ਅੰਮ੍ਰਿਤਸਰ, 12 ਜਨਵਰੀ 2026 : ਪੰਜਾਬ ਵਿਚ ਚੱਲ ਰਹੇ 328 ਪਾਵਨ ਸਰੂਪਾਂ (328 holy forms) ਦੇ ਮਾਮਲੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀ ਕੀ ਹੈ ਆਖਿਆ
ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਅਤੇ ਦੁਨੀਆ ਵਿੱਚ ਵੱਸਦਾ ਹਰ ਸਿੱਖ ਅਤੇ ਗੁਰੂ ਨਾਨਕ ਨਾਮ ਲੇਵਾ ਗੁਰੂ ਸਾਹਿਬ ਜੀ ਪ੍ਰਤੀ ਬਹੁਤ ਹੀ ਸ਼ਰਧਾ ਭਾਵਨਾ ਰੱਖਦਾ ਹੈ । ਉਨ੍ਹਾਂ ਕਿਹਾ ਕਿ ਜੋ ਪਿਛਲੇ ਸਮੇਂ ਤੋਂ 328 ਪਾਵਨ ਸਰੂਪਾਂ ਸਬੰਧੀ ਮਾਮਲਾ ਚੱਲ ਰਿਹਾ ਹੈ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ. ਈਸ਼ਰ ਸਿੰਘ ਅਧਾਰਤ ਪੜਤਾਲ ਕਮਿਸ਼ਨ ਬਣਾਇਆ ਗਿਆ ਸੀ । ਕਮਿਸ਼ਨ ਦੀ ਰਿਪੋਰਟ ਵਿੱਚ ਸਪੱਸ਼ਟ ਹੈ ਕਿ ਇਹ ਪਾਵਨ ਸਰੂਪ ਸਬੰਧਤ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸੰਗਤਾਂ ਨੂੰ ਦਿੱਤੇ ਗਏ ਅਤੇ ਇਨ੍ਹਾਂ ਦੀ ਬਣਦੀ ਭੇਟਾ ਟ੍ਰਸਟ ਫੰਡਾਂ ਵਿੱਚ ਜਮ੍ਹਾਂ ਨਹੀਂ ਕਰਵਾਈ ਅਤੇ ਨਾ ਹੀ ਬਿੱਲ ਕੱਟੇ ਗਏ ।
ਅਕਾਲ ਤਖ਼ਤ ਵੱਲੋਂ ਪ੍ਰਵਾਨ ਕੀਤੀ ਗਈ ਕਮਿਸ਼ਨ ਰਿਪੋਰਟ ਵਿਚ ਸਪਸ਼ਟ ਕੀਤੇ ਗਏ ਹਨ ਨਾਮ
ਇਹ ਮਾਮਲਾ ਕੁਝ ਭ੍ਰਿਸ਼ਟ ਮੁਲਾਜ਼ਮਾਂ ਵੱਲੋਂ ਪੈਸਿਆਂ ਦੇ ਘਪਲੇ ਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪ੍ਰਵਾਨ ਕੀਤੀ ਗਈ ਸ. ਈਸ਼ਰ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ 16 ਦੋਸ਼ੀਆਂ ਦੇ ਨਾਮ ਸਪੱਸ਼ਟ ਕੀਤੇ ਗਏ ਹਨ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਦੋਸ਼ੀ ਮੰਨਦਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ ਦੀ ਰੋਸ਼ਨੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ 16 ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕਰ ਚੁੱਕੀ ਹੈ।
ਇਸ ਸਬੰਧੀ ਉਸ ਵੇਲੇ ਦੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਵੀ 17 ਨਵੰਬਰ 2020 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਇਤਿਹਾਸਕ ਮੰਚ ਤੋਂ ਕਿਹਾ ਸੀ ਕਿ ਇਹ ਪ੍ਰਬੰਧਕੀ ਭ੍ਰਿਸ਼ਟਾਚਾਰ ਦਾ ਮਾਮਲਾ ਹੈ, ਸਬੰਧਤ ਮੁਲਾਜ਼ਮਾਂ ਨੇ ਪੈਸਿਆਂ ਦਾ ਘਪਲਾ ਕੀਤਾ ਹੈ ਅਤੇ ਜਿਹੜੇ ਮੁਲਾਜ਼ਮਾਂ ਨੇ ਪੈਸੇ ਖਾਧੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਬਰਖਾਸਤ ਕੀਤਾ ਹੈ ।
ਪੰਥ ਦੇ ਵਡੇਰੇ ਹਿਤਾਂ ਦੇ ਮੱਦੇਨਜ਼ਰ ਕੀਤਾ ਗਿਆ ਹੈ ਐਡਵੋਕੇਟ ਹਰਜਿੰਦਰ ਸਿੰਘ ਨੂੰ ਅਧਿਕਾਰਤ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Giani Kuldeep Singh Gargajj) ਨੇ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਖ਼ਾਲਸਾ ਪੰਥ ਨੇ ਕਦੇ ਵੀ ਸਰਕਾਰ ਦੀ ਦਖਲਅੰਦਾਜ਼ੀ ਸਹਿਣ ਨਹੀਂ ਕੀਤੀ ਅਤੇ ਨਾ ਅਗਾਂਹ ਕਰੇਗਾ ਕਿਉਂਕਿ ਇਹ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਤੇ ਕੇਂਦਰੀ ਸੰਸਥਾ ਹੈ । ਪਰੰਤੂ ਮੌਜੂਦਾ ਚੱਲ ਰਹੇ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਕੁਝ ਲੋਕਾਂ ਵੱਲੋਂ ਸੰਗਤ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਦੁਵਿਧਾਵਾਂ ਕਰਕੇ ਪੰਥ ਦੇ ਵਡੇਰੇ ਹਿਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੂੰ ਅਧਿਕਾਰਤ ਕੀਤਾ ਜਾਂਦਾ ਹੈ ਕਿ ਉਹ ਕੇਵਲ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸਰਕਾਰ ਨਾਲ ਬਣਦਾ ਸਹਿਯੋਗ ਕਰਨ । ਮਾਮਲੇ ਦੀ ਜਾਂਚ ਲਈ ਜੇਕਰ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਕਿਸੇ ਵੀ ਜਾਣਕਾਰੀ ਦੀ ਲੋੜ ਹੈ ਤਾਂ ਇਸ ਲਈ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਦੀ ਹਾਜ਼ਰੀ ਵਿੱਚ ਲੋੜੀਂਦੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਚੰਡੀਗੜ੍ਹ ਸਥਿਤ ਸਬ-ਦਫ਼ਤਰ ਵਿਖੇ ਦੇਖੀ ਜਾ ਸਕਦੀ ਹੈ ।
ਪੜਤਾਲੀਆ ਕਮਿਸ਼ਨ ਦੀ ਰਿਪੋਰਟ ਵਿਚ ਸਪਸ਼ਟ ਲਿਖਿਆ ਹੈ ਰਾਜਨੀਤਕ ਪਾਰਟੀ ਸਿਆਸੀ ਲਾਭ ਲੈਣ ਦਾ ਯਤਨ ਨਾ ਕਰੇ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ. ਈਸ਼ਰ ਸਿੰਘ ਪੜਤਾਲ ਕਮਿਸ਼ਨ (Ishar Singh Inquiry Commission) ਨੇ ਆਪਣੀ ਰਿਪੋਰਟ ਦੇ ਚੌਥੇ ਭਾਗ ਦੇ ਪੰਨਾ ਨੰਬਰ 231 ਉੱਤੇ ਬਿਲਕੁਲ ਸਪੱਸ਼ਟ ਲਿਖਿਆ ਹੈ ਕਿ ਕੋਈ ਵੀ ਰਾਜਨੀਤਕ ਪਾਰਟੀ ਇਸ ਮਾਮਲੇ ਵਿੱਚੋਂ ਸਿਆਸੀ ਲਾਭ ਉਠਾਉਣ ਦਾ ਯਤਨ ਨਾ ਕਰੇ ਅਤੇ ਜੇਕਰ ਕੋਈ ਪਾਰਟੀ ਅਜਿਹਾ ਕਰਦੀ ਹੈ ਤਾਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਜਵਾਬਦੇਹ ਅਤੇ ਪੰਥ ਦੋਖੀ ਹੋਵੇਗੀ । ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਜਾ ਚੁੱਕਾ ਹੈ ਕਿ ਕੋਈ ਵੀ ਸਿਆਸੀ ਧਿਰ, ਸੰਸਥਾ, ਵਿਅਕਤੀ ਇਸ ਸੰਜੀਦਾ ਮਾਮਲੇ ਉੱਤੇ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ਼ ਨਾ ਕਰੇ ਅਤੇ ਕੀਤੀ ਜਾ ਰਹੀ ਸਿਆਸਤ ਬੰਦ ਕੀਤੀ ਜਾਵੇ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।
Read More : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਮੁੱਖ ਮੰਤਰੀ ਪੰਜਾਬ ਨੂੰ ਕੀਤਾ ਤਲਬ









