ਸੰਗਰੂਰ, 3 ਨਵੰਬਰ 2025 : ਪੀ. ਡਬਲਿਊ. ਡੀ. ਰੈਸਟ ਹਾਊਸ (ਸੰਗਰੂਰ) ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਦੇ ਭਾਰੀ ਬਰਸਾਤ ਜਾਂ ਹੜ੍ਹ ਵਰਗੀ ਸਥਿਤੀ ਕਾਰਨ ਪ੍ਰਭਾਵਿਤ 11 ਪਿੰਡਾਂ ਦੇ 82 ਹੜ੍ਹ ਪੀੜਤਾਂ (82 flood victims from 11 villages) ਨੂੰ 17 ਲੱਖ 47 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਜਿੰਨੇ ਸਮੇਂ ਵਿੱਚ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਸੀ, ਓਨੇ ਸਮੇਂ ਵਿੱਚ ਮੁਆਵਜ਼ਾ ਦਿੱਤਾ ਹੈ ।
ਕਿਹੜੇ ਪਿੰਡ ਨੂੰ ਕਿੰਨੀ ਰਾਸ਼ੀ ਦੇ ਸੌਂਪੇ ਗਏ ਚੈਕ
ਅਮਨ ਅਰੋੜਾ ਨੇ ਦੱਸਿਆ ਕਿ ਲਖਮੀਰਵਾਲਾ ਦੇ 03 ਹੜ੍ਹ ਪੀੜਤਾਂ ਨੂੰ 1,98,000 ਰੁਪਏ, ਬਿਗੜਵਾਲ ਦੇ 01 ਲਾਭਪਾਤਰੀ ਨੂੰ 20,375 ਰੁਪਏ, ਚੌਵਾਸ ਦੇ 04 ਲਾਭਪਾਤਰੀਆਂ ਨੂੰ 51,811 ਰੁਪਏ, ਭਰੂਰ ਦੇ 01 ਲਾਭਪਾਤਰੀ ਨੂੰ 32,875 ਰੁਪਏ, ਬਖਸ਼ੀਵਾਲਾ ਦੇ 03 ਲਾਭਪਾਤਰੀਆਂ ਨੂੰ 70,875 ਰੁਪਏ, ਚੀਮਾ ਦੇ 10 ਲਾਭਪਾਤਰੀਆਂ ਨੂੰ 01,41,437 ਰੁਪਏ, ਸ਼ੇਰੋਂ ਦੇ 10 ਲਾਭਪਾਤਰੀਆਂ ਨੂੰ 03,23,186 ਰੁਪਏ, ਸ਼ਾਹਪੁਰ ਕਲਾਂ ਦੇ 23 ਲਾਭਪਾਤਰੀਆਂ ਨੂੰ 04,17,624 ਰੁਪਏ, ਤੋਲਾਵਾਲ ਦੇ 20 ਲਾਭਪਾਤਰੀਆਂ ਨੂੰ 03,66,935 ਰੁਪਏ, ਬੀਰ ਕਲਾਂ ਦੇ 06 ਲਾਭਪਾਤਰੀਆਂ ਨੂੰ 01,03,937 ਅਤੇ ਸੁਨਾਮ ਦੇ 01 ਲਾਭਪਾਤਰੀ ਨੂੰ 20,000 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਸੌਂਪੇ ਗਏ ।
ਪਿਛਲੀਆਂ ਸਰਕਾਰਾਂ ਵੇਲੇ ਲੋਕਾਂ ਨੂੰ ਮੁਆਵਜ਼ਾ ਲੈਣ ਲਈ ਕਈ ਕਈ ਸਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਨੇ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਅਤੇ ਹੁਣ ਉਹਨਾਂ ਦੀ ਜ਼ਿੰਦਗੀ ਮੁੜ ਲੀਹ ‘ਤੇ ਲੈ ਕੇ ਆਉਣ ਲਈ ਮੁਆਵਜ਼ਾ ਰਾਸ਼ੀ ਵੰਡੀ ਜਾ ਰਹੀ ਹੈ । ਪਿਛਲੀਆਂ ਸਰਕਾਰਾਂ ਵੇਲੇ ਲੋਕਾਂ ਨੂੰ ਮੁਆਵਜ਼ਾ ਲੈਣ ਲਈ ਕਈ ਕਈ ਸਾਲ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪੈਂਦੇ ਸਨ । ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਤੈਅ ਸਮੇਂ ਵਿੱਚ ਗਰਦੌਰੀਆਂ ਕਰਵਾ ਕੇ ਮੁਆਵਜ਼ਾ ਰਾਸ਼ੀ ਹੜ੍ਹ ਪੀੜਤਾਂ ਦੇ ਖਾਤਿਆਂ ਵਿੱਚ ਪਾਈ ਜਾਵੇ । ਪੰਜਾਬ ਸਰਕਾਰ ਨੇ ਜੋ ਵੀ ਐਲਾਨ ਕੀਤਾ ਸੀ, ਉਹ ਤੈਅ ਸਮੇਂ ਵਿੱਚ ਪੂਰਾ ਕਰ ਕੇ ਦਿਖਾਇਆ ਹੈ ।
