ਓਟਾਵਾ : 20 ਸਤੰਬਰ ਨੂੰ ਕੈਨੇਡਾ ਦੀ 44ਵੀਂ ਸੰਸਦ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੀ ਜਾਰੀ ਹੈ। ਉਮੀਦਵਾਰਾਂ ਵਲੋਂ ਦਿਨ-ਰਾਤ ਇਕ ਕਰਕੇ ਸੰਸਦ ‘ਚ ਪਹੁੰਚਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਪੰਜਾਬੀ ਚਿਹਰੇ ਵਿਦੇਸ਼ੀ ਧਰਤੀ ’ਤੇ ਹੋਣ ਜਾ ਰਹੀਆਂ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। 338 ਮੈਂਬਰੀ ਸੰਸਦ ਲਈ ਹੋਣ ਵਾਲੀਆਂ ਇਹਨਾਂ ਚੋਣਾਂ ਵਿਚ ਕੁੱਲ 21 ਪੰਜਾਬਣਾਂ ਮੈਦਾਨ ਵਿਚ ਹਨ।
ਚੋਣ ਮੈਦਾਨ ’ਚ 21 ਪੰਜਾਬਣਾਂ
ਇਹਨਾਂ ਵਿਚ ਰਾਜਪ੍ਰੀਤ ਤੂਰ, ਸਬੀਨਾ ਸਿੰਘ, ਸੁੱਖੀ ਜੰਡੂ, ਟੀਨਾ ਬੈਂਸ, ਇੰਦਰਾ ਬੈਂਸ, ਈਸ਼ਾ ਕੋਹਲੀ, ਜੱਗ ਸਹੋਤਾ,ਜਸਵੀਨ ਰਤਨ, ਮੇਢਾ ਜੋਸ਼ੀ, ਪ੍ਰੀਤੀ ਲਾਂਬਾ, ਅਨੀਤਾ ਅਨੰਦ, ਅੰਜੂ ਢਿੱਲੋਂ, ਬਰਦੀਸ਼ ਚੱਗਰ, ਗੁਨੀਤ ਗਰੇਵਾਲ, ਕਮਲ ਖਹਿਰਾ, ਲਖਵਿੰਦਰ ਝੱਜ, ਨਰਵੀਨ ਗਿੱਲ, ਰੂਬੀ ਸਹੋਤਾ, ਸਰਬੀਨਾ ਗਰੋਵਰ, ਸੋਨੀਆ ਸਿੱਧੂ 44ਵੀਂ ਸੰਸਦ ਵਿਚ ਜਾਣ ਲਈ ਚੋਣ ਮੈਦਾਨ ਵਿਚ ਹਨ।
ਦੱਸ ਦਈਏ ਕਿ ਇਹਨਾਂ ਵਿਚੋਂ ਅਨੀਤਾ ਅਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜੱਗ ਸਹੋਤਾ, ਕਮਲ ਖਹਿਰਾ ਤੇ ਰੂਬੀ ਸਹੋਤਾ 43ਵੀਂ ਸੰਸਦ ਦੀਆਂ ਚੋਣਾਂ ਵਿਚ ਚੁਣੀਆਂ ਗਈਆਂ ਸਨ, ਜੋ ਫਿਰ ਤੋਂ ਚੋਣ ਮੈਦਾਨ ਵਿਚ ਹਨ। ਅਨੀਤਾ ਅਨੰਦ ਓਕਵਿਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ।
ਬਰਦੀਸ਼ ਚੱਗਰ ਵਾਟਰਲੂ ਹਲਕੇ ਤੋਂ ਲਿਬਰਲ ਪਾਰਟੀ ਵੱਲੋਂ ਮੈਦਾਨ ਵਿਚ ਹੈ, ਅੰਜੂ ਢਿੱਲੋਂ ਲਾਚੀਨ-ਲਾਸਾਲ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ ‘ਤੇ ਚੋਣ ਮੈਦਾਨ ਵਿਚ ਹੈ। ਬਰੈਂਪਟਨ ਸਾਊਥ ਤੋਂ ਚੋਣ ਲੜ ਰਹੇ ਤਿੰਨ ਉਮੀਦਵਾਰ ਪੰਜਾਬੀ ਹਨ। ਸੋਨੀਆ ਸਿੱਧੂ ਲਿਬਰਲ ਪਾਰਟੀ, ਕੰਜ਼ਰਵੇਟਿਵ ਵੱਲੋਂ ਰਮਨਦੀਪ ਸਿੰਘ ਬਰਾੜ ਅਤੇ ਐਨਡੀਵੀ ਵੱਲੋਂ ਤੇਜਿੰਦਰ ਸਿੰਘ ਚੋਣ ਮੈਦਾਨ ਵਿਚ ਨਿਤਰੇ ਹਨ।
ਇਸ ਤੋਂ ਇਲ਼ਾਵਾ ਕੈਲਗਰੀ ਸਕਾਈਵਿਊ ਹਲਕੇ ਵਿਚ 4 ਪੰਜਾਬੀਆਂ ਵਿਚਾਲੇ ਮੁਕਾਬਲਾ ਹੈ। ਇੱਥੋਂ ਐਡਵੋਕੇਟ ਜਗਦੀਪ ਕੌਰ ਸਹੋਤਾ ਕੰਜ਼ਰਵੇਟਿਵ, ਜਾਰਜ ਚਾਹਲ ਲਿਬਰਲ, ਗੁਰਿੰਦਰ ਸਿੰਘ ਗੱਲ ਐਨਡੀਪੀ ਅਤੇ ਹੈਰੀ ਢਿੱਲੋਂ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਬਣਨ ਲਈ ਇਸ ਵਾਰ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਰਨ ਓ ਟੂਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਲਾਕ ਕਿਊਬਰ ਦੇ ਵੇਅਸ ਫਰਾਂਸਿਕ, ਗਰੀਨ ਪਾਰਟੀ ਦੇ ਆਗੂ ਅਨੈਮੀ ਪਾਲ, ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ ਵਿਚਾਲੇ ਮੁਕਾਬਲਾ ਹੋਵੇਗਾ।