਿਕਾ ਹੈ, ਕਿਉਂਕਿ ਉਨ੍ਹਾਂ ਨੇ ਸਲਮਾਨ ਖਾਨ ਨੂੰ ਆਪਣੀ ਪੋਸਟ ਵਿੱਚ ਧਮਕੀ ਦਿੱਤੀ ਸੀ।