ਜੇਕਰ ਮੁਆਵਜ਼ੇ ਬਾਬਤ ਕਿਸੇ ਨੂੰ ਕੋਈ ਦਿੱਕਤ ਦਰਪੇਸ਼ ਹੈ ਤਾਂ ਉਹ ਫੌਰੀ ਉਹਨਾਂ ਦੇ ਧਿਆਨ ਵਿੱਚ ਲੈਂਦੀ ਜਾਵੇ
ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਹਰ ਕਿਸਮ ਦੇ ਹਾਲਾਤ ਵਿੱਚ ਸੂਬੇ ਦੇ ਲੋਕਾਂ ਨਾਲ ਖੜ੍ਹੀ ਹੈ । ਉਹਨਾਂ ਕਿਹਾ ਕਿ ਜੇਕਰ ਮੁਆਵਜ਼ੇ ਬਾਬਤ ਕਿਸੇ ਨੂੰ ਕੋਈ ਦਿੱਕਤ ਦਰਪੇਸ਼ ਹੈ ਤਾਂ ਉਹ ਫੌਰੀ ਉਹਨਾਂ ਦੇ ਧਿਆਨ ਵਿੱਚ ਲੈਂਦੀ ਜਾਵੇ, ਉਹ ਫੌਰੀ ਉਸ ਦਾ ਹਰ ਸੰਭਵ ਹੱਲ ਕੀਤਾ ਜਾਵੇਗਾ । ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਵੱਖ ਵੱਖ ਸਮੇਂ ਬਹੁਤ ਵੱਡੀਆਂ ਦਿੱਕਤਾਂ ਝੱਲੀਆਂ ਹਨ ਤੇ ਹਰ ਵਾਰ ਪੰਜਾਬ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਕੇ ਉਹਨਾਂ ਮੁਸ਼ਕਲਾਂ ਵਿੱਚੋਂ ਨਿਕਲਦਾ ਰਿਹਾ ਹੈ ਤੇ ਇਸ ਵਾਰ ਵੀ ਪੰਜਾਬ ਬਹੁਤ ਜਲਦ ਆਪਣੇ ਪੈਰਾਂ ‘ਤੇ ਖੜ੍ਹਾ ਹੋ ਕੇ ਸਾਬਤ ਕਦਮੀਂ ਅੱਗੇ ਵਧੇਗਾ ।
ਇਸ ਮੌਕੇ ਕਿਹੜੇ ਕਿਹੜੇ ਅਧਿਕਾਰੀ ਸਨ ਮੌਜੂਦ
ਇਸ ਮੌਕੇ ਐਸ. ਡੀ. ਐਮ. ਸੁਨਾਮ ਪ੍ਰਮੋਦ ਸਿੰਗਲਾ, ਮਾਰਕਿਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਕੇਸ਼ ਜੁਨੇਜਾ, ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਪਰੰਚ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲਖਮੀਰਵਾਲਾ, ਗੁਰਤੇਜ ਸਿੰਘ ਸਰਪੰਚ ਚੌਵਾਸ, ਸਤਗੁਰ ਸਿੰਘ ਸਰਪੰਚ ਸ਼ੇਰੋਂ, ਗੁਰਿੰਦਰ ਸਿੰਘ ਖੇੜੀ ਬਲਾਕ ਪ੍ਰਧਾਨ, ਪੀ. ਏ. ਸੰਜੀਵ ਸੰਜੂ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ ।
Read more : ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਦਿੱਤਾ ਗੁਜਰਾਤ ਦੇ ਮੁੱਖ ਮੰਤਰੀ ਨੂੰ ਸੱਦਾ









