ਇੱਕ ਅਜਿਹਾ ਪਿੰਡ ਹੈ ਜਿੱਥੇ 1959 ਤੋਂ ਲੈ ਕੇ ਹੁਣ ਤੱਕ ਨਹੀਂ ਹੋਈਆਂ ਚੋਣਾਂ
ਪਟਿਆਲਾ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਪੰਚਾਇਤੀ ਰਾਜ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਪੰਚਾਇਤੀ ਚੋਣਾਂ ਨਹੀਂ ਹੋਈਆਂ ਹਨ ਅਤੇ ਉੱਥੇ ਹਰ ਵਾਰ ਪਿੰਡ ਵਾਸੀ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਦੇ ਹਨ। ਇਸ ਵਾਰ ਵੀ ਲੋਕਾਂ ਨੇ ਸਰਬਸੰਮਤੀ ਨਾਲ ਆਪਣਾ ਸਰਪੰਚ ਚੁਣਿਆ ਹੈ। ਬਲਾਕ ਭੁਨਰਹੇੜੀ ਅਧੀਨ ਪੈਂਦੇ ਪਿੰਡ ਜਵਾਲਾਪੁਰ ਉਰਫ਼ ਉਲਤਪੁਰ ਦੇ ਵਾਸੀਆਂ ਨੇ ਸਰਬਸੰਮਤੀ ਨਾਲ ਸਿਮਰ ਸਿੰਘ ਨੂੰ ਸਰਪੰਚ ਚੁਣ ਲਿਆ ਹੈ।
ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਲਈ ਚੋਣ ਅਬਜ਼ਰਵਰ ਨਿਯੁਕਤ ਕੀਤੇ ਗਏ ਸੀਨੀਅਰ ਆਈਏਐਸ ਅਧਿਕਾਰੀ ਅਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਪਿੰਡ ਦਾ ਦੌਰਾ ਕੀਤਾ। ਦੌਰੇ ਦੌਰਾਨ ਉਨ੍ਹਾਂ ਪੰਚਾਇਤੀ ਚੋਣਾਂ ਦੀ ਚੱਲ ਰਹੀ ਪ੍ਰਕਿਰਿਆ ਦਾ ਜਾਇਜ਼ਾ ਲਿਆ।
ਅਨੋਖਾ ਪਿੰਡ
ਨਵਜੋਤ ਪਾਲ ਸਿੰਘ ਰੰਧਾਵਾ ਵੀ ਪਿੰਡ ਉਲਤਪੁਰ ਪਹੁੰਚੇ ਜੋ ਕਿ ਇੱਕੋ ਇੱਕ ਅਜਿਹਾ ਪਿੰਡ ਹੈ ਜਿੱਥੇ ਚੋਣਾਂ ਨਹੀਂ ਹੋਈਆਂ ਸਨ । ਪਿੰਡ ਉਲਤਪੁਰ ਪੰਜਾਬ ਦਾ ਇੱਕੋ ਇੱਕ ਅਜਿਹਾ ਪਿੰਡ ਹੈ ਜਿੱਥੇ 2 ਅਕਤੂਬਰ 1959 ਨੂੰ ਪੰਚਾਇਤੀ ਰਾਜ ਲਾਗੂ ਹੋਣ ਤੋਂ ਬਾਅਦ ਅੱਜ ਤੱਕ ਚੋਣਾਂ ਨਹੀਂ ਹੋਈਆਂ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਪਿੰਡ ਵਾਸੀਆਂ ਨੂੰ ਵੀ ਉਨ੍ਹਾਂ ਦੇ ਪਿੰਡ ਤੋਂ ਸਿੱਖਿਆ ਲੈਣੀ ਚਾਹੀਦੀ ਹੈ।