ਸਰਪੰਚ ਦੀ ਨਾਮਜ਼ਦਗੀ ਭਰਨ ਗਏ ਦੋ ਧੜਿਆਂ ਵਿੱਚ ਹੋਈ ਖੂਨੀ ਝੜਪ, ਇੱਕ ਔਰਤ ਦੀ ਮੌਤ, ਦੋ ਜ਼ਖਮੀ
2 ਦਿਨ ਪਹਿਲਾਂ ਬਲਾਕ ਰਾਜਾਸਾਂਸੀ ਵਿੱਚ ਸਰਪੰਚ ਦੀ ਨਾਮਜ਼ਦਗੀ ਭਰਨ ਦੌਰਾਨ ਸ਼ਾਮ ਵੇਲੇ ਪਿੰਡ ਕਮਾਸਕਾ ਵਿੱਚ ਦੋ ਧੜਿਆਂ ਵਿੱਚ ਹੋਈ ਤਕਰਾਰ ਨੇ ਖੂਨੀ ਝੜਪ ਦਾ ਰੂਪ ਧਾਰਨ ਕਰ ਲਿਆ। ਇਕ ਗਰੁੱਪ ਦੇ ਹਮਲਾਵਰਾਂ ਨੇ ਦੂਜੇ ਗਰੁੱਪ ‘ਤੇ ਡਬਲ ਬੈਰਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦਾਤਰ ਦੇ ਹਮਲੇ ਕਾਰਨ 42 ਸਾਲਾ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਭਰਾ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਘਟਨਾ ਸ਼ੁੱਕਰਵਾਰ ਸ਼ਾਮ 6:30 ਵਜੇ ਦੀ ਹੈ। ਮ੍ਰਿਤਕਾ ਦੀ ਪਛਾਣ ਕੁਲਦੀਪ ਕੌਰ ਵਾਸੀ ਕਮਾਸਕਾ ਵਜੋਂ ਹੋਈ ਹੈ। ਜਦਕਿ ਜ਼ਖਮੀ ਦੋਵੇਂ ਭਰਾ ਪ੍ਰੇਮ ਸਿੰਘ ਅਤੇ ਸ਼ਮਸ਼ੇਰ ਸਿੰਘ ਵੀ ਕਮਾਸਕਾ ਦੇ ਰਹਿਣ ਵਾਲੇ ਹਨ।
27 ਹਮਲਾਵਰਾਂ ਖ਼ਿਲਾਫ਼ ਕੇਸ ਦਰਜ
ਇਸ ਮਾਮਲੇ ਵਿੱਚ ਥਾਣਾ ਲੋਪੋਕੇ ਦੀ ਪੁਲਿਸ ਨੇ ਇੱਕ ਔਰਤ ਸਮੇਤ 27 ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। 4 ਮੁਲਜ਼ਮ ਹੀਰਾ ਸਿੰਘ, ਚਰਨ ਸਿੰਘ, ਕਾਲਾ ਅਤੇ ਦਲਵੇਜ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਦੱਸ ਦਈਏ ਕਿ ਔਰਤ ਦਾ ਤਲਵਾਰ ਨਾਲ ਕਤਲ ਕਰਨ ਵਾਲਾ ਮੁਲਜ਼ਮ ਮੇਜਰ ਸਿੰਘ ਅਜੇ ਵੀ ਫਰਾਰ ਹੈ। ਮੁਲਜ਼ਮ ਔਰਤ ਨਵ, ਸੁਖਬੀਰ ਸਿੰਘ, ਸੁਰਜੀਤ ਸਿੰਘ, ਆਲਮ ਸਿੰਘ, ਜਗਰੂਪ ਸਿੰਘ, ਗੁਰਸੇਵਕ ਸਿੰਘ, ਬੋਹੜ ਸਿੰਘ, ਬਾਜ ਸਿੰਘ, ਰਣਜੀਤ ਸਿੰਘ, ਯੋਧਬੀਰ ਸਿੰਘ, ਸ਼ਰਨਜੀਤ ਸਿੰਘ, ਕਾਲਾ ਪੁੱਤਰ ਬੰਤਾ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ ਜੁਗਰਾਜ ਸਿੰਘ ਪੁੱਤਰ ਦਿਲਬਾਗ ਸਿੰਘ, ਜੁਗਰਾਜ ਸਿੰਘ ਪੁੱਤਰ ਮੇਜਰ ਸਿੰਘ, ਕਾਬਲ ਸਿੰਘ, ਪਾਲ ਸਿੰਘ, ਮਿਰਜ਼ਾ ਸਿੰਘ, ਨਿਸ਼ਾਨ ਸਿੰਘ, ਸੁਖਦੇਵ ਸਿੰਘ ਅਤੇ ਟੀਟੂ ਵਾਸੀ ਕਮਾਸਕਾ ਅਜੇ ਫਰਾਰ ਹਨ।
ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ
ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਮਾਸੀ ਜਸਪਾਲ ਕੌਰ ਨੇ 4 ਸਤੰਬਰ ਨੂੰ ਸਰਪੰਚੀ ਲਈ ਨਾਮਜ਼ਦਗੀ ਦਾਖਲ ਕੀਤੀ ਸੀ। ਇੱਕ ਹੋਰ ਗਰੁੱਪ ਦੀ ਦਲਜੀਤ ਕੌਰ ਵੀ ਨਾਮਜ਼ਦਗੀ ਦਾਖ਼ਲ ਕਰਨ ਲਈ ਉੱਥੇ ਪਹੁੰਚੀ। ਉੱਥੇ ਦੋਵੇ ਧੜੇ ਤੇਰੇ ਤੇ ਮੇਰੇ ਵਿੱਚ ਵੰਡੇ ਗਏ। ਜਿਸ ਤੋਂ ਬਾਅਦ ਮੁਲਜ਼ਮ ਮੇਜਰ ਸਿੰਘ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਉਹ ਨਾਮਜ਼ਦਗੀ ਪੱਤਰ ਭਰ ਕੇ ਵਾਪਸ ਪਿੰਡ ਕਮਾਸਕਾ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ਨੂੰ ਪਿੰਡ ਵਿੱਚ ਘੇਰ ਲਿਆ। ਦੋਸ਼ੀ ਔਰਤ ਨਵ ਨੇ ਉਸ ਨੂੰ ਲਲਕਾਰਿਆ ਅਤੇ ਡਬਲ ਬੈਰਲ ਨਾਲ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਹਮਲੇ ਵਿਚ ਉਸ ਦੇ ਦੋ ਭਰਾ ਪ੍ਰੇਮ ਸਿੰਘ ਅਤੇ ਸ਼ਮਸ਼ੇਰ ਸਿੰਘ ਦੀ ਛਾਤੀ, ਬਾਹਾਂ ਅਤੇ ਲੱਤਾਂ ‘ਤੇ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ।
ਹਮਲਾਵਰਾਂ ਨੇ 20/25 ਰਾਊਂਡ ਫਾਇਰ ਕੀਤੇ
ਜਦੋਂ ਉਸ ਦੀ ਪਤਨੀ ਕੁਲਦੀਪ ਕੌਰ ਦਖਲ ਦੇਣ ਲਈ ਅੱਗੇ ਆਈ ਤਾਂ ਦੋਸ਼ੀ ਮੇਜਰ ਨੇ ਉਸ ਦੇ ਸਿਰ ‘ਤੇ ਡੰਡੇ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਮਲਾਵਰਾਂ ਨੇ 20/25 ਰਾਊਂਡ ਫਾਇਰ ਕੀਤੇ ਸਨ। ਪੁਲੀਸ ਨੇ 8 ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ। ਐਸਆਈ ਸਵਿੰਦਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਬਾਕੀ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।