ਝੋਨੇ ਦੇ ਕੀੜ੍ਹੇ-ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਲਗਾਇਆ

0
27
Farmer awareness camp

ਸੰਗਰੂਰ, 18 ਅਗਸਤ 2025 : ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ (Farm Advisory Service Center Sangrur) ਵੱਲੋਂ ਪਿੰਡ ਮੁਨਸ਼ੀਵਾਲਾ ਵਿਖੇ ਝੋਨੇ ਦੇ ਕੀੜ੍ਹੇ-ਮਕੌੜਿਆਂ ਤੇ ਬਿਮਾਰੀਆਂ ਦੀ ਰੋਕਥਾਮ ਬਾਰੇ ਕਿਸਾਨ ਜਾਗਰੂਕਤਾ ਕੈਂਪ (Farmer awareness camp) ਲਗਾਇਆ ਗਿਆ ।

ਕੈਂਪ ਵਿੱਚ 40 ਤੋਂ ਵੱਧ ਕਿਸਾਨਾਂ ਨੇ ਲਿਆ ਭਾਗ

ਕੈਂਪ ਵਿੱਚ 40 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ । ਕੇਂਦਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਝੋਨੇ ਤੇ ਬਾਸਮਤੀ ਦੇ ਕੀੜੇ-ਮਕੌੜੇ ਜਿਵੇਂ ਕਿ ਤਣੇ ਦੇ ਗੰਡੂਏ, ਪੱਤਾ ਲਪੇਟ ਸੁੰਡੀ ਆਦਿ ਦਾ ਨਿਰੀਖਣ ਕਰਕੇ ਇਕਨਾਮਿਕ ਥਰੈਸ਼ਹੋਲਡ ਲੈਵਲ ਤੋਂ ਵੱਧ ਮਾਤਰਾ ਵਿੱਚ ਹਮਲਾ ਹੋਣ ਦੀ ਸੂਰਤ ਵਿੱਚ ਹੀ ਛਿੜਕਾਅ ਕਰਨ ਨੂੰ ਕਿਹਾ ।

ਉਹਨਾਂ ਕਿਹਾ ਕਿ ਪੱਤਾ ਲਪੇਟ ਸੁੰਡੀ ਦੀ ਰੋਕਥਾਮ (Caterpillar prevention) ਲਈ ਫ਼ਸਲ ਦੇ ਨਿਸਰਨ ਤੋਂ ਪਹਿਲਾਂ, ਕੀੜੇ ਦਾ ਹਮਲਾ ਹੋਣ ਤੇ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ 2 ਵਾਰੀ ਫੇਰਨ ਨਾਲ ਵੀ ਵਧੀਆ ਰੋਕਥਾਮ ਕੀਤੀ ਜਾ ਸਕਦੀ ਹੈ ਪਰ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਜ਼ਰੂਰ ਖੜ੍ਹਾ ਹੋਵੇ। ਬਹੁਤਾ ਹਮਲਾ ਹੋਣ ਦੀ ਸੂਰਤ ਵਿੱਚ ਸਿਫਾਰਸ਼ ਕੀਟਨਾਂਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ।

ਬਿਮਾਰੀਆਂ ਤੋਂ ਬਚਾਅ ਲਈ ਯੂਰੀਏ ਦੀ ਬੇਲੋੜੀ ਵਰਤੋਂ ਨਾ ਕਰਨ ਦੀ ਦਿੱਤੀ ਗਈ ਸਲਾਹ

ਬਿਮਾਰੀਆਂ ਤੋਂ ਬਚਾਅ ਲਈ ਯੂਰੀਏ ਦੀ ਬੇਲੋੜੀ ਵਰਤੋਂ ਨਾ ਕਰਨ ਦੀ ਸਲਾਹ (Advice on avoiding unnecessary use of urea) ਵੀ ਦਿੱਤੀ ਗਈ । ਬੌਣੇ ਬੂਟੇ ਜੋ ਕਿ ਇੱਕ ਵਿਸ਼ਾਣੂੰ ਰੋਗ ਹੈ ਜੋ ਕਿ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲਦਾ ਹੈ ਬਾਰੇ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ। ਉਹਨਾਂ ਨੇ ਟਿੱਡੇ ਦੇ ਇਲਾਜ ਲਈ ਸਿਫਾਰਿਸ਼ ਕੀਤੇ ਕੀਟਨਾਸ਼ਕਾਂ ਜਿਵੇਂ ਕਿ ਪੈਕਸਾਲੌਨ, ਚੈੱਸ, ਉਲਾਲਾ ਆਦਿ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ । ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਬਾਰੇ ਵੀ ਵਿਸਥਾਰ ਨਾਲ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਝੋਨੇ ਵਿੱਚ ਫੋਕ ਦੀ ਸਮੱਸਿਆ ਨੂੰ ਘਟਾਉਣ ਲਈ ਗੋਭ ਤੇ 1.5% ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕੀਤਾ ਜਾ ਸਕਦਾ ਹੈ ।

