ਚੋਣਾਂ ‘ਚ ਜਿੱਤ ਮਜ਼ਬੂਤ ਕਰਨ ਲਈ CM ਮਾਨ ਦੀ ਨਵੀਂ ਰਣਨੀਤੀ || News of Punjab
ਲੋਕ ਸਭਾ ਚੋਣਾਂ ਦੇ ਮੱਦੇਨਜਰ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚੋ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਜਿਸ ਲਈ ਸੀਐੱਮ ਭਗਵੰਤ ਮਾਨ ਪੂਰੇ ਐਕਸ਼ਨ ਵਿੱਚ ਦਿਖਾਈ ਦੇ ਰਹੇ ਹਨ ਹੁਣ ਉਹ ਖੁਦ 13 ਲੋਕ ਸਭਾ ਹਲਕਿਆਂ ਦੀ ਕਮਾਨ ਸੰਭਾਲਣਗੇ। ਉਹ 19 ਅਪ੍ਰੈਲ ਤੋਂ ਸਾਰੇ ਹਲਕਿਆਂ ਵਿਚ 3-3 ਦਿਨ ਜਾ ਕੇ ਪ੍ਰਚਾਰ ਕਰਨਗੇ। ਇਸ ਲਈ ਸਾਰੀ ਰਣਨੀਤੀ ਬਣਾਈ ਜਾ ਚੁੱਕੀ ਹੈ | ਉੱਥੇ ਹੀ ਦੂਜੇ ਪਾਸੇ ਗੁਜਰਾਤ ਦੇ ਭਾਵਨਗਰ ਪਹੁੰਚੇ ਸੀਐੱਮ ਮਾਨ ‘ਆਪ’ ਉਮੀਦਵਾਰ ਉਮੇਸ਼ ਮਕਵਾਨਾ ਦੇ ਨਾਮਜ਼ਦਗੀ ਭਰਨ ਸਮੇਂ ਕੱਢੇ ਗਏ ਰੋਡ ਸ਼ੋਅ ਵਿਚ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਆਪ ਵਰਕਰਾਂ ਵਿਚ ਖੂਬ ਜੋਸ਼ ਭਰਿਆ।
ਵਿਰੋਧੀਆਂ ‘ਤੇ ਕੀਤੇ ਤਿੱਖੇ ਹਮਲੇ
ਵਿਰੋਧੀਆਂ ‘ਤੇ ਤਿੱਖੇ ਹਮਲੇ ਕਰਦੇ ਹੋਏ ਸੀਐੱਮ ਮਾਨ ਨੇ ਕਿਹਾ ਕਿ ਭਾਵੇਂ ਸਮਾਂ ਖਰਾਬ ਚੱਲ ਰਿਹਾ ਹੈ ਪਰ ਹਾਲਾਤ ਬਦਲਣਗੇ। ਉਨ੍ਹਾਂ ਕਿਹਾ ਕਿ ਅਸੀਂ ਉਹ ਪੱਤੇ ਨਹੀਂ ਜੋ ਸ਼ਾਖਾ ਤੋਂ ਟੁੱਟ ਕੇ ਡਿੱਗ ਜਾਵਾਂਗੇ, ਹਨ੍ਹੇਰੀਆਂ ਨੂੰ ਕਹਿ ਦਿਓ ਆਪਣੀ ਔਕਾਤ ਵਿਚ ਰਹਿਣ।
ਉਨ੍ਹਾਂ ਕਿਹਾ ਕਿ ਜਦੋਂ ਵੀ ਇਤਿਹਾਸ ਲਿਖਿਆ ਜਾਵੇਗਾ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਕਦੋਂ ਬਣੀ ਸੀ ਤਾਂ ਇਸ ਦਾ ਜਵਾਬ ਹੋਵੇਗਾ ਗੁਜਰਾਤ ਦੇ ਵਿਧਾਨ ਸਭਾ ਚੋਣਾਂ ਸਮੇਂ। ਉਨ੍ਹਾਂ ਕਿਹਾ ਕਿ ਜਦੋਂ ਮੈਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿਚ ਮਿਲਣ ਗਿਆ ਤਾਂ ਉਨ੍ਹਾਂ ਨੂੰ ਦੇਖ ਕੇ ਅੱਖਾਂ ਵਿਚ ਹੰਝੂ ਆ ਗਏ।
ਦਰਿਆ ਆਪਣਾ ਰਸਤਾ ਖੁਦ ਬਣਾਉਂਦੇ
ਸੀਐੱਮ ਮਾਨ ਨੇ ਕਿਹਾ ਕਿ ਵਿਰੋਧੀਆਂ ਦੀ ਸੋਚ ਹੈ ਕਿ ਇਕ ਹੀ ਪਾਰਟੀ ਸਾਨੂੰ ਹਰਾ ਸਕਦੀ ਹੈ, ਉਸ ਦਾ ਨਾਂ ਆਮ ਆਦਮੀ ਪਾਰਟੀ ਹੈ। ਉਸ ਦੇ ਪ੍ਰਧਾਨ ਨੂੰ ਜੇਲ੍ਹ ਵਿਚ ਪਾ ਦਿਓ। ਇਸ ਦੇ ਬਾਅਦ ਸਾਰਾ ਕੁਝ ਪੱਖ ਵਿਚ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦਰਿਆ ਨੂੰ ਰੋਕਿਆ ਨਹੀਂ ਜਾ ਸਕਦਾ। ਦਰਿਆ ਆਪਣਾ ਰਸਤਾ ਖੁਦ ਬਣਾਉਂਦੇ ਹਨ। ਉਨ੍ਹਾਂ ਨੇ ਆਖਿਰ ਵਿਚ ਨਾਅਰਾ ਦਿੱਤਾ ਜੇਲ੍ਹ ਦੇ ਤਾਲੇ ਟੁੱਟਣਗੇ, ਕੇਜਰੀਵਾਲ ਛੁੱਟਣਗੇ।