ਪਟਿਆਲਾ ‘ਚ ਚੋਣ ਕਮਿਸ਼ਨ ਨੇ ਲਿਆ ਵੱਡਾ ਐਕਸ਼ਨ , 3 ਆਜ਼ਾਦ ਉਮੀਦਵਾਰਾਂ ਦੇ ਵਾਹਨਾਂ ਦੀ ਮਨਜ਼ੂਰੀ ਕਰ ਦਿੱਤੀ ਰੱਦ
ਲੋਕ ਸਭਾ ਚੋਣਾਂ ਤੋਂ ਪਹਿਲਾਂ ਪਟਿਆਲਾ ‘ਚ ਚੋਣ ਕਮਿਸ਼ਨ ਨੇ ਵੱਡਾ ਐਕਸ਼ਨ ਲਿਆ ਹੈ ਜਿਸਦੇ ਚੱਲਦਿਆਂ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਾਰੇ ਨੇ ਚੋਣ ਖਰਚਿਆਂ ਦੀ ਦੂਜੀ ਜਾਂਚ ਦੌਰਾਨ ਹਾਜ਼ਰ ਨਾ ਹੋਣ ਵਾਲੇ ਉਮੀਦਵਾਰਾਂ ਦੇ ਵਾਹਨਾਂ ਦੀ ਮਨਜ਼ੂਰੀ ਰੱਦ ਕਰ ਦਿੱਤੀ ਹੈ।
20 ਮਈ 2024 ਨੂੰ ਆਪਣਾ ਰਿਕਾਰਡ ਨਹੀਂ ਕੀਤਾ ਪੇਸ਼
ਅਹਿਮਦ ਪਰੇ ਨੇ ਦੱਸਿਆ ਕਿ ਆਜ਼ਾਦ ਉਮੀਦਵਾਰ ਪਰਮਜੀਤ ਸਿੰਘ, ਆਜ਼ਾਦ ਉਮੀਦਵਾਰ ਡਿੰਪਲ ਤੇ ਆਜ਼ਾਦ ਉਮੀਦਵਾਰ ਮੱਖਣ ਸਿੰਘ ਵੱਲੋਂ ਜਨ ਪ੍ਰਤੀਨਿਧਤੀ ਐਕਟ 1951 ਦੀ ਧਾਰਾ 77 ਤਹਿਤ ਮੈਂਟੇਨ ਕੀਤੇ ਜਾ ਰਹੇ ਚੋਣ ਖਰਚਾ ਰਜਿਸਟਰ ਦਾ ਮਿਲਾਨ ਸ਼ੈਡੋ ਆਬਜ਼ਰਵੇਸ਼ਨ ਰਜਿਸਟਰ ਨਾਲ ਕਰਨ ਲਈ ਖਰਚਾ ਆਬਜ਼ਰਵਰ ਕੋਲ 20 ਮਈ 2024 ਨੂੰ ਆਪਣਾ ਰਿਕਾਰਡ ਪੇਸ਼ ਕਰਨਾ ਸੀ, ਜੋ ਪੇਸ਼ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ :ਖੁਦ ਨੂੰ ਏਲੀਅਨ ਦੱਸ ਰਹੇ ਹਨ Elon Musk ! ਜਲਦ ਦੇਣਗੇ ਸਬੂਤ
ਅਧਿਕਾਰੀ ਨੇ ਦੱਸਿਆ ਕਿ ਉਕਤ ਉਮੀਦਵਾਰਾਂ ਨੂੰ 25 ਮਈ 2024 ਨੂੰ ਦੁਬਾਰਾ ਆਪਣਾ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ ਤੇ ਨਿਰਦੇਸ਼ ਦਿੱਤੇ ਗਏ ਸਨ ਕਿ ਨਿਰਧਾਰਤ ਤਰੀਕ ‘ਤੇ ਰਿਕਾਰਡ ਪੇਸ਼ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਨੂੰ ਜਾਰੀ ਵਾਹਨ ਇਜਾਜ਼ਤ ਰੱਦ ਕਰ ਦਿੱਤੀ ਜਾਵੇਗੀ ਪਰ ਆਜ਼ਾਦ ਉਮੀਦਵਾਰਾਂ ਨੇ ਕੋਈ ਪ੍ਰਤੀਨਿਧੀ ਪੇਸ਼ ਨਹੀਂ ਕੀਤਾ। ਇਸ ਲਈ ਇਨ੍ਹਾਂ ਨੂੰ ਜਾਰੀ ਕੀਤੀਆਂ ਗਈਆਂ ਵਾਹਨ ਪ੍ਰਵਾਨਗੀਆਂ ਰੱਦ ਕਰ ਦਿੱਤੀਆਂ ਗਈਆਂ ਹਨ।