ਇਹ ਇੱਕ ਉੱਲੀ ਦਾ ਰੋਗ ਹੈ

ਝੰਡਾ ਰੋਗ (Flag disease) ਬਾਰੇ ਦਸਦਿਆਂ ਉਨ੍ਹਾਂ ਕਿਹਾ ਕਿ ਇਹ ਇੱਕ ਉੱਲੀ ਦਾ ਰੋਗ ਹੈ ਜਿਸ ਨਾਲ ਬਿਮਾਰ ਬੂਟੇ ਪੀਲੇ ਪੈ ਜਾਂਦੇ ਹਨ ਅਤੇ ਥੱਲੇ ਤੋਂ ਉਪਰ ਵੱਲ ਮੁਰਝਾਅ ਕੇ ਸੁੱਕ ਜਾਂਦੇ ਹਨ । ਬਿਮਾਰੀ ਵਾਲੇ ਬੂਟੇ ਦੂਜਿਆਂ ਨਾਲੋਂ ਉੱਚੇ ਹੁੰਦੇ ਹਨ ਅਤੇ ਜ਼ਮੀਨ ਉਪਰਲੀਆਂ ਪੋਰੀਆਂ ਤੋਂ ਜੜ੍ਹਾਂ ਬਣਾ ਲੈਂਦੇ ਹਨ । ਇਸ ਦੀ ਰੋਕਥਾਮ ਲਈ ਬਿਮਾਰੀ ਵਾਲੇ ਬੂਟਿਆਂ ਨੂੰ ਪਨੀਰੀ ਅਤੇ ਫ਼ਸਲ ਵਿੱਚੋਂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ।

ਕਿਸਾਨ ਮੇਲਿਆਂ ਬਾਰੇ ਦਿੱਤੀ ਜਾਣਕਾਰੀ

ਉਨ੍ਹਾਂ ਨੇ ਸਤੰਬਰ ਮਹੀਨੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਦੁਆਰਾ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਨੂੰ ਇਨ੍ਹਾਂ ਮੇਲਿਆਂ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ । ਕੈਂਪ ਉਲੀਕਣ ਵਿੱਚ ਪਿੰਡ ਦੇ ਸਰਪੰਚ ਸਤਪਾਲ ਸਿੰਘ, ਗੁਰਤੇਜ ਸਿੰਘ, ਦਲੀਪ ਸਿੰਘ, ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰ ਕਿਸਾਨਾਂ ਨੇ ਲੋੜੀਂਦਾ ਯੋਗਦਾਨ ਪਾਇਆ ।

ਕੈਂਪ ਦੌਰਾਨ ਸਰਦੀ ਰੁੱਤ ਦੀਆਂ ਸਬਜ਼ੀਆਂ ਦੀਆਂ ਕਿੱਟਾਂ ਅਤੇ ਪਸ਼ੂਆਂ ਲਈ ਧਾਤਾਂ ਦੇ ਚੂਰੇ ਦੀ ਵਿਕਰੀ ਵੀ ਕੀਤੀ ਗਈ

ਕੈਂਪ ਦੌਰਾਨ ਸਰਦੀ ਰੁੱਤ ਦੀਆਂ ਸਬਜ਼ੀਆਂ (Winter vegetables) ਦੀਆਂ ਕਿੱਟਾਂ ਅਤੇ ਪਸ਼ੂਆਂ ਲਈ ਧਾਤਾਂ ਦੇ ਚੂਰੇ ਦੀ ਵਿਕਰੀ ਵੀ ਕੀਤੀ ਗਈ । ਅੰਤ ਵਿੱਚ ਪਿੰਡ ਮੁਨਸ਼ੀਵਾਲਾ, ਮਸਾਣੀ ਅਤੇ ਆਲੌਅਰਖ ਦੇ ਕਈ ਕਿਸਾਨ ਜਿਵੇਂ ਕਿ ਕਸ਼ਮੀਰ ਸਿੰਘ, ਸੁਖਵਿੰਦਰ ਸਿੰਘ, ਜਗਪਾਲ ਸਿੰਘ ਆਦਿ ਦੇ ਖੇਤਾਂ ਦਾ ਨਿਰੀਖਣ ਵੀ ਕੀਤਾ, ਜਿਸ ਵਿੱਚ ਇਹ ਦੇਖਣ ਵਿੱਚ ਆਇਆ ਕਿ ਜ਼ਿਆਦਾ ਅਗੇਤੇ ਝੋਨੇ ਵਿੱਚ ਬੌਣੇ ਬੂਟੇ ਦੂਜੇ ਝੋਨੇ ਨਾਲੋਂ ਜਿਆਦਾ ਪਾਏ ਗਏ ।

Read More : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੱਕੋ ਦਿਨ 36 ਕੈਂਪ ਲਗਾ ਕੇ ਕਿਸਾਨਾਂ ਨੁੰ ਕੀਤਾ ਜਾਗਰੂਕ

LEAVE A REPLY

Please enter your comment!
Please enter your name here