ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਤੇ ਆਧੁਨਿਕ ਦੌਰ ਨਾਲ ਜੋੜਿਆ : ਡਾ. ਬਲਬੀਰ 

0
50
E-Hospital

ਪਟਿਆਲਾ, 3 ਨਵੰਬਰ 2025 : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਰਾਜ ਦੀ ਸਿਹਤ ਪ੍ਰਣਾਲੀ ਨੂੰ ਡਿਜ਼ੀਟਲ ਤੇ ਆਧੁਨਿਕ ਦੌਰ ਨਾਲ ਜੋੜਦਿਆਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦਾ ਫੁਲੀ ਈ-ਹਸਪਤਾਲ (E-Hospital) ਵਜੋਂ ਉਦਘਾਟਨ ਕਰਨ ਸਮੇਤ ਇੱਥੇ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਨੂੰ ਵੀ ਮਰੀਜਾਂ ਲਈ ਸਮਰਪਿਤ ਕੀਤਾ ।

ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ‘ਚ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਤੇ ਈ-ਹਸਪਤਾਲ ਦੀ ਸ਼ੁਰੂਆਤ

ਸਿਹਤ ਮੰਤਰੀ (Health Minister) ਨੇ ਦੱਸਿਆ ਕਿ ਹੁਣ ਰਾਜਿੰਦਰਾ ਹਸਪਤਾਲ ਵਿਖੇ ਮਰੀਜਾਂ ਨੂੰ ਤੇਜ਼, ਪਾਰਦਰਸ਼ੀ ਤੇ ਆਸਾਨ ਸਿਹਤ ਸੇਵਾ ਪ੍ਰਦਾਨ ਹੋਵੇਗੀ ਅਤੇ ਸੂਬੇ ਦੇ ਲੋਕਾਂ ਨੂੰ ਉਤਮ ਸਿਹਤ ਸੇਵਾ ਪਹੁੰਚਾਉਣ ਲਈ ਜਲਦੀ ਹੀ ਇਹ ਪ੍ਰਣਾਲੀ ਰਾਜ ਦੇ ਬਾਕੀ ਸਾਰੇ ਜ਼ਿਲ੍ਹਾ ਤੇ ਸਬ-ਡਵੀਜਨ ਹਸਪਤਾਲਾਂ ‘ਚ ਸ਼ੁਰੂ ਕੀਤੀ ਜਾਵੇਗੀ । ਡਾ. ਬਲਬੀਰ ਸਿੰਘ (Dr. Balbir Singh) ਨੇ ਇਸ ਮੌਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਰੰਗਲਾ ਪੰਜਾਬ ਦੇ ਸੁਪਨੇ ਤਹਿਤ ਸੂਬੇ ਵਿੱਚ ਸਿਹਤ, ਵਿਕਾਸ, ਸਿੱਖਿਆ ਤੇ ਰੁਜ਼ਗਾਰ ਨੂੰ ਪਹਿਲ ਦਿੰਦਿਆਂ ਸਰਕਾਰੀ ਰਜਿੰਦਰਾ ਹਸਪਤਾਲ ਦੀ ਗਵਾਚੀ ਸ਼ਾਨ ਬਹਾਲ ਕੀਤੀ ਹੈ । ਉਨ੍ਹਾਂ ਦੱਸਿਆ ਕਿ ਇੱਥੇ ਕ੍ਰਿਟੀਕਲ ਮੈਡੀਸਿਨ, ਫੈਮਿਲੀ ਮੈਡੀਸਿਨ, ਪੈਲੀਏਟਿਵ ਤੇ ਜੈਰੀਏਟਿਵ ਕੇਅਰ ਦੇ ਚਾਰ ਨਵੇਂ ਕੋਰਸ ਸ਼ੁਰੂ ਕੀਤੇ ਜਾਣਗੇ। ਸੁਪਰ ਸਪੈਸ਼ਲਿਟੀ ਹਸਪਤਾਲ ਨੂੰ ਹੋਰ ਆਧੁਨਿਕ ਸੇਵਾਵਾਂ ਨਾਲ ਲੈਸ ਕਰਨ ਸਮੇਤ 300 ਬੈਡਾਂ ਦਾ ਟਰੌਮਾ ਕੇਅਰ ਹਸਪਤਾਲ ਬਣਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਮਰੀਜ ਨੂੰ ਵੈਂਟੀਲੇਟਰ ਦੀ ਘਾਟ ਕਾਰਨ ਚੰਡੀਗੜ੍ਹ ਰੈਫ਼ਰ ਨਾ ਕਰਨਾ ਪਵੇ ।

ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਰਜਿੰਦਰਾ ਹਸਪਤਾਲ ਦੀ ਗਵਾਚੀ ਸ਼ਾਨ ਬਹਾਲ ਕੀਤੀ-ਸਿਹਤ ਮੰਤਰੀ

