ਪੰਜਾਬ ਪਹੁੰਚਣ ‘ਤੇ ਅਰਸ਼ਦੀਪ ਦਾ ਹੋਇਆ ਸ਼ਾਨਦਾਰ ਸਵਾਗਤ , ਕਿਹਾ- ਮੈਂ ਘਰ ਜਾ ਕੇ ਮਾਂ ਦੇ ਹੱਥ ਦੀ ਬਣੀ ਰੋਟੀ ਖਾਣੀ ਹੈ…
ਸ਼ਨੀਵਾਰ ਦੇਰ ਸ਼ਾਮ ਭਾਰਤੀ ਟੀ-20 ਕ੍ਰਿਕਟ ਟੀਮ ਦੇ ਗੇਂਦਬਾਜ਼ ਅਰਸ਼ਦੀਪ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚ ਗਏ। ਜਿੱਥੋਂ ਉਹ ਮੁਹਾਲੀ ਦੇ ਖਰੜ ਕਸਬੇ ਵਿੱਚ ਆਪਣੇ ਘਰ ਗਏ। ਜਿਸਦੇ ਚੱਲਦਿਆਂ ਉਨ੍ਹਾਂ ਦੇ ਘਰ ‘ਚ ਉਨ੍ਹਾਂ ਦੇ ਸੁਆਗਤ ਲਈ ਪਹਿਲਾਂ ਹੀ ਪੂਰੀ ਤਿਆਰੀਆਂ ਕਰ ਲਈਆਂ ਗਈਆਂ ਸਨ। ਜਿੱਥੇ ਕਿ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।
ਮੰਤਰੀ ਅਨਮੋਲ ਗਗਨ ਮਾਨ ਨੇ ਹਵਾਈ ਅੱਡੇ ‘ਤੇ ਕੀਤਾ ਸਵਾਗਤ
ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਰਸ਼ਦੀਪ ਸਿੰਘ ਦਾ ਹਵਾਈ ਅੱਡੇ ‘ਤੇ ਸਵਾਗਤ ਕੀਤਾ। ਇੱਥੋਂ ਉਨ੍ਹਾਂ ਦੇ ਗ੍ਰਹਿ ਖਰੜ ਤੱਕ ਜੇਤੂ ਮਾਰਚ ਕੱਢਿਆ ਗਿਆ। ਲੋਕਾਂ ਨੇ ਢੋਲ ਢਮੱਕੇ ਨਾਲ ਉਸ ਦਾ ਘਰ ਵਿੱਚ ਸਵਾਗਤ ਕੀਤਾ। ਅਰਸ਼ਦੀਪ ਦਾ ਘਰ ਖਰੜ ਦੀ ਇੱਕ ਪ੍ਰਾਈਵੇਟ ਸੁਸਾਇਟੀ ਵਿੱਚ ਹੈ। ਸੁਸਾਇਟੀ ਪਹੁੰਚਣ ‘ਤੇ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ।
ਅਰਸ਼ਦੀਪ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਤੁਸੀਂ ਲੋਕ ਇੱਥੇ ਮੇਰਾ ਸੁਆਗਤ ਕਰਨ ਆਏ ਹੋ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਅੱਗੇ ਮੈਂ ਆਪਣੇ ਪਰਿਵਾਰ ਨਾਲ ਕੁਝ ਸਮਾਂ ਬਿਤਾਉਣਾ ਹੈ ਅਤੇ ਮੈਂ ਘਰ ਜਾ ਕੇ ਮਾਂ ਦੇ ਹੱਥ ਦੀ ਬਣੀ ਰੋਟੀ ਖਾਣੀ ਹੈ।
ਵਿਸ਼ਵ ਕੱਪ ਜਿੱਤਣ ਤੋਂ ਦੁੱਗਣੀ ਖੁਸ਼ੀ ਹੋ ਰਹੀ ਮਹਿਸੂਸ
ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਨੇ ਦੱਸਿਆ ਕਿ ਜਦੋਂ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ ਤਾਂ ਮੈਂ ਉੱਥੇ ਬੈਠੀ ਸੀ ਅਤੇ ਮੇਰੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਨਿਕਲ ਆਏ। ਕਿਉਂਕਿ ਮੇਰਾ ਬੇਟਾ ਅਰਸ਼ਦੀਪ ਵੀ ਉਸ ਟੀਮ ਵਿੱਚ ਖੇਡ ਰਿਹਾ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਨੇ ਕਿਹਾ ਕਿ ਉਹ ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਦੁੱਗਣੀ ਖੁਸ਼ੀ ਮਹਿਸੂਸ ਕਰ ਰਹੇ ਹਨ।