ਪਟਿਆਲਾ/ਸਮਾਣਾ, 10 ਨਵੰਬਰ 2025 : ਗੁਰਦੁਆਰਾ ਥੜਾ ਸਾਹਿਬ (Gurdwara Thara Sahib) ਪਾ: ਨੌਵੀਂ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਸਮਾਣਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦਾ 350 ਸਾਲਾ ਸ਼ਹੀਦੀ ਪੁਰਬ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਨਾਮਵਰ ਰਾਗੀ ਜਥਿਆਂ ਨੇ ਗੁਰਬਾਣੀ ਮਨੋਹਰ ਕੀਰਤਨ ਕੀਤਾ ਅਤੇ ਕਥਾਵਾਚਕਾਂ, ਢਾਡੀਆਂ ਨੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਿਆਂ ।
ਗੁ: ਥੜਾ ਸਾਹਿਬ ਪਾ: ਨੌਵੀ ਵਿਖੇ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਇਆ ਗਿਆ
ਤਿੰਨ ਰੋਜ਼ਾ ਸਮਾਗਮ ਦੀ ਸੰਪੂਰਨਤਾ ਸਮੇਂ ਬੁੱਢਾ ਦਲ ਦੇ ਮੁਖੀ (Head of the Budha Dal) ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੰਬੋਧਨ ਕਰਦਿਆ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿੱਥੇ ਮਾਨਵ ਧਰਮ ਦੀ ਸੁਰੱਖਿਆ ਸੀ ਉੱਥੇ ਮਨੁੱਖ ਜਾਤੀ ਦੇ ਵਿਚਾਰ ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਸੀ । ਉਨ੍ਹਾਂ ਕਿਹਾ ਕਿ ਉਸ ਸਮੇਂ ਮੁਗ਼ਲ ਸਾਮਰਾਜ ਵੱਲੋਂ ਸਾਰੇ ਹਿੰਦੋਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜਬਰੀ ਧਰਮ ਬਦਲਣ ਦੀ ਅਪਣਾਈ ਗਈ ਹਿੰਸਕ ਨੀਤੀ ਨੂੰ ਇਕ ਕਰੜੀ ਵੰਗਾਰ ਸੀ ।
ਗੁਰੂ ਸਾਹਿਬ ਦੀ ਸ਼ਹਾਦਤ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ
ਸ਼ਹਾਦਤ ਸੰਕਲਪ ਦੀ ਗੱਲ ਕਰਦਿਆ ਕਿਹਾ ਨੌਵੇਂ ਪਾਤਸ਼ਾਹ ਦੀ ਸ਼ਹਾਦਤ (Martyrdom of the ninth king) ਸਿੱਖ ਇਤਿਹਾਸ ਵਿਚ ਇਕ ਨਵਾਂ ਮੋੜ ਸੀ ਜੋ ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਅਜ਼ਾਦੀ ਦੀ ਖਾਤਿਰ ਹੋਈ । ਉਨ੍ਹਾਂ ਕਿਹਾ ਗੁਰੂ ਸਾਹਿਬ ਦੀ ਸ਼ਹਾਦਤ ਭਾਰਤ ਲਈ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ । ਸਾਨੂੰ ਵੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਕੁਝ ਸਿੱਖਣ ਦੀ ਲੋੜ ਹੈ । ਉਨ੍ਹਾਂ ਕਿਹਾ ਨਵੇਂ ਪਾਤਸ਼ਾਹ ਹਿੰਦ ਦੀ ਚਾਦਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮ 23 ਤੋ 25 ਨਵੰਬਰ ਤੱਕ ਗੁਰਮਤਿ ਮਰਿਆਦਾ ਅਨੁਸਾਰ ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ। 