ਮੋਹਾਲੀ ਪੁਲਿਸ ਵੱਲੋਂ ਫਾਇਰਿੰਗ ਕਰਕੇ ਫ਼ਿਰੌਤੀਆਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼

0
13
S. S. P. Harmandeep Singh Hans

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਸਤੰਬਰ 2025 : ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਨੇ ਅੱਜ ਇੱਥੇ ਦੱਸਿਆ ਕਿ ਡੀ. ਆਈ. ਜੀ. ਰੂਪਨਗਰ ਰੇਂਜ, ਹਰਚਰਨ ਸਿੰਘ ਭੁੱਲਰ, ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ, ਸਮਾਜ ਵਿਰੋਧੀ ਅਨਸਰਾਂ ਖਿਲਾਫ ਜ਼ਿਲ੍ਹਾ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਕਪਤਾਨ ਪੁਲਸ (ਦਿਹਾਤੀ), ਮਨਪ੍ਰੀਤ ਸਿੰਘ, ਕਪਤਾਨ ਪੁਲਸ (ਜਾਂਚ), ਸੌਰਵ ਜਿੰਦਲ ਅਤੇ ਕਪਤਾਨ ਪੁਲਿਸ (ਆਪਰੇਸ਼ਨ) ਤਲਵਿੰਦਰ ਸਿੰਘ ਗਿੱਲ, ਦੀ ਅਗਵਾਈ ਵਿੱਚ ਡੀ. ਐਸ. ਪੀ., ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀਆਂ ਟੀਮਾਂ ਵੱਲੋਂ ਫਿਰੌਤੀ ਮੰਗਣ ਦੀ ਨੀਅਤ ਨਾਲ ਅਮਨ ਹੋਟਲ ਗੁਲਾਬਗੜ੍ਹ ਰੋਡ ਡੇਰਾਬੱਸੀ ਤੇ ਬੀਤੀ 1-9-2025 ਨੂੰ ਰਾਤ ਸਮੇਂ ਫਾਇਰਿੰਗ ਕਰਨ ਵਾਲੇ 2 ਵਿਅਕਤੀਆ ਨੂੰ ਗ੍ਰਿਫ਼ਤਾਰ ਕਰਕੇ, ਉਨ੍ਹਾਂ ਪਾਸੋਂ ਵਾਰਦਾਤ ਵਿੱਚ ਵਰਤੇ 2 ਪਿਸਤੌਲ ਸਮੇਤ 4 ਮੈਗਜੀਨ ਅਤੇ ਵਾਰਦਾਤ ਵਿੱਚ ਵਰਤੀ ਹਾਂਡਾ ਐਕਟੀਵਾ ਬ੍ਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ।

ਫਾਇਰਿੰਗ ਕਰਨ ਵਾਲੇ 2 ਵਿਅਕਤੀ ਗ੍ਰਿਫ਼ਤਾਰ, 2 ਹਥਿਆਰ ਅਤੇ 01 ਵਾਹਨ ਬ੍ਰਾਮਦ

ਜ਼ਿਲ੍ਹਾ ਪੁਲਸ ਮੁਖੀ ਹਰਮਨਦੀਪ ਹਾਂਸ ਨੇ ਘਟਨਾ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਮਿਤੀ 01-09-2025 ਨੂੰ ਗੁਲਾਬਗੜ੍ਹ ਰੋਡ ਡੇਰਾਬੱਸੀ ਵਿਖੇ ਅਮਨ ਹੋਟਲ ਉਤੇ ਰਾਤ ਕਰੀਬ 2 ਵਜੇ ਤੜਕਸਾਰ ਫਾਇਰਿੰਗ ਦੀ ਘਟਨਾ ਵਾਪਰੀ, ਜਿਸ ਤੇ ਥਾਣਾ ਡੇਰਾਬੱਸੀ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਅਮਨ ਹੋਟਲ ਦੇ ਮਾਲਕ ਕਰਨ ਕੁਮਾਰ ਪੁੱਤਰ ਰੌਸ਼ਨ ਲਾਲ ਵਾਸੀ ਰੋਜ਼ਵੁੱਡ ਅਸਟੇਟ ਜੀ. ਬੀ. ਪੀ., ਰੋਡ ਗੁਲਾਬਗੜ੍ਹ ਦੇ ਬਿਆਨ ਤੇ ਮੁਕੱਦਮਾ ਨੰਬਰ 250, ਮਿਤੀ 01-09-2025 ਅ/ਧ 308(4) ਬੀ. ਐਨ. ਐਸ., 25 ਅਸਲਾ ਐਕਟ ਥਾਣਾ ਡੇਰਾਬੱਸੀ ਦਰਜ ਕੀਤਾ ।

