ਨਵੀਂ ਦਿੱਲੀ : ਭਾਰਤ ਦੇ ਮੁੱਖ ਜੱਜ (ਸੀਜੇਆਈ) ਐਨਵੀ ਰਮਨ ਨੇ ਨੌਂ ਨਿਯੁਕਤ ਜੱਜਾਂ ਨੂੰ ਮੰਗਲਵਾਰ ਨੂੰ ਸਹੁੰ ਚੁਕਾਈ। ਇਹ ਪਹਿਲਾ ਮੌਕਾ ਹੈ ਜਦੋਂ ਇੰਨਾ ਵੱਡਾ ਸਹੁੰ ਚੁੱਕ ਸਮਾਗਮ ਹੋਇਆ। 9 ਨਵੇਂ ਜੱਜਾਂ ਵਿੱਚ ਤਿੰਨ ਮਹਿਲਾ ਜੱਜ ਸ਼ਾਮਿਲ ਹਨ। ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੇ ਵਧੀਕ ਬਿਲਡਿੰਗ ਕੰਪਲੈਕਸ ਦੇ ਆਡੀਟੋਰੀਅਮ ਵਿੱਚ ਹੋਇਆ।
ਸੁਪਰੀਮ ਕੋਰਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਨੌਂ ਜੱਜਾਂ ਨੂੰ ਇਕੱਠੇ ਸਹੁੰ ਚੁਕਾਈ ਗਈ। ਆਮ ਤੌਰ ‘ਤੇ ਨਵੇਂ ਜੱਜਾਂ ਨੂੰ ਸਹੁੰ ਮੁੱਖ ਜੱਜ ਦੇ ਕੋਰਟ ਰੂਮ ਵਿੱਚ ਦਿੱਤੀ ਜਾਂਦੀ ਹੈ।ਮੰਗਲਵਾਰ ਨੂੰ ਨੌਂ ਨਵੇਂ ਜੱਜਾਂ ਦੇ ਸਹੁੰ ਚੁੱਕਣ ਤੋਂ ਬਾਅਦ, ਸੀਜੇਆਈ ਰਮਨ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧ ਕੇ 33 ਹੋ ਗਈ, ਜਦੋਂ ਕਿ ਮਨਜ਼ੂਰਸ਼ੁਦਾ ਗਿਣਤੀ 34 ਸੀ।
ਸੁਪਰੀਮ ਕੋਰਟ ਦੇ ਜੱਜ ਵਜੋਂ ਅਹੁਦੇ ਦੀ ਸਹੁੰ ਚੁੱਕਣ ਵਾਲੇ 9 ਨਵੇਂ ਜੱਜਾਂ ਵਿੱਚ ਸ਼ਾਮਲ ਹਨ- ਜਸਟਿਸ ਅਭੈ ਸ੍ਰੀਨਿਵਾਸ ਓਕਾ, ਜਸਟਿਸ ਵਿਕਰਮ ਨਾਥ, ਜਸਟਿਸ ਜਤਿੰਦਰ ਕੁਮਾਰ ਮਹੇਸ਼ਵਰੀ, ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਬੀਵੀ ਨਾਗਰਥਨਾ, ਜਸਟਿਸ ਸੀਟੀ ਰਵੀਕੁਮਾਰ, ਜਸਟਿਸ ਐਮਐਮ ਸੁੰਦਰੇਸ਼, ਜਸਟਿਸ ਬੇਲਾ ਐਮ ਤ੍ਰਿਵੇਦੀ ਅਤੇ ਪੀਐਸ ਨਰਸਿਮਹਾ।