IPL 2025: ਗੌਤਮ ਗੰਭੀਰ ਦੀ ਥਾਂ ਲੈਣਗੇ ਜ਼ਹੀਰ ਖਾਨ, ਲਖਨਊ ਸੁਪਰ ਜਾਇੰਟਸ ਦੇ ਬਣੇ Mentor
ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖਾਨ IPL ਫ੍ਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਬਣ ਗਏ ਹਨ। LSG ਦੇ ਮਾਲਕ ਸੰਜੀਵ ਗੋਇੰਕਾ ਨੇ ਕੋਲਕਾਤਾ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਾਲ ਹੀ ਟੀਮ ਦੇ ਕਪਤਾਨ ਕੇਐੱਲ ਰਾਹੁਲ ਨੂੰ ਲੈ ਕੇ ਕਿਹਾ ਕਿ ਉਹ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹਨ।
ਜ਼ਹੀਰ ਰਣਨੀਤੀ ਬਣਾਉਣ ਵਿੱਚ ਮਾਹਿਰ
ਟੀਮ ਦੇ ਮਾਲਕ ਸੰਜੀਵ ਗੋਇੰਕਾ ਨੇ ਕਿਹਾ ਕਿ ਜ਼ਹੀਰ ਰਣਨੀਤੀ ਬਣਾਉਣ ਵਿੱਚ ਮਾਹਿਰ ਹਨ। ਇਸਦਾ ਟੀਮ ਨੂੰ ਫਾਇਦਾ ਮਿਲੇਗਾ। ਇਸ ਦੌਰਾਨ ਸੰਜੀਵ ਤੋਂ ਜਦੋਂ ਖਿਡਾਰੀਆਂ ਦੀ ਰਿਟੇਨ ਲਿਸਟ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਰਿਟੇਨ ਤੇ ਰਿਲੀਜ਼ ‘ਤੇ ਗੱਲ ਕਰਨ ਦੇ ਲਈ ਕਾਫ਼ੀ ਸਮਾਂ ਹੈ। ਕਿਸੇ ਵੀ ਤਰ੍ਹਾਂ ਦਾ ਫੈਸਲਾ ਵਿਚਾਰ ਕਰਨ ਦੇ ਬਾਅਦ ਹੀ ਲਿਆ ਜਾਵੇਗਾ।
2022 ਦੇ ਸੀਜ਼ਨ ਵਿੱਚ ਗੌਤਮ ਗੰਭੀਰ LSG ਦੇ ਮੈਂਟਰ ਸਨ
ਦੱਸ ਦਈਏ ਕਿ ਜ਼ਹੀਰ ਤੋਂ ਪਹਿਲਾਂ 2022 ਦੇ ਸੀਜ਼ਨ ਵਿੱਚ ਗੌਤਮ ਗੰਭੀਰ LSG ਦੇ ਮੈਂਟਰ ਸਨ। ਗੰਭੀਰ 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਬਣ ਗਏ ਸਨ, ਜਿਸਦੇ ਬਾਅਦ LSG ਮੈਂਟਰ ਦੀ ਜਗ੍ਹਾ ਖਾਲੀ ਸੀ। ਇਸ ਦੇ ਨਾਲ ਹੀ ਲਖਨਊ ਵਿੱਚ ਫਿਲਹਾਲ ਬਾਲਿੰਗ ਕੋਚ ਦੀ ਪੋਸਟ ਖਾਲੀ ਹੈ। ਟੀਮ ਦੇ ਪਿਛਲੇ ਬਾਲਿੰਗ ਕੋਚ ਮੋਰਨੇ ਮਾਰਕਲ ਟੀਮ ਇੰਡੀਆ ਦੇ ਨਾਲ ਜੁੜ ਗਏ ਹਨ। ਅਜਿਹੇ ਵਿੱਚ ਜ਼ਹੀਰ ਮੈਂਟਰ ਦੇ ਨਾਲ ਬਾਲਿੰਗ ਕੋਚ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਜ਼ਹੀਰ 2018 ਤੋਂ 2022 ਤੱਕ ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਡਾਇਰੈਕਟਰ ਰਹੇ।
2017 ਵਿੱਚ ਖੇਡਿਆ ਆਖਰੀ IPL ਮੈਚ
ਧਿਆਨਯੋਗ ਹੈ ਕਿ IPL ਵਿੱਚ ਬਤੌਰ ਖਿਡਾਰੀ ਜ਼ਹੀਰ ਖਾਨ ਤਿੰਨ ਟੀਮਾਂ ਵੱਲੋਂ ਖੇਡ ਚੁੱਕੇ ਹਨ। ਉਹ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਸ ਬੈਂਗਲੌਰ ਤੇ ਦਿੱਲੀ ਡੇਅਰਡੇਵਿਲਸ ਦਾ ਹਿੱਸਾ ਰਹਿ ਚੁੱਕੇ ਹਨ। ਜ਼ਹੀਰ ਦੇ ਕੋਲ 100 IPL ਮੈਚਾਂ ਦਾ ਅਨੁਭਵ ਹੈ। 100 ਮੈਚਾਂ ਵਿੱਚ ਉਨ੍ਹਾਂ ਨੇ 102 ਵਿਕਟਾਂ ਲਈਆਂ। 2017 ਵਿੱਚ ਉਨ੍ਹਾਂ ਨੇ ਆਖਰੀ IPL ਮੈਚ ਖੇਡਿਆ ਸੀ। ਜ਼ਹੀਰ ਖਾਨ LSG ਦੇ ਹੈੱਡ ਕੋਚ ਜਸਟਿਨ ਲੈਂਗਰ ਦੇ ਨਾਲ ਕੋਚਿੰਗ ਸਟਾਫ਼ ਵਿੱਚ ਸ਼ਾਮਿਲ ਹੋਣਗੇ। ਜ਼ਹੀਰ ਖਾਨ ਨੇ ਭਾਰਤ ਵੱਲੋਂ 92 ਟੈਸਟ, 200 ਵਨਡੇ ਤੇ 17 ਟੀ-20 ਮੈਚ ਖੇਡੇ ਹਨ। ਉਨ੍ਹਾਂ ਦੇ ਨਾਮ 311 ਟੈਸਟ, 282 ਵਨਡੇ ਤੇ 17 ਟੀ-20 ਵਿਕਟਾਂ ਸ਼ਾਮਿਲ ਹਨ।