ਫਾਇਰਿੰਗ ਦੀ ਇਸ ਘਟਨਾ ਦੀ ਗੰਭੀਰਤਾ ਦੇ ਮੱਦੇਨਜ਼ਰ ਅੱਡ-ਅੱਡ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ

ਫਾਇਰਿੰਗ ਦੀ ਇਸ ਘਟਨਾ ਦੀ ਗੰਭੀਰਤਾ ਦੇ ਮੱਦੇਨਜ਼ਰ ਉਨ੍ਹਾਂ (ਐਸ. ਐਸ. ਪੀ.) ਵੱਲੋਂ ਸਥਾਨਕ ਪੁਲਸ ਤੋਂ ਇਲਾਵਾ ਇੰਚਾਰਜ ਐਂਟੀ ਨਾਰਕੋਟਿਕਸ ਸੈਲ, ਐਸ. ਏ. ਐਸ. ਨਗਰ ਮੁਬਾਰਿਕਪੁਰ ਅਤੇ ਇੰਚਾਰਜ ਸਪੈਸ਼ਲ ਸੈਲ, ਮੋਹਾਲੀ ਦੀਆਂ ਅੱਡ-ਅੱਡ ਟੀਮਾਂ ਬਣਾ ਕੇ ਇਨ੍ਹਾਂ ਟੀਮਾਂ ਨੂੰ ਕਪਤਾਨ ਪੁਲਸ, ਤਫਤੀਸ਼, ਕਪਤਾਨ ਪੁਲਸ, ਆਪਰੇਸ਼ਨਜ ਅਤੇ ਉਪ-ਕਪਤਾਨ ਪੁਲਸ ਡੇਰਾਬੱਸੀ ਦੀ ਅਗਵਾਈ ਵਿੱਚ ਅੱਡ-ਅੱਡ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ।

ਟੀਮਾਂ ਵੱਲੋਂ ਤੁਰੰਤ ਮੌਕੇ ਦਾ ਅਧਿਐਨ ਕਰਕੇ, ਮੌਕੇ ਤੇ ਮੌਜੂਦ ਸਬੂਤਾਂ ਦਾ ਨਿਰੀਖਣ ਕੀਤਾ ਗਿਆ

ਇਨ੍ਹਾਂ ਟੀਮਾਂ ਵੱਲੋਂ ਤੁਰੰਤ ਮੌਕੇ ਦਾ ਅਧਿਐਨ ਕਰਕੇ, ਮੌਕੇ ਤੇ ਮੌਜੂਦ ਸਬੂਤਾਂ ਦਾ ਨਿਰੀਖਣ ਕੀਤਾ ਗਿਆ ਅਤੇ ਵਿਗਿਆਨਿਕ ਢੰਗ ਨਾਲ ਤਫਤੀਸ਼ ਨੂੰ ਅੱਗੇ ਵਧਾਇਆ ਗਿਆ। ਟੈਕਨੀਕਲ ਅਤੇ ਇਲੈਕਟਰੋਨਿਕ ਸਾਧਨਾਂ ਦੀ ਵਰਤੋ ਕਰਦੇ ਹੋਏ ਹੋਰ ਸਬੂਤ ਇਕੱਤਰ ਕੀਤੀ। ਫਿਰ ਇਸ ਸਬੂਤ ਦਾ ਮਿਲਾਨ ਸਥਾਨਕ ਖੁਫੀਆ ਤੰਤਰ ਤੋਂ ਮਿਲੀਆਂ ਇਤਲਾਹਾਂ ਨਾਲ ਕੀਤਾ। ਦੋਹਾਂ ਤਰ੍ਹਾਂ ਦੇ ਸਬੂਤ ਤੇ ਸੂਚਨਾਵਾਂ ਦਾ ਸੁਮੇਲ ਕਰਕੇ, ਇਸ ਅਦਮ ਸੁਰਾਗ ਵਾਰਦਾਤ ਦਾ ਸੁਰਾਗ 8 ਦਿਨਾਂ ਦੇ ਅੰਦਰ-ਅੰਦਰ ਲਗਾਇਆ ਅਤੇ ਵਾਰਦਾਤ ਵਿੱਚ ਸ਼ਾਮਲ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ।

ਜਿਉਂ ਹੀ ਪੁਲਸ ਨੇ ਇਨ੍ਹਾਂ ਇਲਾਕਿਆਂ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਦੋਸ਼ੀ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ

ਜਿਉਂ ਹੀ ਪੁਲਸ ਨੇ ਇਨ੍ਹਾਂ ਇਲਾਕਿਆਂ ਵਿੱਚ ਛਾਪੇਮਾਰੀ ਸ਼ੁਰੂ ਕੀਤੀ ਤਾਂ ਦੋਸ਼ੀ ਆਪਣੇ ਟਿਕਾਣਿਆਂ ਤੋਂ ਫਰਾਰ ਹੋ ਗਏ, ਜਿਨ੍ਹਾਂ ਦਾ ਪਿੱਛਾ ਕਰਕੇ ਵਾਰਦਾਤ ਸਮੇਂ ਹਾਂਡਾ ਐਕਟਿਵਾ ਸਕੂਟੀ ਚਲਾ ਰਹੇ ਨਵਜੋਤ ਸਿੰਘ ਉਰਫ ਸੈਂਟੀ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਮਟਰਾਂ ਥਾਣਾ ਐਰੋਸਿਟੀ ਨੂੰ ਪਿੰਡ ਮੌਲੀ ਸੈਕਟਰ 80, ਮੋਹਾਲੀ ਤੋਂ 7-9-2025 ਨੂੰ ਗ੍ਰਿਫਤਾਰ ਕੀਤਾ ਅਤੇ ਫਾਇਰਿੰਗ ਕਰਨ ਵਾਲੇ ਦੋਸ਼ੀ ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪੱਤੋੰ ਥਾਣਾ ਸੋਹਾਣਾ ਨੂੰ ਪਿੰਡ ਸੁਲਤਾਨਪੁਰ ਨੇੜੇ ਬਰਵਾਲਾ ਤੋਂ 8-09-2025 ਨੂੰ ਗ੍ਰਿਫਤਾਰ ਕੀਤਾ। ਦੋਹਾਂ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਵਾਰਦਾਤ ਵਿੱਚ ਵਰਤੇ ਦੋ ਪਿਸਟਲ 7.65 ਐਮ. ਐਮ. ਸਮੇਤ 4 ਮੈਗਜੀਨ ਅਤੇ ਵਰਤੀ ਹਾਂਡਾ ਐਕਟਿਵਾ ਬ੍ਰਾਮਦ ਕਰ ਲਏ ਹਨ । ਦੋਸ਼ੀਆਂ ਦਾ ਇਕ ਸਾਥੀ ਅਨੀਕੇਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਬਾਕਰਪੁਰ ਫਰਾਰ ਹੈ, ਜਿਸ ਦੀ ਤਲਾਸ਼ ਜਾਰੀ ਹੈ ।

ਦੋਸ਼ੀ ਨਵਜੋਤ ਸਿੰਘ ਉਰਫ ਸੈਂਟੀ ਨਸ਼ੇ ਕਰਨ ਦਾ ਆਦੀ ਹੈ : ਐਸ. ਐਸ. ਪੀ.

ਐਸ. ਐਸ. ਪੀ. ਹਰਮਨਦੀਪ ਹਾਂਸ ਨੇ ਅੱਗੇ ਦੱਸਿਆ ਕਿ ਦੋਸ਼ੀ ਨਵਜੋਤ ਸਿੰਘ ਉਰਫ ਸੈਂਟੀ ਨਸ਼ੇ ਕਰਨ ਦਾ ਆਦੀ ਹੈ । ਦੋਵੇ ਦੋਸ਼ੀਆਂ ਖਿਲਾਫ ਮੁਕੱਦਮੇ ਦਰਜ ਹਨ, ਦੋਵੇ ਦੋਸ਼ੀ ਜਮਾਨਤ ਤੇ ਹਨ । ਦੋਸ਼ੀ ਅਮਨਦੀਪ ਸਿੰਘ ਉਰਫ ਅਮਨਾ ਨੇ ਵਾਰਦਾਤ ਕਰਨ ਤੋਂ ਪਹਿਲਾਂ ਆਪਣੀ ਦਾਹੜੀ ਕੇਸ ਕਟਵਾ ਲਏ ਸਨ ਤਾਂ ਕਿ ਇਸਦੀ ਸ਼ਨਾਖਤ ਨਾ ਹੋ ਸਕੇ ।

