ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, ਤਸਕਰ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ
ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ | ਜਿਸਦੇ ਚੱਲਦਿਆਂ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਮਰੀਕਾ ਸਥਿਤ ਤਸਕਰ ਸਰਵਨ ਸਿੰਘ ਉਰਫ ਭੋਲਾ ਹਵੇਲੀਆਂ ਵੱਲੋਂ ਚਲਾਈ ਜਾ ਰਹੀ ਨਸ਼ੀਲੇ ਪਦਾਰਥ ਦੀ ਚੇਨ ਨੂੰ ਤੋੜਨ ਵਿਚ ਸਫਲਤਾ ਹਾਸਲ ਕੀਤੀ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਅਜਨਾਲਾ ਤੋਂ ਭੋਲਾ ਹਵੇਲੀਆਂ ਦੇ 3 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਖਾਲੜਾ ਦੇ ਕਰਨਜੀਤ ਸਿੰਘ, ਅੰਮ੍ਰਿਤਸਰ ਦੇ ਰਾਜਾਸਾਂਸੀ ਵਾਸੀ ਆਕਾਸ਼ ਸੇਠ ਉਰਫ ਰਘੂ ਤੇ ਸੁਖਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 6 ਪਿਸਤੌਲਾਂ, 5 30 ਬੋਰ ਸਟਾਰ ਪਿਸਤੌਲ ਤੇ 9mm ਗਲਾਕ ਦੇ ਨਾਲ-ਨਾਲ 6 ਜ਼ਿੰਦਾ ਕਾਰਤੂਸ ਤੇ 10 ਮੈਗਜ਼ੀਨ, 200 ਗ੍ਰਾਮ ਹੈਰੋਇਨ ਤੇ ਇਕ ਇਲੈਕਟ੍ਰਾਨਿਕ ਵੇਟ ਮਸ਼ੀਨ ਵੀ ਬਰਾਮਦ ਕੀਤੀ ਹੈ।
ਨੈਟਵਰਕ ਚਲਾ ਰਹੇ ਭੋਲਾ ਹਵੇਲੀਆਂ ‘ਤੇ 2 ਲੱਖ ਰੁਪਏ ਦਾ ਇਨਾਮ
ਵਿਦੇਸ਼ ਤੋਂ ਨੈਟਵਰਕ ਚਲਾ ਰਹੇ ਭੋਲਾ ਹਵੇਲੀਆਂ ‘ਤੇ 2 ਲੱਖ ਰੁਪਏ ਦਾ ਇਨਾਮ ਹੈ। ਪੰਜਾਬ ਦੇ ਡਰੱਗ ਤਸਕਰ ਰਨਜੀਤ ਉਰਫ ਚੀਤਾ ਦਾ ਭਰਾ ਹੈ ਤੇ ਚਰਚਿਤ 532 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲੇ ਵਿਚ ਲੋੜੀਂਦਾ ਵੀ ਹੈ ਜਿਸ ਵਿਚ ਚੀਤਾ ਨੂੰ ਮਈ 2020 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਣਜੀਤ ਚੀਤਾ ਜੁਲਾਈ 2019 ਵਿਚ ICP ਅਟਾਰੀ ਵਿਚ ਕਸਟਮ ਵਿਭਾਗ ਵੱਲੋਂ ਜ਼ਬਤ ਕੀਤੇ ਗਏ 532 ਪੈਕੇਟ ਹੈਰੋਇਨ ਦੀ ਤਸਕਰੀ ਪਿੱਛੇ ਮਾਸਟਰਮਾਈਂਡ ਸੀ। ਇਸ ਮਾਮਲੇ ਦੀ NIA ਜਾਂਚ ਕਰ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਨੂੰ ਮੁਲਜ਼ਮਾਂ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਭੋਲਾ ਹਵੇਲੀਆਂ ਦੇ ਸਾਥੀ ਹਥਿਆਰਾਂ ਦੀ ਖੇਪ ਦੀ ਡਲਿਵਰੀ ਕਰਨ ਜਾ ਰਹੇ ਸਨ। ਸੀਆਈਏ ਸਟਾਫ ਦੀ ਪੁਲਿਸ ਟੀਮਾਂ ਨੇ ਅਜਨਾਲਾ ਦੇ ਅਧਿਕਾਰ ਖੇਤਰ ਵਿਚ ਇਕ ਵਿਸ਼ੇਸ਼ ਪੁਲਿਸ ਚੈਕਿੰਗ ਕੀਤੀ ਤੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ।
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਹੋਈ ਮੌਤ
ਪੁਲਿਸ ਵੱਲੋਂ ਮਾਮਲੇ ਦੀ ਅੱਗੇ ਕੀਤੀ ਜਾ ਰਹੀ ਜਾਂਚ
ਫੜੇ ਗਏ ਮੁਲਜ਼ਮ ਆਕਾਸ਼ ਉਰਫ ਰਘੂ ਦੇ ਖੁਲਾਸੇ ‘ਤੇ ਪੁਲਿਸ ਟੀਮਾਂ ਨੇ ਉਸ ਵੱਲੋਂ ਦੱਸੀ ਗਈ ਥਾ ਤੋਂ 200 ਗ੍ਰਾਮ ਹੈਰੋਇਨ, 6 ਜ਼ਿੰਦਾ ਕਾਰਤੂਸ ਤੇ ਇਲੈਕਟ੍ਰਾਨਿਕ ਵੇਟ ਮਸ਼ੀਨ ਵੀ ਬਰਾਮਦ ਕੀਤੀ ਹੈ। ਸ਼ੁਰੂਆਤੀ ਜਾਂਚ ਮੁਤਾਬਕ ਮੁਤਾਬਕ ਮੁਲਜ਼ਮ ਵਿਅਕਤੀ ਸਿੱਧੇ ਯੂਐੱਸਏ ਸਥਿਤ ਤਸਕਰ ਭੋਲਾ ਹਵੇਲੀਆਂ ਦੇ ਸੰਪਰਕ ਵਿਚ ਸੀ। ਉਥੇ ਬੈਠਾ ਭੋਲਾ ਹਵੇਲੀਆਂ ਹਥਿਆਰਾਂ ਤੇ ਹੈਰੋਇਨ ਦਾ ਨੈਟਵਰਕ ਚਲਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅੱਗੇ ਜਾਂਚ ਕੀਤੀ ਜਾ ਰਹੀ ਹੈ |