ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਦਿੱਤਾ ਗੁਜਰਾਤ ਦੇ ਮੁੱਖ ਮੰਤਰੀ ਨੂੰ ਸੱਦਾ

0
42
Chief Minister of Gujarat

ਚੰਡੀਗੜ੍ਹ/ਗਾਂਧੀਨਗਰ, 31 ਅਕਤੂਬ 2025 : ਭਾਈਚਾਰਕ ਸਾਂਝ, ਸਰਬ-ਸਾਂਝੀਵਾਲਤਾ ਤੇ ਕੌਮੀ ਏਕਤਾ ਦਾ ਸੁਨੇਹਾ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ (Gujarat Chief Minister Bhupendra Patel) ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬੇ ਭਰ ਵਿੱਚ ਕਰਵਾਏ ਜਾਣ ਵਾਲੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ।

ਪੰਜਾਬ ਸਰਕਾਰ ਵੱਲੋਂ 350ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਦਿੱਤਾ ਜਾ ਰਿਹੈ ਸੱਦਾ : ਅਮਨ ਅਰੋੜਾ

ਪੰਜਾਬ ਦੇ ਉੱਚ-ਪੱਧਰੀ ਵਫ਼ਦ ਦੀ ਅਗਵਾਈ ਕਰਦਿਆਂ ਅਮਨ ਅਰੋੜਾ (Aman Arora) ਨੇ ਗਾਂਧੀਨਗਰ ਵਿਖੇ ਗੁਜਰਾਤ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ (The unparalleled martyrdom of Sri Guru Tegh Bahadur Sahib Ji) ਨੂੰ ਸ਼ਰਧਾਂਜਲੀ ਭੇਟ ਕਰਨ ਲਈ ਕਰਵਾਏ ਜਾ ਰਹੇ ਮਹੀਨਾ ਭਰ ਚੱਲਣ ਵਾਲੇ ਸੂਬੇ ਪੱਧਰੀ ਯਾਦਗਾਰੀ ਪ੍ਰੋਗਰਾਮਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਭਾਰਤ ਦੇ ਧਰਮ ਨਿਰਪੱਖ ਤਾਣੇ-ਬਾਣੇ ਦਾ ਨੀਂਹ ਪੱਥਰ ਹੈ ਅਤੇ ਸਾਰਿਆਂ ਲਈ ਧਾਰਮਿਕ ਆਜ਼ਾਦੀ ਦੀ ਰਾਖੀ ਕਰਨ ਦਾ ਵਿਸ਼ਵਵਿਆਪੀ ਸਿਧਾਂਤ ਹੈ ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਮਨੁੱਖੀ ਅਧਿਕਾਰਾਂ, ਮਾਨਵੀ ਕਦਰਾਂ ਕੀਮਤਾਂ ਅਤੇ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ

ਗੁਜਰਾਤ ਦੇ ਮੁੱਖ ਮੰਤਰੀ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਸਬੰਧੀ ਸੱਦਾ ਦਿੰਦਿਆਂ ਅਮਨ ਅਰੋੜਾ ਨੇ ਕਿਹਾ, “ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਮਨੁੱਖੀ ਅਧਿਕਾਰਾਂ, ਮਾਨਵੀ ਕਦਰਾਂ ਕੀਮਤਾਂ ਅਤੇ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਹੈ, ਜੋ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦੇਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਆਗੂਆਂ ਦੀ ਮੌਜੂਦਗੀ ਸਾਡੀ ਸਾਂਝੀ ਰਾਸ਼ਟਰੀ ਭਾਵਨਾ ਅਤੇ ਕਦਰਾਂ-ਕੀਮਤਾਂ ਦਾ ਪ੍ਰਤੀਕ ਹੋਵੇਗੀ ।

ਤਰੁਨਪ੍ਰੀਤ ਸਿੰਘ ਸੌਂਦ ਨੇ ਪਾਇਆ ਸਮਾਗਮ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ‘ਤੇ ਚਾਨਣਾ

ਇਸ ਮੌਕੇ ਤਰੁਨਪ੍ਰੀਤ ਸਿੰਘ ਸੌਂਦ (Tarunpreet Singh Saund) ਨੇ ਇਹਨਾਂ ਸਮਾਗਮ ਦੀ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਤਾ ‘ਤੇ ਚਾਨਣਾ ਪਾਇਆ । ਉਨ੍ਹਾਂ ਕਿਹਾ, “ਇਹ ਇਤਿਹਾਸਕ ਦਿਹਾੜਾ ਸਮੁੱਚੇ ਦੇਸ਼ ਲਈ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਦਰਸਾਏ ਨਿਆਂ, ਕੁਰਬਾਨੀ ਅਤੇ ਸੱਚਾਈ ਦੇ ਆਦਰਸ਼ਾਂ ਨੂੰ ਅਪਣਾਉਣ ਦਾ ਸੁਨੇਹਾ ਦਿੰਦਾ ਹੈ । ਅਸੀਂ ਧਾਰਮਿਕ ਸਮਾਗਮਾਂ, ਕੀਰਤਨ ਦਰਬਾਰਾਂ ਅਤੇ ਅਕਾਦਮਿਕ ਸੈਮੀਨਾਰਾਂ ਦੀ ਲੜੀ ਕਰਵਾ ਰਹੇ ਹਾਂ ਤਾਂ ਜੋ ਨੌਵੇਂ ਗੁਰੂ ਸਾਹਿਬ ਦੇ ਸਦੀਵੀ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾ ਸਕੇ । ਇਹ ਸਮਾਗਮ ਸਮੁੱਚੇ ਦੇਸ਼ ਲਈ ਬੇਹੱਦ ਮਹੱਤਵਪੂਰਨ ਹੋਣਗੇ । ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਦੁਨੀਆਂ ਭਰ ਦੇ ਲੋਕਾਂ ਨੂੰ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਬਾਰੇ ਜਾਣੂ ਕਰਵਾਉਣਗੇ ਅਤੇ ਪ੍ਰੇਰਿਤ ਕਰਨਗੇ ।

Read More : CM ਮਾਨ ਦੀ ਅਗਵਾਈ ਵਿੱਚ ਮੰਤਰੀ ਕਰਨਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੇ ਪ੍ਰਬੰਧਾਂ ਦੀ ਨਿਗਰਾਨੀ

LEAVE A REPLY

Please enter your comment!
Please enter your name here