BCCI ਨੇ ਸ਼੍ਰੀਲੰਕਾ ਦੌਰੇ ਦਾ ਨਵਾਂ ਸ਼ਡਿਊਲ ਕੀਤਾ ਜਾਰੀ, ਇਸ ਦਿਨ ਤੋਂ ਸ਼ੁਰੂ ਹੋਵੇਗੀ ਸੀਰੀਜ਼
ਭਾਰਤੀ ਟੀਮ ਇਸ ਸਮੇਂ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਜ਼ਿੰਬਾਬਵੇ ਦੇ ਦੌਰੇ ‘ਤੇ ਹੈ। ਇਸ ਤੋਂ ਬਾਅਦ ਟੀਮ ਇੰਡੀਆ ਨੂੰ ਸ਼੍ਰੀਲੰਕਾ ਦੇ ਖਿਲਾਫ ਤਿੰਨ ਮੈਚਾਂ ਦੀ ਟੀ-20 ਅਤੇ ਇੰਨੀ ਹੀ ਵਨਡੇ ਸੀਰੀਜ਼ ਖੇਡਣੀ ਹੈ। ਦੱਸ ਦਈਏ ਕਿ ਮੁੱਖ ਕੋਚ ਬਣਨ ਤੋਂ ਬਾਅਦ ਗੌਤਮ ਗੰਭੀਰ ਦਾ ਇਹ ਪਹਿਲਾ ਦੌਰਾ ਹੋਵੇਗਾ। ਹਾਲ ਹੀ ‘ਚ BCCI ਸਕੱਤਰ ਜੈ ਸ਼ਾਹ ਨੇ ਉਨ੍ਹਾਂ ਦੀ ਮੁੱਖ ਕੋਚ ਵਜੋਂ ਨਿਯੁਕਤੀ ਦਾ ਐਲਾਨ ਕੀਤਾ ਸੀ। ਦਰਅਸਲ, ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਰਾਹੁਲ ਦ੍ਰਾਵਿੜ ਦਾ ਮੁੱਖ ਕੋਚ ਵਜੋਂ ਕਾਰਜਕਾਲ ਖ਼ਤਮ ਹੋ ਗਿਆ ਸੀ। ਹੁਣ ਟੀਮ ਇੰਡੀਆ ਨਵੇਂ ਕੋਚ ਦੇ ਨਿਰਦੇਸ਼ਨ ‘ਚ ਖੇਡਦੀ ਨਜ਼ਰ ਆਵੇਗੀ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪ੍ਰੋਗਰਾਮ ‘ਚ ਕੀਤਾ ਬਦਲਾਅ
ਇਸ ਦੌਰੇ ਦੇ ਪ੍ਰੋਗਰਾਮ ‘ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬਦਲਾਅ ਕੀਤਾ ਹੈ। । ਦਰਅਸਲ, ਟੀ-20 ਸੀਰੀਜ਼ 26 ਜੁਲਾਈ ਤੋਂ ਸ਼ੁਰੂ ਹੋਣੀ ਸੀ। ਹਾਲਾਂਕਿ ਹੁਣ BCCI ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾ ਮੈਚ 27 ਜੁਲਾਈ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ 20 ਤੋਂ ਬਾਅਦ ਇਸ ਦੌਰੇ ਲਈ ਰਵਾਨਾ ਹੋ ਸਕਦੀ ਹੈ। ਹਾਲਾਂਕਿ, BCCI ਵੱਲੋਂ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤਿੰਨ ਮੈਚਾਂ ਦੀ ਟੀ-20 ਸੀਰੀਜ਼ 27 ਜੁਲਾਈ ਤੋਂ ਸ਼ੁਰੂ ਹੋਵੇਗੀ। ਦੂਜਾ ਮੈਚ 28 ਨੂੰ ਅਤੇ ਤੀਜਾ ਮੈਚ 30 ਜੁਲਾਈ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਵਨਡੇ ਸੀਰੀਜ਼ 2 ਅਗਸਤ ਤੋਂ ਸ਼ੁਰੂ ਹੋਵੇਗੀ, ਜਿਸ ਦਾ ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 4 ਅਤੇ 7 ਅਗਸਤ ਨੂੰ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਤੇ ਭ.ੜਕਾਓ ਟਿੱਪਣੀਆਂ ਕਰਨੀਆਂ ਪਈਆਂ ਮਹਿੰਗੀਆਂ , 3 ਲੋਕਾਂ ਖਿਲਾਫ FIR ਹੋਈ ਦਰਜ
ਸ਼੍ਰੀਲੰਕਾ ਦੌਰੇ ‘ਤੇ ਟੀਮ ਦੀ ਕਪਤਾਨੀ ਕਿਸ ਨੂੰ ਦਿੱਤੀ ਜਾਵੇਗੀ ?
ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਦੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੇ ਵੀ ਇਸ ਫਾਰਮੈਟ ਤੋਂ ਸੰਨਿਆਸ ਲੈ ਲਿਆ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਹਿਟਮੈਨ ਦੀ ਜਗ੍ਹਾ ਸ਼੍ਰੀਲੰਕਾ ਦੌਰੇ ‘ਤੇ ਟੀਮ ਦੀ ਕਪਤਾਨੀ ਕਿਸ ਨੂੰ ਦਿੱਤੀ ਜਾਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਪੰਡਯਾ ਅਤੇ ਕੇਐਲ ਰਾਹੁਲ ਇਸ ਸੀਰੀਜ਼ ਲਈ ਕਪਤਾਨੀ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਹਾਲਾਂਕਿ BCCI ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।