ਡਾ. ਬਲਬੀਰ ਸਿੰਘ ਨੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਿੰਗਜ-ਇਲੈਵਨ ਪੰਜਾਬ ਦੇ ਅਧੀਨ ਰਾਊਂਡ ਟੇਬਲ ਇੰਡੀਆ ਵੱਲੋਂ 30 ਲੱਖ ਦੀ ਲਾਗਤ ਨਾਲ ਬਣਾਏ ਗਏ ਮੁੱਖ ਮੰਤਰੀ ਮਰੀਜ ਸਹਾਇਤਾ ਕੇਂਦਰ ਵਿੱਚ ਮਰੀਜਾਂ ਤੇ ਵਾਰਸਾਂ ਨੂੰ ਬੈਠਣ, ਉਡੀਕ ਕਰਨ, ਜਨ ਔਸ਼ਧੀ ਦਵਾਈਆਂ ਦੀ ਸਹੂਲਤ ਸਮੇਤ ਮਰੀਜਾਂ, ਬਜ਼ੁਰਗ ਅਤੇ ਅਪਾਹਜਾਂ ਨੂੰ ਹਰ ਤਰ੍ਹਾਂ ਦੀ ਮਦਦ ਵੀ ਪ੍ਰਦਾਨ ਕਰਨ ਲਈ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਰੀਜਾਂ ਤੇ ਡਾਕਟਰਾਂ ਦਰਮਿਆਨ ਰਿਸ਼ਤਾ ਹੋਰ ਮਜ਼ਬੂਤ ਹੋਵੇਗਾ ਅਤੇ ਤਕਲੀਫ਼ ‘ਚ ਰਾਜਿੰਦਰਾ ਹਸਪਤਾਲ ਵਿਖੇ ਆਇਆ ਮਰੀਜ ਇੱਥੋਂ ਆਪਣੇ ਦੁੱਖਾਂ ਦਾ ਨਿਵਾਰਨ ਕਰਵਾ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਰੀਜ ਸਹਾਇਤਾ ਕੇਂਦਰ ਵਿਖੇ ਕੋਈ ਵੀ ਸਮਾਜ ਸੇਵੀ ਸੰਸਥਾ ਆਕੇ ਸੇਵਾ ਕਰ ਸਕਦੀ ਹੈ ।

ਪਟਿਆਲਾ ਬਣੇਗਾ ਮੈਡੀਕਲ ਹੱਬ, ਸਰਕਾਰੀ ਰਜਿੰਦਰਾ ਹਸਪਤਾਲ ‘ਚ ਸ਼ੁਰੂ ਹੋਣਗੇ ਚਾਰ ਨਵੇਂ ਕੋਰਸ

ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਈ ਹਸਪਤਾਲ ਡਿਜੀਟਲ ਇੰਡੀਆ ਪਹਿਲਕਦਮੀ ਦੇ ਤਹਿਤ ਐਨ. ਆਈ. ਸੀ. ਦੁਆਰਾ ਵਿਕਸਤ ਇੱਕ ਓਪਨ-ਸੋਰਸ ਹਸਪਤਾਲ ਪ੍ਰਬੰਧਨ ਪ੍ਰਣਾਲੀ ਤਹਿਤ ਰਾਜਿੰਦਰਾ ਹਸਪਤਾਲ (Rajindra Hospital) ਦਾ ਪੂਰਾ ਡਿਜੀਟਲਾਈਜੇਸ਼ਨ ਹੋ ਗਿਆ । ਮਰੀਜਾਂ ਨੂੰ ਕੰਪਿਊਟਰਾਈਜ਼ਡ ਓ. ਪੀ. ਡੀ. ਸਲਿੱਪਾਂ ਦੇਣ ਅਤੇ ਲੈਬ ਇਨਫਰਮੇਸ਼ਨ ਸਿਸਟਮ ਚਾਲੂ ਹੋਣ ਨਾਲ ਮਰੀਜਾਂ ਨੂੰ ਕੰਪਿਊਟਰਾਈਜ਼ਡ ਰਿਪੋਰਟਾਂ ਵੀ ਮਿਲਣਗੀਆਂ । ਉਨ੍ਹਾਂ ਦੱਸਿਆ ਕਿ ਬਿਲਿੰਗ ਮੋਡੀਊਲ ਵਰਤੇ ਹੋਏ ਹਸਪਤਾਲ ਵੱਲੋਂ ਆਪਣੇ ਸਾਰੇ ਕਾਰਜ ਡਿਜੀਟਲ ਪ੍ਰਬੰਧਨ ਕਰਦਿਆਂ ਮਰੀਜ਼ ਰਜਿਸਟ੍ਰੇਸ਼ਨ, ਬਿਲਿੰਗ, ਲੈਬ ਰਿਪੋਰਟਾਂ, ਹਰ ਮਰੀਜ਼ ਲਈ ਵਿਲੱਖਣ ਹਸਪਤਾਲ ਆਈਡੀ (ਯੂ. ਐਚ. ਆਈ. ਡੀ.) ਤੇ ਕੰਪਿਊਟਰਾਈਜ਼ਡ ਰਸੀਦਾਂ ਦੇਣ ਸਮੇਤ ਬਿਲਿੰਗ ਤੇ ਭੁਗਤਾਨ ਵੀ ਡਿਜ਼ੀਟਲ ਕੀਤਾ ਗਿਆ ਹੈ ।

