ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਖੇਤਰ ’ਚ ਆਤਮ-ਨਿਰਭਰਤਾ ਨੂੰ ਪ੍ਰਾਪਤ ਕਰਨ ਲਈ ਉੱਨਤ ਤਕਨਾਲੋਜੀ ਦਾ ਵਿਕਾਸ ਜ਼ਰੂਰੀ ਹੈ। ਅਜਿਹੇ ’ਚ ਸਰਕਾਰ ਨਿੱਜੀ ਖੇਤਰ ਦੀ ਭਾਈਵਾਲੀ ਵਧਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੇ ਤਹਿਤ ਉਨ੍ਹਾਂ ਨੂੰ ਤਕਨਾਲੋਜੀ ਮੁਫਤ ਟ੍ਰਾਂਸਫਰ ਕਰ ਰਹੀ ਹੈ, ਜਿਸ ਨਾਲ ਕਿ ਭਾਰਤ ਰੱਖਿਆ ਖੇਤਰ ’ਚ ਨਿਰਮਾਣ ਦਾ ਗੜ੍ਹ ਬਣ ਸਕੇ। ਸ਼੍ਰੀ ਰਾਜਨਾਥ ਸਿੰਘ ਨੇ ਨਾਗਪੁਰ ’ਚ ਇੱਕ ਨਿੱਜੀ ਕੰਪਨੀ ਵਲੋਂ ਬਣਾਇਆ ਗਿਆ ਮਲਟੀ ਮੋਡ ਹੱਥਗੋਲਾ ਫੌਜ ਨੂੰ ਸੌਂਪਦੇ ਹੋਏ ਇਹ ਗੱਲ ਕਹੀ।ਰੱਖਿਆ ਮੰਤਰੀ ਨੇ ਦੱਸਿਆ ਕਿ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੀ ਪ੍ਰਯੋਗਸ਼ਾਲਾ ਟਰਮੀਨਲ ਬੈਲਿਸਟਿਕ ਰਿਸਰਚ ਲੈਬੋਰਟਰੀ ਦੀ ਮਦਦ ਨਾਲ ਮੈਸਰਸ ਇਕਨੌਮਿਕ ਐਕਸਪਲੋਸਿਵ ਲਿਮਟਿਡ ਨੇ ਹੱਥਗੋਲਾ ਬਣਾਇਆ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਕਿਹਾ ਕਿ ਇਹ ਨਿੱਜੀ ਤੇ ਜਨਤਕ ਖੇਤਰ ਦੀ ਸਾਂਝੇਦਾਰੀ ਦੀ ਵੱਡੀ ਉਦਾਹਰਣ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗ ਖੋਜ ਤੇ ਵਿਕਾਸ ’ਚ ਕਈ ਵਾਰ 80-90 ਫੀਸਦੀ ਤੱਕ ਖਰਚ ਕਰ ਦਿੰਦਾ ਹੈ। ਉਤਪਾਦ ਦੀ ਕੀਮਤ ਤਾਂ ਸਿਰਫ 10-20 ਫੀਸਦੀ ਦੀ ਹੁੰਦੀ ਹੈ। ਅਜਿਹੇ ’ਚ ਨਵੀਂ ਉੱਭਰਦੀ ਇੰਡਸਟਰੀ ਲਈ ਤਕਨਾਲੋਜੀ ਵਿਕਾਸ ਕਰਨਾ ਇੱਕ ਔਖਾ ਕੰਮ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਰਫਤਾਰ ਨਾਲ ਸਾਡੀ ਇੰਡਸਟਰੀ ਅੱਗੇ ਵਧ ਰਹੀ ਹੈ ਤੇ ਰੱਖਿਆ ਉਤਪਾਦਨ ’ਚ ਆਪਣਾ ਯੋਗਦਾਨ ਪਾ ਰਹੀ ਹੈ। ਮੈਨੂੰ ਪੂਰਾ ਯਕੀਨ ਹੈ ਕਿ ਜਲਦੀ ਹੀ ਸਾਡਾ ਦੇਸ਼ ਭਾਰਤ ਰੱਖਿਆ ਨਿਰਮਾਣ ਦੇ ਖੇਤਰ ’ਚ ਗੜ੍ਹ ਬਣ ਕੇ ਉਭਰੇਗਾ।









