ਮੋਗਾ, 23 ਅਪ੍ਰੈਲ 2026 : ਪੰਜਾਬ ਪੁਲਸ ਵਿਚ ਮੋਗਾ (Moga) ਵਿਖੇ ਏ. ਐਸ. ਆਈ. ਵਜੋਂ ਤਾਇਨਾਤ ਸਤਨਾਮ ਸਿੰਘ ਵਲੋਂ ਆਪਣੇ ਹੀ ਵਿਭਾਗ ਤੇ ਗੰਭੀਰ ਦੋਸ਼ ਲਗਾਏ ਜਾਣ ਦਾ ਸਮਾਚਾਰ ਹੈ ।
ਕੀ ਹੈ ਪੂਰਾ ਮਾਮਲਾ
ਮਿਲੀ ਜਾਣਕਾਰੀ ਅਨੁਸਾਰ ਮੋਗਾ ਪੁਲਸ ਵਿੱਚ ਤਾਇਨਾਤ ਏ. ਐਸ. ਆਈ. (A. S. I.) ਸਤਨਾਮ ਸਿੰਘ ਵਲੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਜਾਰੀ ਕਰਕੇ ਆਪਣੇ ਹੀ ਵਿਭਾਗੀ ਹਾਲਾਤ ਸਬੰਧੀ ਗੰਭੀਰ ਦੋਸ਼ (Serious charges) ਲਗਾਏ ਗਏ ਹਨ । ਵੀਡੀਓ ਵਿੱਚ ਏ. ਐਸ. ਆਈ. ਸਤਨਾਮ ਸਿੰਘ (Satnam Singh) ਵਲੋਂ ਆਖਿਆ ਜਾ ਰਿਹਾ ਹੈ ਕਿ ਉਸ ਨਾਲ ਜ਼ਬਰਦਸਤੀ ਅਜਿਹੇ ਕੰਮ ਕਰਵਾਏ ਜਾਂਦੇ ਹਨ ਜੋ ਉਸ ਦੀ ਡਿਊਟੀ ਦਾ ਹਿੱਸਾ ਨਹੀਂ ਹਨ । ਉਸ ਨੇ ਕਿਹਾ ਕਿ ਉਹ ਸਿਰਫ਼ ਇੱਕ ਸਿਪਾਹੀ ਵਜੋਂ ਕੰਮ ਕਰ ਰਿਹਾ ਹੈ, ਨਾ ਕਿ ਕਿਸੇ ਉੱਚ ਅਧਿਕਾਰੀ ਜਾਂ ਹੋਰ ਜ਼ਿੰਮੇਵਾਰ ਅਹੁਦੇ ‘ਤੇ ।
ਹੋਰ ਕੀ ਕੀ ਆਖਿਆ ਵੀਡੀਓ ਵਿਚ ਸਤਨਾਮ ਸਿੰਘ ਨੇ
ਏ. ਐਸ. ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਜ਼ਬਰਦਸਤੀ ਬੰਦੀ ਪਵਾਈ ਜਾਂਦੀ ਹੈ ਅਤੇ ਨਾਲ ਹੀ ਦਫ਼ਤਰੀ ਕੰਮਾਂ ਦਾ ਵੀ ਬੋਝ ਪਾਇਆ ਜਾਂਦਾ ਹੈ । ਇਸ ਦੇ ਨਾਲ ਉਸਨੇ ਇਹ ਵੀ ਕਿਹਾ ਕਿ ਡਿਊਟੀ ਦੇ ਬਾਅਦ ਉਨ੍ਹਾਂ ਨੂੰ ਕੋਈ ਵੀ ਆਰਾਮ (ਰੈਸਟ) ਨਹੀਂ ਮਿਲਦਾ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਬਹੁਤ ਦੁਖੀ ਹੈ । ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦਾ ਪਿਤਾ ਹਸਪਤਾਲ ਵਿੱਚ ਦਾਖਲ ਹੈ, ਪਰ ਉਸ ਨੂੰ ਛੁੱਟੀ ਨਹੀਂ ਦਿੱਤੀ ਜਾ ਰਹੀ, ਜਿਸ ਨਾਲ ਉਸ ਦੀ ਚਿੰਤਾ ਹੋਰ ਵੱਧ ਗਈ ਹੈ ।
ਸਤਨਾਮ ਸਿੰਘ ਨੇ ਕੀਤੀ ਐਸ. ਐਸ. ਪੀ. ਨੂੰ ਅਪੀਲ
ਵੀਡੀਓ ਵਿੱਚ ਏ. ਐਸ. ਆਈ. ਨੇ ਦਾਅਵਾ ਕੀਤਾ ਕਿ ਮਹਿਕਮੇ ਵੱਲੋਂ ਉਨ੍ਹਾਂ ‘ਤੇ ਬਹੁਤ ਜ਼ਿਆਦਾ ਦਬਾਅ ਹੈ ਅਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ । ਉਸਨੇ ਕਿਹਾ ਕਿ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ । ਜਿਸ ‘ਤੇ ਅਖੀਰਕਾਰ ਉਨ੍ਹਾਂ ਮੋਗਾ ਦੇ ਐਸ. ਐਸ. ਪੀ. ਨੂੰ ਅਪੀਲ ਕੀਤੀ ਕਿ ਉਸ ਦੀ ਮਾਨਸਿਕ ਪਰੇਸ਼ਾਨੀ (Mental distress) ਦਾ ਹੱਲ ਕੀਤਾ ਜਾਵੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹ ਇਸ ਸਬੰਧੀ ਕੋਈ ਕਦਮ ਚੁੱਕਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ । ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਸ ਵਿਭਾਗ ਵਿੱਚ ਹਲਚਲ ਮਚ ਗਈ ਹੈ ਅਤੇ ਮਾਮਲੇ ਦੀ ਜਾਂਚ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।