ਸੂਬੇ ਦੇ ਮੈਡੀਕਲ ਤੇ ਨਰਸਿੰਗ ਵਿਦਿਆਰਥੀਆਂ ਸਮੇਤ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਵੀ ਮੁਢਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਦੇ ਮੈਡੀਕਲ ਤੇ ਨਰਸਿੰਗ ਵਿਦਿਆਰਥੀਆਂ ਸਮੇਤ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਵੀ ਮੁਢਲੀ ਸਿਹਤ ਸਿੱਖਿਆ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਰਾਜ ‘ਚ 3 ਸਰਕਾਰੀ ਤੇ 5 ਪ੍ਰਾਈਵੇਟ ਮੈਡੀਕਲ ਕਾਲਜਾਂ (There are 3 government and 5 private medical colleges in the state.) ਸਮੇਤ 8 ਨਵੇਂ ਮੈਡੀਕਲ ਕਾਲਜ ਬਹੁਤ ਜਲਦ ਸ਼ੁਰੂ ਹੋਣ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ‘ਚ ਇਲਾਜ ਸਹੂਲਤਾਂ ਬਹੁਤ ਮਹਿੰਗੀਆਂ ਹੋਣ ਕਰਕੇ ਪਟਿਆਲਾ ਨੂੰ ਮੈਡੀਕਲ ਹੱਬ ਬਣਾ ਕੇ ਇਲਾਜ ਸਹੂਲਤਾਂ ਨੂੰ ਮਿਆਰੀ ਬਣਾਇਆ ਜਾ ਰਿਹਾ ਹੈ । ਇਸ ਤੋਂ ਬਿਨ੍ਹਾਂ ਹਰ ਪੰਜਾਬੀ ਨੂੰ 10 ਲੱਖ ਰੁਪਏ ਤੱਕ ਦੀ ਇਲਾਜ ਸਹੂਲਤ ਪ੍ਰਦਾਨ ਕਰਕੇ ਪੰਜਾਬ ਸਰਕਾਰ ਨੇ ਸਿਹਤ ਕਰਾਂਤੀ ਨੂੰ ਹੋਰ ਅੱਗੇ ਵਧਾਇਆ ਹੈ ।

ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਕ ਮੌਕੇ ਡੀ. ਆਰ. ਐਮ. ਈ. ਡਾ. ਅਵਨੀਸ਼ ਕੁਮਾਰ, ਡਾਇਰੈਕਟਰ ਪ੍ਰਿੰਸੀਪਲ ਡਾ. ਆਰ. ਪੀ. ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਵਿਸ਼ਾਲ ਚੋਪੜਾ, ਡਾ. ਸੁਧੀਰ ਵਰਮਾ, ਐਨ. ਆਈ. ਸੀ. ਤੋਂ ਸਟੇਟ ਇਨਫਰਮੇਟਿਕ ਅਫ਼ਸਰ ਵਿਵੇਕ ਵਰਮਾ, ਸੀਨੀਅਰ ਡਾਇਰੈਕਟਰ ਧਰਮੇਸ਼ ਕੁਮਾਰ ਤੇ ਡਾਇਰੈਕਟਰ ਆਈ.ਟੀ ਸੰਜੀਵ ਸ਼ਰਮਾ, ਐਲ. ਸੀ. ਗੁਪਤਾ, ਅਨੰਦ ਸਰਕਾਰੀਆ, ਵਿਵੇਕ ਕੁਮਾਰ, ਡਾ. ਦੀਪਾਲੀ, ਡਾ. ਸੀਮਾ ਸਮੇਤ ਪਟਿਆਲਾ ਹੈਲਥ ਫਾਊਡੇਸ਼ਨ, ਪਟਿਆਲਾ ਇੰਡਸਟਰੀ ਐਸੋਸੀਏਸ਼ਨ, ਜਨ ਹਿਤ ਸੰਮਤੀ, ਖ਼ੂਨਦਾਨੀ ਸੰਸਥਾਵਾਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਫੈਕਲਿਟੀ ਤੇ ਮੈਡੀਕਲ ਵਿਦਿਆਰਥੀ ਵੀ ਮੌਜੂਦ ਸਨ ।

Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਲੋਂ ਮੰਡੀ ਧੰਗੇੜਾ ਅਤੇ ਮੰਡੌਰ ਦਾ ਦੌਰਾ 

LEAVE A REPLY

Please enter your comment!
Please enter your name here