ਚੋਰੀ ਕਰਨ ਮਗਰੋਂ ਘਰ ‘ਚ AC ਚਲਾ ਕੇ ਹੀ ਸੌਂ ਗਿਆ ਚੋਰ , ਪੁਲਿਸ ਵਾਲਿਆਂ ਨੇ ਸਵੇਰੇ ਕੀਤੀ Good Morning!
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਅਜੀਬ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਚੋਰੀ ਕਰਨ ਮਗਰੋਂ ਚੋਰ ਘਰ ‘ਚ AC ਚਲਾ ਕੇ ਹੀ ਸੌਂ ਗਿਆ | ਦਰਅਸਲ , ਇਕ ਚੋਰ ਬੰਦ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਗਿਆ ਸੀ | ਉਸ ਨੇ ਪਹਿਲਾਂ ਗਹਿਣਿਆਂ ‘ਤੇ ਹੱਥ ਸਾਫ਼ ਕੀਤਾ ਅਤੇ ਫਿਰ ਕੁਝ ਕੀਮਤੀ ਸਾਮਾਨ ਪੈਕ ਕੀਤਾ। ਵਾਸ਼ ਬੇਸਿਨ ਅਤੇ ਟੁੱਲੂ ਪੰਪ ਵੀ ਉਖਾੜ ਲਿਆ, ਪਰ ਬੇਅੰਤ ਪੈ ਰਹੀ ਗਰਮੀ ‘ਚ ਉਸਦੀ ਹਾਲਤ ਖਰਾਬ ਹੋ ਗਈ | ਉਸ ਨੇ ਏਸੀ ਚਾਲੂ ਕਰਕੇ ਥੋੜ੍ਹਾ ਆਰਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹ ਆਰਾਮ ਉਸ ਨੂੰ ਮਹਿੰਗਾ ਪਿਆ। ਨਸੇ ਵਿਚ ਹੋਣ ਕਾਰਨ ਉਹ ਉਥੇ ਸੌਂ ਗਿਆ ਅਤੇ ਫਿਰ ਜਦੋਂ ਉਹ ਜਾਗਿਆ ਤਾਂ ਪੁਲਿਸ ਵਾਲਿਆਂ ਨਾਲ ਉਸ ਦੀ ਗੁਡ ਮਾਰਨਿੰਗ ਹੋਈ ਤੇ ਉਹ ਥਾਣੇ ਪਹੁੰਚ ਗਿਆ।
ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ ਸੂਚਨਾ
ਇਹ ਘਟਨਾ ਲਖਨਊ ਦੇ ਇੰਦਰਾ ਨਗਰ ਦੇ ਸੈਕਟਰ 20 ਵਿੱਚ ਡਾਕਟਰ ਸੁਨੀਲ ਪਾਂਡੇ ਦੇ ਘਰ ਵਾਪਰੀ। ਜਿੱਥੇ ਕੁਝ ਚੋਰ ਘਰ ‘ਚ ਚੋਰੀ ਕਰਨ ਲਈ ਗਏ | ਇਨ੍ਹਾਂ ਲੋਕਾਂ ਨੇ ਸਾਰੀਆਂ ਅਲਮਾਰੀਆਂ ਤੋੜ ਦਿੱਤੀਆਂ। ਗਹਿਣੇ ਚੋਰੀ ਕਰ ਲਏ। ਇੱਥੋਂ ਤੱਕ ਕਿ ਗੈਸ ਸਿਲੰਡਰ, ਵਾਸ਼ ਬੇਸਿਨ ਅਤੇ ਟੁੱਲੂ ਪੰਪ ਵੀ ਉਖਾੜ ਲਿਆ। ਜਿਸ ਤੋਂ ਬਾਅਦ ਇੱਕ ਚੋਰ ਨਸ਼ੇ ਵਿਚ ਹੋਣ ਕਰਕੇ ਘਰ ਵਿੱਚ ਸੌਂ ਗਿਆ । ਉਸ ਦੇ ਬਾਕੀ ਸਾਥੀ ਭੱਜ ਗਏ। ਸਵੇਰੇ ਜਦੋਂ ਗੁਆਂਢੀਆਂ ਨੇ ਘਰ ਦਾ ਦਰਵਾਜ਼ਾ ਖੁੱਲ੍ਹਾ ਦੇਖਿਆ ਤਾਂ ਉਨ੍ਹਾਂ ਨੇ ਮਕਾਨ ਮਾਲਕ ਦੇ ਨਾਲ-ਨਾਲ ਆਰਡਬਲਿਊਏ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ।
ਇਹ ਵੀ ਪੜ੍ਹੋ :ਨਿੱਕੀ ਉਮਰੇ ਚੰਡੀਗੜ੍ਹ ਦੀ ਜਿਆਨਾ ਨੇ ਰਚਿਆ ਇਤਿਹਾਸ , FIDE ਰੇਟਿੰਗ ‘ਚ ਮਿਲਿਆ ਪਹਿਲਾ ਸਥਾਨ
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਕਪਿਲ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਪੀੜਤ ਡਾਕਟਰ ਸੁਨੀਲ ਪਾਂਡੇ ਪਹਿਲਾਂ ਬਲਰਾਮਪੁਰ ਹਸਪਤਾਲ ਲਖਨਊ ‘ਚ ਤਾਇਨਾਤ ਸੀ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਬਦਲੀ ਹੋ ਗਈ ਸੀ ਅਤੇ ਉਹ ਇਸ ਸਮੇਂ ਵਾਰਾਣਸੀ ‘ਚ ਸੇਵਾ ਨਿਭਾਅ ਰਿਹਾ ਹੈ।