ਦਿਵਿਆਂਗ ਪੰਜਾਬੀ ਨੂੰ ਰੂਸੀ ਫੌਜ ‘ਚ ਜ਼ਬਰਦਸਤੀ ਕੀਤਾ ਗਿਆ ਭਰਤੀ , ਸੰਤ ਸੀਚੇਵਾਲ ਨੂੰ ਮਿਲਿਆ ਪਰਿਵਾਰ || Latest News

0
65
Disabled Punjabi was forcibly recruited in the Russian army, Sant Sicheval found a family

ਦਿਵਿਆਂਗ ਪੰਜਾਬੀ ਨੂੰ ਰੂਸੀ ਫੌਜ ‘ਚ ਜ਼ਬਰਦਸਤੀ ਕੀਤਾ ਗਿਆ ਭਰਤੀ , ਸੰਤ ਸੀਚੇਵਾਲ ਨੂੰ ਮਿਲਿਆ ਪਰਿਵਾਰ

ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਿਦੇਸ਼ ਵਿੱਚ ਜਾਂਦੀ ਹੈ ਤਾਂ ਜੋ ਇੱਕ ਉੱਚੇ ਮੁਕਾਮ ਨੂੰ ਹਾਸਿਲ ਕੀਤਾ ਜਾ ਸਕੇ ਪਰ ਅਜਿਹਾ ਹੀ ਸੁਪਨਾ ਲੈ ਕੇ ਵਿਦੇਸ਼ ਗਏ ਮਨਦੀਪ ਕੁਮਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਯੂਕਰੇਨ ਦੀ ਫੌਜ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬ ਦੇ ਗੁਰਾਇਆ ਦੇ ਰਹਿਣ ਵਾਲੇ ਜਗਦੀਪ ਕੁਮਾਰ ਨੇ ਦੱਸਿਆ ਕਿ ਉਸ ਨੇ ਆਪਣੇ ਅਪਾਹਜ ਭਰਾ ਮਨਦੀਪ ਕੁਮਾਰ ਨੂੰ ਘਰੋਂ ਬੜੀ ਇੱਛਾ ਨਾਲ ਅਰਮੀਨੀਆ ਭੇਜਿਆ ਸੀ, ਤਾਂ ਜੋ ਘਰ ਦਾ ਚੁੱਲ੍ਹਾ ਬਲਦਾ ਰਹੇ।

ਅਰਮੇਨੀਆ ਭੇਜਣ ਲਈ ਲਏ 1 ਲੱਖ 80 ਹਜ਼ਾਰ ਰੁਪਏ

ਜਗਦੀਪ ਕੁਮਾਰ ਨੇ ਦੱਸਿਆ ਕਿ ਟਰੈਵਲ ਏਜੰਟ ਨੇ ਉਸ ਦੇ ਭਰਾ ਨੂੰ ਅਰਮੇਨੀਆ ਭੇਜਣ ਲਈ 1 ਲੱਖ 80 ਹਜ਼ਾਰ ਰੁਪਏ ਲਏ। ਉਸ ਦੇ ਭਰਾ ਮਨਦੀਪ ਅਤੇ ਚਾਰ ਹੋਰ ਦੋਸਤਾਂ ਨੂੰ ਟਰੈਵਲ ਏਜੰਟ ਰਾਹੀਂ ਇਟਲੀ ਜਾਣ ਦਾ ਵਿਚਾਰ ਆਇਆ। ਟਰੈਵਲ ਏਜੰਟ ਨੇ ਉਨ੍ਹਾਂ ਨੂੰ ਅਰਮੇਨੀਆ ਤੋਂ ਇਟਲੀ ਲਈ ਸਿੱਧੀ ਫਲਾਈਟ ਲੈਣ ਲਈ ਧੋਖਾ ਦਿੱਤਾ। ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਦੇ ਚਾਰ ਹੋਰ ਦੋਸਤਾਂ ਨਾਲ ਇਟਲੀ ਜਾਣ ਲਈ ਰਾਜ਼ੀ ਹੋ ਗਿਆ, ਜਿਨ੍ਹਾਂ ਨੂੰ ਉਹ ਅਰਮੇਨੀਆ ਵਿੱਚ ਮਿਲਿਆ ਅਤੇ ਟਰੈਵਲ ਏਜੰਟ ਨੇ ਉਨ੍ਹਾਂ ਪੰਜਾਂ ਕੋਲੋਂ 31 ਲੱਖ 40 ਹਜ਼ਾਰ ਰੁਪਏ ਲੈ ਲਏ।

