ਮੁੰਬਈ, 30 ਦਸੰਬਰ 2025 : ਮੁੰਬਈ (Mumbai) ਦੀ ਇਕ ਬਜ਼ੁਰਗ ਔਰਤ ਨਾਲ ਸਾਈਬਰ ਠੱਗਾਂ (Cyber thugs) ਨੇ ਕਥਿਤ ਤੌਰ `ਤੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਚੰਦਰਚੂੜ ਤੇ ਹੋਰ ਅਧਿਕਾਰੀ ਬਣ ਕੇ 3.71 ਕਰੋੜ ਰੁਪਏ ਦੀ ਠੱਗੀ (Fraud) ਮਾਰੀ ।
ਇਕ ਵਿਅਕਤੀ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ
ਇਕ ਪੁਲਸ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੂੰ ਗੁਜਰਾਤ `ਚ ਗ੍ਰਿਫ਼ਤਾਰ ਕੀਤਾ ਗਿਆ ਹੈ । 68 ਸਾਲਾ ਔਰਤ ਨੂੰ ਮਨੀ ਲਾਂਡਰਿੰਗ ਦੇ ਮਾਮਲੇ `ਚ `ਡਿਜੀਟਲ ਅਰੈਸਟ` (Digital arrest) ਕੀਤੇ ਜਾਣ ਤੋਂ ਬਾਅਦ ਉਕਤ ਵਿਅਕਤੀ ਨੇ ਧੋਖਾਦੇਹੀ ਵਾਲੇ ਪੈਸੇ ਦਾ ਵੱਡਾ ਹਿੱਸਾ ਆਪਣੇ ਬੈਂਕ ਖਾਤੇ `ਚ ਜਮ੍ਹਾ ਕਰਵਾ ਦਿੱਤਾ । ਇਹ ਘਟਨਾਚੱਕਰ ਇਸ ਸਾਲ 18 ਅਗਸਤ ਤੋਂ 13 ਅਕਤੂਬਰ ਦਰਮਿਆਨ ਵਾਪਰਿਆ ।
ਘਟਨਾਕ੍ਰਮ ਸਬੰਧੀ ਦਿੱਤੀ ਅਧਿਕਾਰੀ ਨੇ ਜਾਣਕਾਰੀ
ਅਧਿਕਾਰੀਆਂ ਨੇ ਦੱਸਿਆ ਕਿ 18 ਅਗਸਤ ਨੂੰ ਇਕ ਵਿਅਕਤੀ ਨੇ ਕੋਲਾਬਾ ਪੁਲਸ ਸਟੇਸ਼ਨ ਤੋਂ ਹੋਣ ਦਾ ਦਾਅਵਾ ਕਰਦੇ ਹੋਏ ਔਰਤ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਸ ਦੇ ਬੈਂਕ ਖਾਤੇ ਦੀ ਵਰਤੋਂ ਮਨੀ ਲਾਂਡਰਿੰਗ ਲਈ ਕੀਤੀ ਜਾ ਰਹੀ ਹੈ । ਉਸ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦਾ ਦਾਅਵਾ ਕਰਦੇ ਹੋਏ ਉਸ ਦੇ ਬੈਂਕ ਵੇਰਵੇ ਮੰਗੇ। ਮੁਲਜ਼ਮ ਨੇ ਅਧਿਕਾਰੀ ਐੱਸ. ਕੇ. ਜਾਇਸਵਾਲ ਵਜੋਂ ਪੇਸ਼ ਹੋ ਕੇ ਪੀੜਤਾ ਨੂੰ ਉਸ ਦੀ ਜਿ਼ੰਦਗੀ ’ਤੇ 2 ਜਾਂ 3 ਪੰਨਿਆਂ ਦਾ ਲੇਖ ਲਿਖਣ ਲਈ ਵੀ ਮਜਬੂਰ ਕੀਤਾ । ਫਿਰ ਉਸ ਨੇ ਔਰਤ ਨੂੰ ਕਿਹਾ ਕਿ ਉਹ ਉਸ ਦੇ ਨਿਰਦੋਸ਼ ਹੋਣ `ਤੇ ਯਕੀਨ ਕਰਦਾ ਹੈ ਤੇ ਉਸ ਨੂੰ ਜ਼ਮਾਨਤ ਮਿਲਣੀ ਯਕੀਨੀ ਬਣਾਏਗਾ ।
ਕਾਲਾਂ ਬੰਦ ਹੋਣ ਤੇ ਔਰਤ ਨੂੰ ਹੋਇਆ ਆਨ-ਲਾਈਨ ਧੋਖਾਧੜੀ ਦਾ ਸਿ਼ਕਾਰ ਹੋਣ ਦਾ ਅਹਿਸਾਸ
ਅਧਿਕਾਰੀ ਨੇ ਕਿਹਾ ਕਿ ਉਸ ਤੋਂ ਬਾਅਦ ਸਾਈਬਰ ਅਪਰਾਧੀਆਂ ਨੇ ਉਸ ਨੂੰ ਵੀਡੀਓ ਕਾਲ ਰਾਹੀਂ ਅਦਾਲਤ `ਚ ਇਕ ਵਿਅਕਤੀ ਨਾਲ ਮਿਲਾਇਆ ਜਿਸ ਨੇ ਆਪਣੇ ਆਪ ਨੂੰ ਜਸਟਿਸ ਚੰਦਰਚੂੜ ਵਜੋਂ ਪੇਸ਼ ਕੀਤਾ। ਉਸ ਤੋਂ ਉਸ ਦੇ ਨਿਵੇਸ਼ਾਂ ਦੀ ਪੁਸ਼ਟੀ ਕਰਨ ਲਈ ਵੇਰਵੇ ਮੰਗੇ ਗਏ । ਨਤੀਜੇ ਵਜੋਂ ਪੀੜਤਾ ਨੇ 2 ਮਹੀਨਿਆਂ ਅੰਦਰ ਕਈ ਬੈਂਕ ਖਾਤਿਆਂ `ਚ 3.75 ਕਰੋੜ ਰੁਪਏ ਟ੍ਰਾਂਸਫਰ ਕੀਤੇ। ਜਦੋਂ ਕਾਲਾਂ ਬੰਦ ਹੋ ਗਈਆਂ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਨਲਾਈਨ ਧੋਖਾਦੇਹੀ ਦਾ ਸਿ਼ਕਾਰ ਹੋ ਗਈ ਹੈ ।
Read More : ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ









