ਨਾਗਰਿਕਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਦਿੱਤੀਆਂ ਜਾ ਰਹੀਆਂ ਸੇਵਾਵਾਂ : ਮੁੰਡੀਆਂ

0
37
Hardeep Mundiyan
ਚੰਡੀਗੜ੍ਹ/ਐਸ. ਏ. ਐਸ. ਨਗਰ, 4 ਨਵੰਬਰ 2025 : ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਅੱਜ ਦੱਸਿਆ ਕਿ ਵੱਖ-ਵੱਖ ਸ਼ਾਖਾਵਾਂ ਵਿੱਚ ਆਮ ਲੋਕਾਂ ਅਤੇ ਹੋਰ ਸਟੇਕਹੋਲਡਰਾਂ ਦੇ ਲੰਬਿਤ ਪਏ ਕੰਮਾਂ ਦੇ ਨਬੇੜੇ ਲਈ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਲਗਾਏ ਗਏ ਕੈਂਪ ਦੇ ਅੱਜ ਦੂਜੇ ਅਤੇ ਆਖ਼ਰੀ ਦਿਨ ਕੇਸਾਂ ਦਾ ਬਿਨੈਕਾਰਾਂ ਦੀ ਤਸੱਲੀ ਅਨੁਸਾਰ ਹੱਲ ਕੀਤਾ ਗਿਆ ।

ਆਮ ਲੋਕਾਂ ਅਤੇ ਹੋਰ ਭਾਗੀਦਾਰਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ

ਕੈਂਪ ਦੀ ਦੂਜੇ ਦਿਨ ਵੀ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਕੈਬਨਿਟ ਮੰਤਰੀ (Cabinet Minister) ਨੇ ਦੱਸਿਆ ਕਿ ਕੈਂਪ ਵਿੱਚ ਅਸਟੇਟ ਆਫਿਸ, ਲੇਖਾ ਸ਼ਾਖਾ, ਪਲਾਨਿੰਗ ਵਿੰਗ ਆਦਿ ਵਿਖੇ ਲੰਬਿਤ ਪਈਆਂ ਅਰਜ਼ੀਆਂ ਉਪਰ ਲੋਂੜੀਦੀ ਕਾਰਵਾਈ ਕਰਦਿਆਂ 1000 ਤੋਂ ਵੱਧ ਕੇਸਾਂ ਦਾ ਨਿਪਟਾਰਾ ਕੀਤਾ ਗਿਆ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਹੇਠ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਆਮ ਲੋਕਾਂ ਅਤੇ ਹੋਰ ਭਾਗੀਦਾਰਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ । ਕੈਂਪ ਵਿੱਚ ਪਹੁੰਚੇ ਬਿਨੈਕਾਰ, ਜਿਨ੍ਹਾਂ ਦੇ ਕੇਸਾਂ ਦਾ ਮੌਕੇ ‘ਤੇ ਹੱਲ ਕੀਤਾ ਗਿਆ, ਨੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਛੁੱਟੀਆਂ ਵਾਲੇ ਦਿਨ (ਸ਼ਨੀਵਾਰ ਅਤੇ ਐਤਵਾਰ) ਕੈਂਪ ਲਗਾਉਣ ਦਾ ਪੰਜਾਬ ਸਰਕਾਰ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਕਿਉਂਜੋ ਆਮ ਕੰਮ-ਕਾਜ ਵਾਲੇ ਦਿਨ ਨਿੱਜੀ ਰੁਝੇਵਿਆਂ ਕਾਰਨ ਉਹ ਕਈ ਵਾਰ ਆਪਣੇ ਕੰਮਾਂ ਲਈ ਗਮਾਡਾ ਦਫ਼ਤਰ ਨਹੀਂ ਆ ਸਕਦੇ ।

ਭਵਿੱਖ ਵਿੱਚ ਲੋੜ ਅਨੁਸਾਰ ਅਜਿਹੇ ਹੋਰ ਲਗਾਏ ਜਾਣਗੇ ਕੈਂਪ

ਗਮਾਡਾ ਦੇ ਮੁੱਖ ਪ੍ਰਸ਼ਾਸਕ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਵਿਕਾਸ ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਸਾਂ ਦੀ ਪੇਂਡੇਂਸੀ ਖ਼ਤਮ ਕਰਨ ਲਈ ਗਮਾਡਾ ਵੱਲੋਂ ਇਹ 2 ਦਿਨਾਂ ਕੈਂਪ ਲਗਾਇਆ ਗਿਆ । ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਲੋੜ ਅਨੁਸਾਰ ਅਜਿਹੇ ਹੋਰ ਕੈਂਪ ਲਗਾਏ ਜਾਣਗੇ । ਉਨ੍ਹਾਂ ਕੈਂਪ ਨੂੰ ਕਾਮਯਾਬ ਬਣਾਉਣ ਲਈ ਗਮਾਡਾ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਮੁੱਹਈਆ ਕਰਵਾਉਣ ਲਈ ਗਮਾਡਾ ਵਚਨਬੱਧ ਹੈ ।

ਵੱਖ-ਵੱਖ ਸ਼ਾਖਾਵਾਂ ਦੇ ਕੰਮ-ਕਾਜ ਦੀ ਕੀਤੀ ਜਾਵੇਗੀ ਨਿਰੰਤਰ ਸਮੀਖਿਆ

ਉਨ੍ਹਾਂ ਦੱਸਿਆ ਕਿ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹੁਣ ਤੋਂ ਵੱਖ-ਵੱਖ ਸ਼ਾਖਾਵਾਂ ਦੇ ਕੰਮ-ਕਾਜ ਦੀ ਨਿਰੰਤਰ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਬੇਲੋੜੀ ਦੇਰ ਨਾ ਹੋਵੇ । ਕੈਂਪ ਦੌਰਾਨ ਅਮਰਿੰਦਰ ਸਿੰਘ ਮੱਲ੍ਹੀ, ਵਧੀਕ ਮੁੱਖ ਪ੍ਰਸ਼ਾਸਕ, ਹਰਦੀਪ ਸਿੰਘ, ਅਸਟੇਟ ਅਫਸਰ (ਹਾਊਸਿੰਗ)-ਕਮ-ਭੌਂ ਪ੍ਰਾਪਤੀ ਕੂਲੈਕਟਰ, ਰਵਿੰਦਰ ਸਿੰਘ, ਅਸਟੇਟ ਅਫਸਰ (ਪਲਾਟ) ਤੋਂ ਇਲਾਵਾ ਪਲਾਨਿੰਗ, ਮਿਲਖ ਦਫ਼ਤਰ, ਅਕਾਊਂਟ ਆਫਿਸ, ਲਾਇਸੈਂਸਿੰਗ ਸ਼ਾਖਾ ਅਤੇ ਇੰਜੀਨੀਅਰ ਵਿੰਗ ਦੇ ਸਮੂਹ ਅਧਿਕਾਰੀ/ਕਰਮਚਾਰੀ ਮੌਜੂਦ ਰਹੇ, ਜਿਨ੍ਹਾਂ ਨੇ ਆਪਣੇ ਆਪਣੇ ਦਫ਼ਤਰਾਂ ਨਾਲ ਸਬੰਧਤ ਕੇਸਾਂ ਦਾ ਮੌਕੇ ‘ਤੇ ਨਿਪਟਾਰਾ ਕੀਤਾ ।

LEAVE A REPLY

Please enter your comment!
Please enter your name here