ਧੋਖੇ ਨਾਲ ਲੈ ਗਿਆ ਰੂਸ ਦੀ ਰਾਜਧਾਨੀ ਮਾਸਕੋ

ਏਜੰਟ ਉਸ ਨੂੰ ਜਹਾਜ਼ ਰਾਹੀਂ ਇਟਲੀ ਭੇਜਣ ਦੀ ਬਜਾਏ ਧੋਖੇ ਨਾਲ ਰੂਸ ਦੀ ਰਾਜਧਾਨੀ ਮਾਸਕੋ ਲੈ ਗਿਆ। ਇੱਥੇ ਹੀ ਟਰੈਵਲ ਏਜੰਟਾਂ ਨੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬਲੈਕਮੇਲ ਕੀਤਾ ਕਿ ਜੇ ਉਸ ਨੇ ਹੋਰ ਪੈਸੇ ਨਾ ਦਿੱਤੇ ਤਾਂ ਮਨਦੀਪ ਦੀ ਹਾਲਤ ਵਿਗੜ ਜਾਵੇਗੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮਨਦੀਪ ਕੁਮਾਰ ਨਾਲ ਆਖਰੀ ਵਾਰ 3 ਮਾਰਚ ਨੂੰ ਗੱਲ ਹੋਈ ਸੀ। ਉਸ ਵੱਲੋਂ ਕੀਤੀ ਵੀਡੀਓ ਕਾਲ ਵਿੱਚ ਉਹ ਫੌਜ ਦੀ ਵਰਦੀ ਵਿੱਚ ਨਜ਼ਰ ਆ ਰਿਹਾ ਸੀ ਅਤੇ ਫੌਜੀ ਇਲਾਕਾ ਦਿਖਾਈ ਦੇ ਰਿਹਾ ਸੀ। ਮਨਦੀਪ ਦੇ ਆਖਰੀ ਸ਼ਬਦ ਸਨ ਕਿ ਉਸ ਨੂੰ ਰੂਸੀ ਫੌਜ ਤੋਂ ਬਚਾਓ, ਨਹੀਂ ਤਾਂ ਮਾਰ ਦਿੱਤਾ ਜਾਵੇਗਾ। ਫਿਰ ਉਸ ਦਾ ਕੋਈ ਪਤਾ ਨਹੀਂ ਲੱਗਾ।

ਰੂਸੀ ਫੌਜ ਭਾਰਤੀ ਲੜਕਿਆਂ ਨੂੰ ਧੱਕੇ ਨਾਲ ਕਰ ਰਹੀ ਭਰਤੀ

ਮਨਦੀਪ ਦੇ ਪਰਿਵਾਰ ਦੀਆਂ ਚਿੰਤਾਵਾਂ ਉਸ ਸਮੇਂ ਹੋਰ ਵੱਧ ਗਈਆਂ ਜਦੋਂ ਖ਼ਬਰ ਆਈ ਕਿ ਰੂਸੀ ਫੌਜ ਭਾਰਤੀ ਲੜਕਿਆਂ ਨੂੰ ਧੱਕੇ ਨਾਲ ਅਤੇ ਡਰਾ ਧਮਕਾ ਕੇ ਭਰਤੀ ਕਰ ਰਹੀ ਹੈ। ਇਸ ਦੇ ਨਾਲ ਹੀ ਅਜਿਹੀਆਂ ਵੀ ਖਬਰਾਂ ਸਾਹਮਣੇ ਆਈਆਂ ਸਨ ਕਿ ਭਰਤੀ ਕੀਤੇ ਗਏ ਇਨ੍ਹਾਂ ਨੌਜਵਾਨਾਂ ਨੂੰ ਰੂਸ ਦੀ ਯੂਕਰੇਨ ਨਾਲ ਚੱਲ ਰਹੀ ਜੰਗ ਲਈ ਭੇਜਿਆ ਜਾ ਰਿਹਾ ਹੈ।

ਅਜੇ ਤੱਕ ਮਨਦੀਪ ਨਾਲ ਨਹੀਂ ਹੋਇਆ ਕੋਈ ਸੰਪਰਕ

ਜਗਦੀਪ ਨੇ ਦੱਸਿਆ ਕਿ ਮਨਦੀਪ ਨੇ ਉਸ ਨੂੰ ਇਹ ਵੀ ਦੱਸਿਆ ਸੀ ਕਿ ਉਹ ਕਿੱਥੇ ਜਾ ਰਿਹਾ ਹੈ, ਉਸ ਦੇ ਨਾਲ 40 ਦੇ ਕਰੀਬ ਨੌਜਵਾਨ ਪੰਜਾਬੀ ਲੜਕੇ ਵੀ ਸਨ, ਜਿਨ੍ਹਾਂ ਨੂੰ ਜ਼ਬਰਦਸਤੀ ਰਸ਼ੀਅਨ ਆਰਮੀ ਵਿੱਚ ਭਰਤੀ ਕੀਤਾ ਗਿਆ ਸੀ। ਅਜਿਹੀਆਂ ਰਿਪੋਰਟਾਂ ਨੇ ਉਨ੍ਹਾਂ ਨੂੰ ਹੋਰ ਵੀ ਚਿੰਤਾ ਵਿੱਚ ਪਾ ਦਿੱਤਾ ਹੈ ਕਿ ਰੂਸੀ ਫੌਜ ਵਿੱਚ ਭਰਤੀ ਕੁਝ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੂੰ ਆਪਣੇ ਭਰਾ ਮਨਦੀਪ ਦੀ ਚਿੰਤਾ ਹੈ। ਅਜੇ ਤੱਕ ਮਨਦੀਪ ਨਾਲ ਕੋਈ ਸੰਪਰਕ ਨਹੀਂ ਹੋਇਆ ਅਤੇ ਉਸ ਦੀ ਕੀ ਹਾਲਤ ਹੈ ਇਸ ਬਾਰੇ ਕੁਝ ਪਤਾ ਨਹੀਂ ਲੱਗਾ। ਜਗਦੀਪ ਨੇ ਦੱਸਿਆ ਕਿ ਉਸ ਨੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਤਾਂ ਕਿ ਉਸ ਦੇ ਦਿਵਿਆਂਗ ਭਰਾ ਮਨਦੀਪ ਕੁਮਾਰ ਨੂੰ ਰੂਸੀ ਫੌਜ ਤੋਂ ਛੁਡਵਾ ਕੇ ਭਾਰਤ ਵਾਪਸ ਲਿਆਂਦਾ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਹੋਵੇਗਾ ਬੰਦ, ਕਿਸਾਨ ਲਾਉਣਗੇ ਕੈਬਿਨਾਂ ‘ਤੇ ਤਾਲਾ

ਮਾਮਲਾ ਇੱਕ ਪੱਤਰ ਰਾਹੀਂ ਵਿਦੇਸ਼ ਮੰਤਰਾਲੇ ਦੇ ਲਿਆਂਦਾ ਧਿਆਨ ਵਿੱਚ

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਇਹ ਮਾਮਲਾ ਇੱਕ ਪੱਤਰ ਰਾਹੀਂ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਹੈ। ਇਸ ਪੱਤਰ ਰਾਹੀਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇਸ ਮਾਮਲੇ ਵਿੱਚ ਜਲਦੀ ਤੋਂ ਜਲਦੀ ਦਖਲ ਦੇਣ ਦੀ ਅਪੀਲ ਕੀਤੀ ਹੈ ਅਤੇ ਮਨਦੀਪ ਸਮੇਤ ਰੂਸੀ ਫੌਜ ਵਿੱਚ ਜਬਰੀ ਭਰਤੀ ਕੀਤੇ ਗਏ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here