NEET ਪ੍ਰੀਖਿਆ ‘ਚ ਬੇਨਿਯਮੀਆਂ ‘ਤੇ ਹੋਈ ਵੱਡੀ ਕਾਰਵਾਈ, ਪ੍ਰਿੰਸੀਪਲ ਸਮੇਤ 5 ਗ੍ਰਿਫਤਾਰ
NEET ਪ੍ਰੀਖਿਆ ‘ਚ ਬੇਨਿਯਮੀਆਂ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ | ਇਹ ਮਾਮਲਾ ਗੁਜਰਾਤ ਦੇ ਗੋਧਰਾ ਸ਼ਹਿਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹਨਾਂ ਵੱਲੋਂ NEET ਪ੍ਰੀਖਿਆ ਦੌਰਾਨ ਧੋਖਾਧੜੀ ਕਰਨ ਦਾ ਖੁਲਾਸਾ ਹੋਇਆ ਹੈ । ਉਨ੍ਹਾਂ ‘ਤੇ ਕਥਿਤ ਤੌਰ ‘ਤੇ 10-10 ਲੱਖ ਰੁਪਏ ਦੀ ਰਿਸ਼ਵਤ ਲੈ ਕੇ 27 ਉਮੀਦਵਾਰਾਂ ਨੂੰ ਰਾਸ਼ਟਰੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET-UG) ਪਾਸ ਕਰਨ ਵਿਚ ਮਦਦ ਕਰਨ ਦਾ ਦੋਸ਼ ਹੈ।
9 ਮਈ ਨੂੰ ਐਫਆਈਆਰ ਕੀਤੀ ਗਈ ਸੀ ਦਰਜ
ਪੁਲਿਸ ਨੇ ਦੱਸਿਆ ਕਿ 9 ਮਈ ਨੂੰ ਐਫਆਈਆਰ ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ਗੋਧਰਾ ਦੇ ਜੈ ਜਲਰਾਮ ਸਕੂਲ ਵਿੱਚ NEET ਦੀ ਪ੍ਰੀਖਿਆ ਦੌਰਾਨ ਧਾਂਦਲੀ ਕੀਤੀ ਗਈ ਸੀ। ਕਈ ਬੱਚਿਆਂ ਨੂੰ ਧੋਖਾ ਦੇ ਕੇ ਪਾਸ ਕਰਵਾਇਆ ਗਿਆ। ਜ਼ਿਲ੍ਹਾ ਮੈਜਿਸਟਰੇਟ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਲਈ ਕੁਝ ਲੋਕ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ। ਇਸ ਤੋਂ ਬਾਅਦ 5 ਮਈ ਨੂੰ ਹੋਣ ਵਾਲੀ ਪ੍ਰੀਖਿਆ ਵਿਚ ਬੈਠਣ ਵਾਲੇ ਉਮੀਦਵਾਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ।
ਤੁਸ਼ਾਰ ਭੱਟ ਕੋਲੋਂ ਸੱਤ ਲੱਖ ਰੁਪਏ ਨਕਦ ਕੀਤੇ ਗਏ ਬਰਾਮਦ
ਪੁਲਿਸ ਸੁਪਰਡੈਂਟ ਹਿਮਾਂਸ਼ੂ ਸੋਲੰਕੀ ਨੇ ਦੱਸਿਆ ਕਿ ਹੁਣ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਤੁਸ਼ਾਰ ਭੱਟ, ਸਕੂਲ ਦੇ ਪ੍ਰਿੰਸੀਪਲ ਪੁਰਸ਼ੋਤਮ ਸ਼ਰਮਾ, ਵਡੋਦਰਾ ਦੇ ਸਿੱਖਿਆ ਸਲਾਹਕਾਰ ਪਰਸ਼ੂਰਾਮ ਰਾਏ, ਉਨ੍ਹਾਂ ਦੇ ਸਹਿਯੋਗੀ ਵਿਭੋਰ ਆਨੰਦ ਅਤੇ ਵਿਚੋਲੇ ਆਰਿਫ ਵੋਹਰਾ ਸ਼ਾਮਲ ਹਨ। ਤੁਸ਼ਾਰ ਭੱਟ ਕੋਲੋਂ ਸੱਤ ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਇਹ ਵਿਅਕਤੀ ਜੈ ਜਲਰਾਮ ਸਕੂਲ ਵਿੱਚ ਅਧਿਆਪਕ ਸੀ, ਅਤੇ ਸ਼ਹਿਰ ਵਿੱਚ NEET ਲਈ ਡਿਪਟੀ ਸੈਂਟਰ ਸੁਪਰਡੈਂਟ ਨਿਯੁਕਤ ਕੀਤਾ ਗਿਆ ਸੀ।
ਛਾਪੇਮਾਰੀ ਦੌਰਾਨ ਦਫ਼ਤਰ ‘ਚੋਂ ਮਿਲੇ 2.30 ਕਰੋੜ ਰੁਪਏ ਦੇ ਚੈੱਕ
ਸੋਲੰਕੀ ਨੇ ਕਿਹਾ, ਵਡੋਦਰਾ ਦੇ ਸਿੱਖਿਆ ਸਲਾਹਕਾਰ ਪਰਸ਼ੂਰਾਮ ਰਾਏ ਨੇ ਆਪਣੇ ਘੱਟੋ-ਘੱਟ 27 ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਸੀ ਕਿ ਉਹ 10 ਲੱਖ ਰੁਪਏ ਲੈ ਕੇ ਪ੍ਰੀਖਿਆ ਪਾਸ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ। ਛਾਪੇਮਾਰੀ ਦੌਰਾਨ ਉਨ੍ਹਾਂ ਦੇ ਦਫ਼ਤਰ ਵਿੱਚੋਂ 2.30 ਕਰੋੜ ਰੁਪਏ ਦੇ ਚੈੱਕ ਮਿਲੇ ਹਨ। ਸੂਤਰਾਂ ਅਨੁਸਾਰ ਜਿਨ੍ਹਾਂ 27 ਵਿਦਿਆਰਥੀਆਂ ਨੇ ਜਾਂ ਤਾਂ ਐਡਵਾਂਸ ਭੁਗਤਾਨ ਕੀਤਾ ਸੀ ਜਾਂ ਰਾਏ ਅਤੇ ਹੋਰਾਂ ਨੂੰ ਪੈਸੇ ਦੇਣ ਲਈ ਸਹਿਮਤ ਹੋਏ ਸਨ, ਉਨ੍ਹਾਂ ਵਿੱਚੋਂ ਸਿਰਫ਼ ਤਿੰਨ ਹੀ ਪ੍ਰੀਖਿਆ ਪਾਸ ਕਰ ਸਕੇ ਸਨ।