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਜਾਣਗੇ । 23 ਨਵੰਬਰ ਨੂੰ ਇਸ ਛਾਉਣੀ ਵਿੱਚ ਸਰਬ ਧਰਮ ਸੰਮੇਲਨ ਹੋਵੇਗਾ, ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਧਰਮਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਣਗੀਆਂ ।
ਇਸ ਕੁਰਬਾਣੀ ਨਾਲ ਸਮਾਜ ਨੂੰ ਨਵਾਂ ਦਿਸ਼ਾ ਨਿਰਦੇਸ਼ ਮਿਲਿਆ ਅਤੇ ਲੋਕਾਂ ਵਿੱਚ ਜ਼ਬਰ ਜੁਲਮ ਨਾਲ ਟੱਕਰ ਲੈਣ ਦਾ ਸਾਹਸ ਪੈਦਾ ਹੋਇਆ
ਬਾਬਾ ਬਲਬੀਰ ਸਿੰਘ ਅਕਾਲੀ (Baba Balbir Singh Akali) ਨੇ ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਮਨਾਉਣ, ਇਲਾਕਾ ਨਿਵਾਸੀਆਂ ਅਤੇ ਸਮਾਣਾ ਸ਼ਹਿਰ ਦੇ ਗੁਰਦੁਆਰਿਆਂ ਦੇ ਪ੍ਰਬੰਧਕ, ਸਕੂਲ ਦੇ ਸਟਾਫ ਤੇ ਵਿਦਿਆਰਥੀਆਂ, ਸੁਖਮਨੀ ਸੇਵਾ ਸੁਸਾਇਟੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਪੰਜਾਬ ਸਰਕਾਰ ਦੇ ਸੇਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਭ ਧਰਮਾਂ ਦੇ ਪੈਰੋਕਾਰਾਂ ਨੂੰ ਰੋਸ਼ਨੀ ਮਾਰਗ ਬਖਸ਼ਦੀ ਹੈ । ਇਸ ਕੁਰਬਾਣੀ ਨਾਲ ਸਮਾਜ ਨੂੰ ਨਵਾਂ ਦਿਸ਼ਾ ਨਿਰਦੇਸ਼ ਮਿਲਿਆ ਅਤੇ ਲੋਕਾਂ ਵਿੱਚ ਜ਼ਬਰ ਜੁਲਮ ਨਾਲ ਟੱਕਰ ਲੈਣ ਦਾ ਸਾਹਸ ਪੈਦਾ ਹੋਇਆ ।
ਇਸ ਮੌਕੇ ਕੌਣ ਕੌਣ ਸੀ ਮੌਜੂਦ
ਇਸ ਮੌਕੇ ਭਾਈ ਜਸਬੀਰ ਸਿੰਘ ਖਾਲਸਾ ਜਥਾ ਸ੍ਰੀ ਹਰਿਮੰਦਰ ਸਾਹਿਬ, ਸੰਤ ਮਨਮੋਹਨ ਸਿੰਘ ਬਾਰਨਵਾਲੇ, ਭਾਈ ਰਣਜੋਧ ਸਿੰਘ ਫਤਿਹਪੁਰ ਵਾਲੇ, ਬਾਬਾ ਹਰੀ ਸਿੰਘ ਰੰਧਾਵਾ, ਗਿਆਨੀ ਸੁਖਜੀਤ ਸਿੰਘ ਕਨੱਈਆ ਸਿੰਘ ਕਥਾਵਾਚਕ, ਭਾਈ ਅਮਨਬੀਰ ਸਿੰਘ ਕਵੀਸ਼ਰੀ ਜਥਾ ਹਰੀਆਂ ਬੇਲਾਂ ਨੇ ਵੀ ਗੁਰਮਤਿ ਵਿਚਾਰ ਰਾਹੀਂ ਹਾਜ਼ਰੀ ਭਰੀ । ਇਸ ਮੌਕੇ ਬਾਬਾ ਵਿਸ਼ਵਪ੍ਰਤਾਪ ਸਿੰਘ ਨੂੰ ਸ਼ਹੀਦੀ ਪੁਰਬ ਮਨਾਉਣ ਸਮੇਂ, ਨਗਰ ਕੀਰਤਨ ਤੇ ਕੀਰਤਨ ਦਰਬਾਰ ਲਈ ਪੂਰਨ ਸਹਿਯੋਗ ਦੇਣ ਵਾਲੀਆਂ ਧਾਰਮਿਕ ਸਭਾ ਸੁਸਾਇਟੀਆਂ ਨੂੰ ਸਨਮਾਨਿਤ ਕੀਤਾ । ਇਸ ਸਮੇਂ ਬਾਬਾ ਜੱਸਾ ਸਿੰਘ, ਬਾਬਾ ਰਣਜੋਧ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਪਰਮਜੀਤ ਸਿੰਘ, ਬਾਬਾ ਗੁਰਮਖ ਸਿੰਘ ਆਦਿ ਹਾਜ਼ਰ ਸਨ ।