ਅਮਨ ਹੋਟਲ ਵਾਲਿਆ ਨੂੰ ਕਾਫੀ ਸਮਾਂ ਪਹਿਲਾਂ ਕਿਸੇ ਨਾਮਲੂਮ ਸਖ਼ਸ਼ ਨੇ ਵਿਦੇਸ਼ੀ ਫੋਨ ਤੋਂ ਧਮਕੀ ਭਰੀ ਕਾਲ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਅਮਨ ਹੋਟਲ ਵਾਲਿਆ ਨੂੰ ਕਾਫੀ ਸਮਾਂ ਪਹਿਲਾਂ ਕਿਸੇ ਨਾਮਲੂਮ ਸਖ਼ਸ਼ ਨੇ ਵਿਦੇਸ਼ੀ ਫੋਨ ਤੋਂ ਧਮਕੀ ਭਰੀ ਕਾਲ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ, ਜਿਸ ਨੂੰ ਇਨ੍ਹਾਂ ਵੱਲੋਂ ਅਣਗੌਲਿਆਂ ਕਰ ਦਿੱਤਾ ਗਿਆ ਸੀ ਅਤੇ ਇਹ ਕਾਰੋਬਾਰੀ ਨਿਸ਼ਚਿੰਤ ਹੋ ਕੇ ਆਪਣਾ ਕਾਰੋਬਾਰ ਕਰ ਰਹੇ ਸਨ ਪਰ ਫਾਇਰਿੰਗ ਦੀ ਘਟਨਾ ਨੇ ਇਨ੍ਹਾਂ ਅੰਦਰ ਸਹਿਮ ਪੈਦਾ ਕਰ ਦਿੱਤਾ ਸੀ, ਜਿਸ ਨੂੰ 8 ਦਿਨਾਂ ਦੇ ਅੰਦਰ ਅੰਦਰ ਸੁਲਝਾ ਕੇ ਮੋਹਾਲੀ ਪੁਲਸ ਵੱਲੋ ਭਰੋਸਾ ਪੈਦਾ ਕੀਤਾ ਗਿਆ ਹੈ । ਦੋਸ਼ੀਆਂ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਵੀ ਇੰਕਸ਼ਾਫ ਹੋਣ ਦੀ ਉਮੀਦ ਹੈ ।

ਗ੍ਰਿਫਤਾਰ ਦੋਸ਼ੀਆਂ ਵਿਰੁੱਧ ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ :

1. ਅਮਨਦੀਪ ਸਿੰਘ ਉਰਫ ਅਮਨਾ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਪਤੋਂ ਥਾਣਾ ਸੋਹਾਣਾ ਖ਼ਿਲਾਫ਼ ਮੁਕੱਦਮਾ ਨੰਬਰ 266 ਮਿਤੀ 10-11-2016 ਅ/ਧ 452,341,323,506,34 ਆਈ. ਪੀ. ਸੀ. ਥਾਣਾ ਸੋਹਾਣਾ ਤੇ ਮੁਕੱਦਮਾ ਨੰਬਰ 69 ਮਿਤੀ 09-04-2018 ਅ/ਧ 25 ਅਸਲਾ ਐਕਟ ਥਾਣਾ ਸੋਹਾਣਾ ਦਰਜ ਹਨ ਅਤੇ ਹੁਣ ਇਹ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ ।

2. ਨਵਜੋਤ ਸਿੰਘ ਉਰਫ ਸੈਂਟੀ ਪੁੱਤਰ ਗੁਰਮੁੱਖ ਸਿੰਘ ਵਾਸੀ ਪਿੰਡ ਮਟਰਾਂ ਥਾਣਾ ਐਰੋਸਿਟੀ ਮੁਕੱਦਮਾ ਨੰਬਰ 331 ਮਿਤੀ 20-11-2024 ਅ/ਧ 27 ਐਨ. ਡੀ. ਪੀ. ਐਸ. ਐਕਟ ਥਾਣਾ ਸੋਹਾਣਾ ਵੀ ਜ਼ਮਾਨਤ ਤੇ ਆਇਆ ਹੋਇਆ ਸੀ ।

Read More : ਮੋਹਾਲੀ ਪੁਲਿਸ ਵੱਲੋਂ ਫਾਇਰਿੰਗ ਕਰਕੇ ਫ਼ਿਰੌਤੀਆਂ ਵਸੂਲਣ ਵਾਲੇ ਗਿਰੋਹ ਦਾ ਪਰਦਾਫਾਸ਼

LEAVE A REPLY

Please enter your comment!
Please enter your name here