ਆਂਧਰਾ ਪ੍ਰਦੇਸ਼ ‘ਚ ਚੌਥੇ ਪੜਾਅ ਦੀ ਵੋਟਿੰਗ ਦੌਰਾਨ ਲਾਈਨ ‘ਚ ਖੜ੍ਹੇ ਵੋਟਰ ਨੂੰ ਵਿਧਾਇਕ ਨੇ ਮਾਰਿਆ ਥੱਪੜ || Latest News
ਲੋਕ ਸਭਾ ਚੋਣਾਂ ਦੇ ਚੱਲਦਿਆਂ ਅੱਜ ਦੇਸ਼ ਵਿੱਚ ਚੌਥੇ ਪੜਾਅ ਦੀ ਵੋਟਿੰਗ ਹੋ ਰਹੀ ਹੈ | ਇਸੇ ਦੇ ਤਹਿਤ ਆਂਧਰਾ ਪ੍ਰਦੇਸ਼ ਦੇ ਇੱਕ ਪੋਲਿੰਗ ਬੂਥ ਤੋਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਵਾਈਐਸਆਰ ਕਾਂਗਰਸ ਦੇ ਵਿਧਾਇਕ ਏ ਸ਼ਿਵਕੁਮਾਰ ਨੂੰ ਇੱਕ ਵੋਟਰ ਨੂੰ ਥੱਪੜ ਮਾਰਦੇ ਹੋਏ ਦੇਖਿਆ ਜਾ ਰਿਹਾ ਹੈ ਤੇ ਬਦਲੇ ਵਿੱਚ ਵੋਟਰ ਨੇ ਵੀ ਵਿਧਾਇਕ ਨੂੰ ਥੱਪੜ ਮਾਰਿਆ। ਇਸ ਤੋਂ ਬਾਅਦ ਝਗੜਾ ਇੰਨਾ ਵੱਧ ਗਿਆ ਕਿ ਵਿਧਾਇਕ ਦੇ ਸਮਰਥਕਾਂ ਨੇ ਪੋਲਿੰਗ ਬੂਥ ਦੇ ਅੰਦਰ ਵੋਟਰ ‘ਤੇ ਹਮਲਾ ਕਰ ਦਿੱਤਾ। ਇਸ ਲੜਾਈ ਦੀ ਵੀਡੀਓ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀ ਹੈ |
ਲਾਈਨ ਤੋੜ ਕੇ ਅੱਗੇ ਵਧਣ ਦੀ ਕੀਤੀ ਕੋਸ਼ਿਸ਼
ਦਰਅਸਲ , ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ (ਵਾਈਐਸਆਰਸੀਪੀ) ਦੇ ਵਿਧਾਇਕ ਅਤੇ ਵਿਧਾਨ ਸਭਾ ਚੋਣ ਉਮੀਦਵਾਰ ਏ. ਸ਼ਿਵਕੁਮਾਰ ਗੁੰਟੂਰ ਦੇ ਤੇਨਾਲੀ ‘ਚ ਪੋਲਿੰਗ ਬੂਥ ‘ਤੇ ਪਹੁੰਚੇ। ਜਿੱਥੇ ਸ਼ਿਵਕੁਮਾਰ ਲਾਈਨ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬੂਥ ‘ਤੇ ਪੋਲਿੰਗ ਲਈ ਲਾਈਨ ਵਿੱਚ ਖੜ੍ਹੇ ਇੱਕ ਵੋਟਰ ਨੇ ਸ਼ਿਵਕੁਮਾਰ ਦੇ ਲਾਈਨ ਤੋੜਨ ‘ਤੇ ਇਤਰਾਜ਼ ਜ਼ਾਹਿਰ ਕੀਤਾ | ਇਸ ‘ਤੇ ਵਿਧਾਇਕ ਸ਼ਿਵਕੁਮਾਰ ਦਾ ਗੁੱਸਾ ਅਸਮਾਨ ‘ਤੇ ਪਹੁੰਚ ਗਿਆ।
ਵੋਟਰ ਨੇ ਵੀ ਵਿਧਾਇਕ ਨੂੰ ਮਾਰਿਆ ਥੱਪੜ
ਉਸ ਨੇ ਤੁਰੰਤ ਵੋਟਰ ਨੂੰ ਥੱਪੜ ਮਾਰ ਦਿੱਤਾ। ਬਦਲੇ ‘ਚ ਵੋਟਰ ਨੇ ਵੀ ਵਿਧਾਇਕ ਨੂੰ ਥੱਪੜ ਮਾਰਿਆ। ਮਾਮਲਾ ਇੰਨਾ ਵੱਧ ਗਿਆ ਕਿ ਵਿਧਾਇਕ ਦੇ ਸਮਰਥਕਾਂ ਨੇ ਵੋਟਰ ‘ਤੇ ਹਮਲਾ ਕਰ ਦਿੱਤਾ। ਦੱਸ ਦਈਏ ਕਿ ਆਮ ਚੋਣਾਂ ਲਈ ਜਿੱਥੇ 25 ਹਲਕਿਆਂ ਲਈ ਵੋਟਾਂ ਪੈਣ ਜਾ ਰਹੀਆਂ ਹਨ, ਉੱਥੇ ਹੀ 175 ਸੀਟਾਂ ‘ਤੇ ਰਾਜ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ।