ਪਟਿਆਲਾ, 14 ਦਸੰਬਰ 2025 : ਜ਼ਿਲ੍ਹਾ ਪ੍ਰੀਸ਼ਦ (Zila Parishad) ਪਟਿਆਲਾ ਦੇ 23 ਜ਼ੋਨਾਂ ਅਤੇ 10 ਪੰਚਾਇਤ ਸੰਮਤੀਆਂ (Panchayat Committees) ਦੇ 184 ਵਿੱਚੋਂ 169 ਜ਼ੋਨਾਂ ਦੀਆਂ ਆਮ ਚੋਣਾਂ ਲਈ ਅੱਜ ਪਈਆਂ ਵੋਟਾਂ ਦੀ ਪੂਰੀ ਪ੍ਰਕ੍ਰਿਆ ਸਫ਼ਲਤਾ ਪੂਰਵਕ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ । ਇਨ੍ਹਾਂ ਚੋਣਾਂ ਲਈ ਵੋਟਰਾਂ ਉਤਸ਼ਾਹ ਨਾਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜ਼ਿਲ੍ਹੇ ਦੇ ਪਿੰਡਾਂ ਅੰਦਰ 941 ਪੋਲਿੰਗ ਸਟੇਸ਼ਨਾਂ ਵਿਖੇ ਬਣਾਏ 1341 ਪੋਲਿੰਗ ਬੂਥਾਂ ਵਿੱਚ ਜਾਕੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ।
ਜਿ਼ਲਾ ਚੋਣ ਅਧਿਕਾਰੀ ਨੇ ਲਿਆ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਚੋਣ ਅਮਲੇ ਦਾ ਜਾਇਜ਼ਾ
ਇਸ ਦੌਰਾਨ ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਧਿਕਾਰੀ (Deputy Commissioner-cum-District Election Officer) ਡਾ. ਪ੍ਰੀਤੀ ਯਾਦਵ ਨੇ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਚੋਣ ਅਮਲ ਦਾ ਜਾਇਜ਼ਾ ਲਿਆ । ਉਨ੍ਹਾਂ ਨੇ ਜ਼ਿਲ੍ਹੇ ਦੇ ਵੋਟਰਾਂ, ਚੋਣ ਲੜ੍ਹ ਰਹੇ ਉਮੀਦਵਾਰਾਂ ਤੇ ਇਸ ਚੋਣ ਅਮਲ ਨੂੰ ਨੇਪਰੇ ਚਾੜ੍ਹਨ `ਚ ਲੱਗੇ ਸਮੂਹ ਰਿਟਰਨਿੰਗ ਅਧਿਕਾਰੀਆਂ ਸਮੇਤ ਹੋਰ ਅਮਲੇ ਫੈਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੀ ਪਾਰਦਸ਼ਤਾ ਨਾਲ ਨਿਰਪੱਖ ਰਹਿਕੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਇਹ ਚੋਣਾਂ ਕਰਵਾਈਆਂ ਹਨ।
ਚੋਣਾਂ ਦੀ ਗਿਣਤੀ ਹੋਵੇਗੀ 17 ਨੂੰ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਸੰਮਤੀਆਂ (Block Committees) ਲਈ 606 ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 113 ਉਮੀਦਵਾਰ ਮੈਦਾਨ `ਚ ਸਨ, ਜਿਨ੍ਹਾਂ ਨੂੰ ਬੈਲਟ ਪੇਪਰਾਂ ਰਾਹੀਂ ਪਈਆਂ ਵੋਟਾਂ ਬਕਸਿਆਂ `ਚ ਸੀਲਬੰਦ ਕਰਕੇ ਹਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਨਿਰਧਾਰਤ ਸਟਰਾਂਗ ਰੂਮਜ਼ `ਚ ਰਖਵਾ ਦਿੱਤਾ ਗਿਆ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕਰਵਾਈ ਜਾਵੇਗੀ ਅਤੇ ਉਸੇ ਦਿਨ ਨਤੀਜਾ ਐਲਾਨਿਆ ਜਾਵੇਗਾ ।
ਇਸ ਲਈ ਭੁਨਰਹੇੜੀ ਤੇ ਸਨੌਰ ਬਲਾਕਾਂ ਦੇ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਬਹੁ-ਤਕਨੀਕੀ ਕਾਲਜ ਐਸ. ਐਸ. ਟੀ. ਨਗਰ ਵਿਖੇ, ਪਟਿਆਲਾ ਬਲਾਕ ਸੰਮਤੀ ਲਈ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਸਰਕਾਰੀ ਮਹਿੰਦਰਾ ਕਾਲਜ ਵਿਖੇ, ਪਟਿਆਲਾ ਦਿਹਾਤੀ ਲਈ ਗਿਣਤੀ ਕੇਂਦਰ ਤੇ ਸਟਰਾਂਗ ਰੂਮ ਸਰਕਾਰੀ ਆਈ. ਟੀ. ਆਈ. ਨਾਭਾ ਰੋਡ ਵਿਖੇ, ਘਨੌਰ ਤੇ ਸ਼ੰਭੂ ਕਲਾਂ ਬਲਾਕਾਂ ਲਈ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਯੂਨੀਵਰਸਿਟੀ ਕਾਲਜ ਘਨੌਰ ਵਿਖੇ, ਨਾਭਾ ਬਲਾਕ ਲਈ ਰਿਪੁਦਮਨ ਕਾਲਜ ਨਾਭਾ, ਸਮਾਣਾ ਲਈ ਪਬਲਿਕ ਕਾਲਜ ਸਮਾਣਾ ਤੇ ਪਾਤੜਾਂ ਲਈ ਕਿਰਤੀ ਕਾਲਜ ਨਿਆਲ ਵਿਖੇ ਸਟਰਾਂਗ ਰੂਮ ਤੇ ਗਿਣਤੀ ਕੇਂਦਰ ਬਣਾਏ ਗਏ ਹਨ ।
ਕਿਹੜਾ ਕਿਹੜਾ ਉਮੀਦਵਾਰ ਚੁਣਿਆਂ ਗਿਆ ਨਿਰਵਿਰੋਧ
ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਹੋਰ ਦੱਸਿਆ ਕਿ ਭੁਨਰਹੇੜੀ ਬਲਾਕ `ਚ 25 ਉਮੀਦਵਾਰ, ਸਨੌਰ ਬਲਾਕ `ਚ 47 ਉਮੀਦਾਰ, ਨਾਭਾ ਬਲਾਕ `ਚ 83, ਪਟਿਆਲਾ ਬਲਾਕ ਸੰਮਤੀ ਲਈ 52, ਪਟਿਆਲਾ ਦਿਹਾਤੀ ਬਲਾਕ `ਚ 72, ਪਾਤੜਾਂ ਬਲਾਕ `ਚ 99, ਰਾਜਪੁਰਾ ਬਲਾਕ `ਚ 58, ਸਮਾਣਾ ਬਲਾਕ `ਚ 52, ਘਨੌਰ ਬਲਾਕ `ਚ 58 ਤੇ ਸ਼ੰਭੂ ਕਲਾਂ ਬਲਾਕ ਵਿਖੇ 60 ਉਮੀਦਵਾਰ ਚੋਣ ਮੈਦਾਨ ਵਿੱਚ ਸਨ । ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀਆਂ ਦੇ 15 ਚੋਣ ਹਲਕਿਆਂ ਤੋਂ ਉਮੀਦਵਾਰਾਂ ਦੀ ਚੋਣ ਨਿਰਵਿਰੋਧ ਹੋ ਗਈ ਜਦੋਂਕਿ ਬਾਕੀ ਰਹਿੰਦੇ 169 ਚੋਣ ਹਲਕਿਆਂ ਲਈ ਅੱਜ ਪਈਆਂ ਵੋਟਾਂ `ਚ ਜ਼ਿਲ੍ਹੇ ਦੇ ਵੋਟਰਾਂ ਨੇ ਸ਼ਾਂਤਮਈ ਢੰਗ ਨਾਲ ਆਪਣੀਆਂ ਵੋਟਾਂ ਪਾਈਆਂ ।
ਇਸੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਦਮਨਜੀਤ ਸਿੰਘ ਮਾਨ ਨੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਵੋਟਾਂ ਪੈਣ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਵੋਟਰਾਂ ਨਾਲ ਵੀ ਗੱਲਬਾਤ ਕੀਤੀ । ਉਨ੍ਹਾਂ ਕਿਹਾ ਕਿ ਚੋਣ ਅਮਲੇ ਨੇ ਅਜ਼ਾਦਾਨਾ ਚੋਣਾਂ ਕਰਵਾਉਣ ਲਈ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ ।
ਜਿਲਾ ਚੋਣ ਅਧਿਕਾਰੀ ਤੋਂ ਇਲਾਵਾ ਹੋਰ ਕਿਸ ਕਿਸ ਅਧਿਕਾਰੀ ਨੇ
ਇਸ ਤੋਂ ਬਿਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੇ ਰਿਟਰਨਿੰਗ ਅਧਿਕਾਰੀ ਤੇ ਏ. ਡੀ. ਸੀ. (ਸ਼ਹਿਰੀ ਵਿਕਾਸ) ਡਾ. ਇਸਮਤ ਵਿਜੇ ਸਿੰਘ, ਬਲਾਕ ਸੰਮਤੀ ਨਾਭਾ ਦੇ ਰਿਟਰਨਿੰਗ ਅਧਿਕਾਰੀ ਐਸ. ਡੀ. ਐਮ ਨਾਭਾ ਕੰਨੂ ਗਰਗ, ਭੁਨਰਹੇੜੀ ਦੇ ਆਰ. ਓ. ਏ. ਐਮ. ਡੀ. ਪੀ. ਆਰ. ਟੀ. ਸੀ. ਨਵਦੀਪ ਕੁਮਾਰ, ਰਾਜਪੁਰਾ ਦੇ ਆਰ. ਓ. ਐਸ. ਡੀ. ਐਮ. ਨਮਨ ਮਾਰਕੰਨ, ਪਟਿਆਲਾ ਦੇ ਐਸ. ਡੀ. ਐਮ ਹਰਜੋਤ ਕੌਰ ਮਾਵੀ, ਸਮਾਣਾ ਦੇ ਐਸ. ਡੀ. ਐਮ. ਰਿਚਾ ਗੋਇਲ, ਪਾਤੜਾਂ ਦੇ ਐਸ. ਡੀ. ਐਮ. ਅਸ਼ੋਕ ਕੁਮਾਰ, ਦੂਧਨਸਾਧਾਂ ਦੇ ਐਸ. ਡੀ. ਐਮ ਤੇ ਸਨੌਰ ਦੇ ਆਰ.ਓ ਸੁਖਪਾਲ ਸਿੰਘ, ਪਟਿਆਲਾ ਦਿਹਾਤੀ ਸੰਮਤੀ ਦੇ ਆਰ. ਓ. ਲੋਕ ਨਿਰਮਾਣ ਦੇ ਕਾਰਜਕਾਰੀ ਇੰਜੀਨੀਅਰ ਵਨੀਤ ਸਿੰਗਲਾ, ਘਨੌਰ ਦੇ ਆਰ. ਓ. ਬਿਜਲੀ ਨਿਗਮ ਦੇ ਵਧੀਕ ਐਸ. ਈ. ਧਰਮਵੀਰ ਕਮਲ ਅਤੇ ਸ਼ੰਭੂ ਕਲਾਂ ਦੇ ਆਰ. ਓ. ਬੀ. ਐਮ. ਐਲ. ਦੇ ਕਾਰਜਕਾਰੀ ਇੰਜੀਨੀਅਰ ਗੁਰਸ਼ਰਨ ਸਿੰਘ ਵਿਰਕ ਨੇ ਵੀ ਪੋਲਿੰਗ ਸਟੇਸ਼ਨਾਂ ਦਾ ਦੌਰਾ ਕਰਕੇ ਪੋਲਿੰਗ ਪ੍ਰਕ੍ਰਿਆ ਦਾ ਜਾਇਜ਼ਾ ਲਿਆ ।
Read more : ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਮੁਕੰਮਲ : ਡੀ. ਸੀ.









