ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਅਮਰੀਕਾ ਤੋਂ ਗ੍ਰਿਫਤਾਰ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਗ੍ਰਿਫਤਾਰ ਗਿਆ ਹੈ | ਕਿਹਾ ਜਾ ਰਿਹਾ ਹੈ ਕਿ ਉਸਨੂੰ ਕੈਲੀਫੋਰਨੀਆ ਤੋਂ ਕਾਬੂ ਕੀਤਾ ਗਿਆ ਹੈ | ਹਾਲਾਂਕਿ ਮੁੰਬਈ ਪੁਲਿਸ ਜਾਂ ਦਿੱਲੀ ਪੁਲਿਸ ਇਸ ਮਾਮਲੇ ‘ਚ ਰਸਮੀ ਤੌਰ ‘ਤੇ ਕੁਝ ਨਹੀਂ ਕਹਿ ਰਹੀ ਹੈ ਪਰ ਖੁਫੀਆ ਏਜੰਸੀ ਦੇ ਸੂਤਰ ਮੁਤਾਬਕ ਅਨਮੋਲ ਬਿਸ਼ਨੋਈ ਖਿਲਾਫ ਗੈਰ-ਜ਼ਮਾਨਤੀ ਧਾਰਾ ਤਹਿਤ ਦੋ ਹਫਤੇ ਪਹਿਲਾਂ ਵਾਰੰਟ ਜਾਰੀ ਕੀਤਾ ਗਿਆ ਸੀ ਅਤੇ ਫਿਰ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਅਨਮੋਲ ਬਿਸ਼ਨੋਈ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਦਾ ਅਸਰ ਵੀ ਦਿਖਾਈ ਦੇਣ ਲੱਗਾ ਹੈ।
ਮੁੰਬਈ ਪੁਲਿਸ ਦੀ ਵਾਂਟੇਡ ਸੂਚੀ ‘ਚ ਸ਼ਾਮਲ
ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੇ ਮਾਮਲੇ ‘ਚ ਮੁੰਬਈ ਪੁਲਿਸ ਦੀ ਵਾਂਟੇਡ ਸੂਚੀ ‘ਚ ਸ਼ਾਮਲ ਹੈ। ਦੋ ਹਫ਼ਤੇ ਪਹਿਲਾਂ ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ (ਮਕੋਕਾ) ਨਾਲ ਸਬੰਧਤ ਮਾਮਲਿਆਂ ਦੀ ਵਿਸ਼ੇਸ਼ ਅਦਾਲਤ ਨੇ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ ਅਮਰੀਕਾ ਨੇ ਦੱਸਿਆ ਸੀ ਕਿ ਅਨਮੋਲ ਉਨ੍ਹਾਂ ਦੇ ਦੇਸ਼ ‘ਚ ਮੌਜੂਦ ਹੈ।
ਅਨਮੋਲ ਦੇ ਖਿਲਾਫ਼ 18 ਅਪਰਾਧਿਕ ਮਾਮਲੇ ਦਰਜ
ਦੱਸ ਦਈਏ ਕਿ ਅਨਮੋਲ ਦੇ ਖਿਲਾਫ਼ 18 ਅਪਰਾਧਿਕ ਮਾਮਲੇ ਦਰਜ ਹਨ ਅਤੇ NIA ਨੇ ਉਸਦੀ ਗ੍ਰਿਫ਼ਤਾਰੀ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ | ਅਨਮੋਲ ਦਾ ਅਸਲੀ ਨਾਂ ਭਾਨੂ ਹੈ, ਜਿਸ ਦਾ ਜ਼ਿਕਰ ਵੀ NIA ਨੇ ਕੀਤਾ ਹੈ | ਅਨਮੋਲ ਜੋਧਪੁਰ ਜੇਲ੍ਹ ਵਿੱਚ ਬੰਦ ਸੀ ਤੇ 7 ਅਕਤੂਬਰ 2021 ਨੂੰ ਜ਼ਮਾਨਤ ‘ਤੇ ਰਿਹਾਅ ਹੋਇਆ ਸੀ | ਇਸ ਤੋਂ ਬਾਅਦ ਉਹ ਫਰਜ਼ੀ ਪਾਸਪੋਰਟ ‘ਤੇ ਕੈਨੇਡਾ ਭੱਜ ਗਿਆ |