ਪਟਿਆਲਾ, 27 ਅਕਤੂਬਰ 2025 : ਜ਼ਿਲ੍ਹੇ ਵਿੱਚ ਡੇਂਗੂ ਅਤੇ ਚਿਕਨਗੁਣੀਆ (Dengue and Chikungunya)ਦੇ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ, ਸਿਵਲ ਸਰਜਨ ਅਤੇ ਸਾਰੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਨੇ ਜ਼ਿਲ੍ਹੇ ਦੇ ਸ਼ਹਿਰੀ ਤੇ ਪਿੰਡ ਪੱਧਰ ‘ਤੇ ਡੇਂਗੂ ਤੇ ਚਿਕਨਗੁਣੀਆ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ।
ਡੇਂਗੂ ਅਤੇ ਚਿਕਨਗੁਣੀਆ ‘ਤੇ ਕਾਬੂ ਪਾਉਣ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਸਖ਼ਤ ਹਦਾਇਤਾਂ
ਡਾ. ਪ੍ਰੀਤੀ ਯਾਦਵ (Dr. Preeti Yadav) ਨੇ ਸਪਸ਼ਟ ਹਦਾਇਤ ਦਿੱਤੀ ਕਿ ਸਾਰੇ ਬਲਾਕ ਅਤੇ ਸ਼ਹਿਰੀ ਖੇਤਰਾਂ ਵਿੱਚ ਫੌਗਿੰਗ ਮੁਹਿੰਮ ਨੂੰ ਜੰਗੀ ਪੱਧਰ ‘ਤੇ ਚਲਾਇਆ ਜਾਵੇ, ਜਿੱਥੇ ਵੀ ਡੇਂਗੂ ਜਾਂ ਚਿਕਨਗੁਣੀਆ ਦੇ ਕੇਸ ਸਾਹਮਣੇ ਆ ਰਹੇ ਹਨ, ਉਥੇ ਤੁਰੰਤ ਫੌਗਿੰਗ ਕੀਤੀ ਜਾਵੇ ਅਤੇ ਰਿਪੋਰਟ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਈ ਜਾਵੇ । ਡੀ. ਸੀ. ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀ ਘਰ-ਘਰ ਲਾਰਵਾ ਚੈਕਿੰਗ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਅਤੇ ਹਰ ਉਹ ਥਾਂ ਜਿੱਥੇ ਪਾਣੀ ਖੜ੍ਹਾ ਹੈ, ਟੈਂਕ, ਕੂਲਰ, ਬਾਲਟੀਆਂ ਜਾਂ ਛੱਤਾਂ ਉੱਤੇ ਰੱਖੇ ਡਰੰਮ ਦੀ ਪੂਰੀ ਜਾਂਚ ਕਰਨ । ਜਿੱਥੇ ਲਾਰਵਾ ਮਿਲੇ, ਉਥੇ ਤੁਰੰਤ ਕਾਰਵਾਈ ਕਰਕੇ ਉਸਨੂੰ ਨਸ਼ਟ ਕੀਤਾ ਜਾਵੇ ਅਤੇ ਉਸਦੀ ਰਿਪੋਰਟ ਸਬੂਤ ਸਮੇਤ ਜਮ੍ਹਾਂ ਕਰਵਾਈ ਜਾਵੇ ।
ਸਿਹਤ ਵਿਭਾਗ ਹਰ ਰੋਜ਼ ਡੇਂਗੂ ਅਤੇ ਚਿਕਨਗੁਣੀਆ ਦੀ ਅਪਡੇਟ ਰਿਪੋਰਟ ਜਮ੍ਹਾਂ ਕਰਵਾਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਯਕੀਨੀ ਬਣਾਏ : ਡਾ. ਪ੍ਰੀਤੀ ਯਾਦਵ
ਡਾ. ਪ੍ਰੀਤੀ ਯਾਦਵ ਨੇ ਚੇਤਾਵਨੀ ਦਿੱਤੀ ਕਿ ਜੇ ਕਿਸੇ ਵੀ ਇਲਾਕੇ ਵਿੱਚ ਬਿਮਾਰੀਆਂ ਦੇ ਕੇਸ ਵੱਧਦੇ ਪਾਏ ਗਏ ਅਤੇ ਉਥੇ ਫੌਗਿੰਗ ਜਾਂ ਸਫਾਈ (Fogging or cleaning) ਦੇ ਪ੍ਰਬੰਧ ਢੰਗ ਨਾਲ ਨਾ ਕੀਤੇ ਗਏ, ਤਾਂ ਉਸ ਇਲਾਕੇ ਦੇ ਜ਼ਿੰਮੇਵਾਰ ਐਸ. ਐਮ. ਓ. ਅਤੇ ਫੀਲਡ ਸਟਾਫ਼ ਵਿਰੁੱਧ ਸਖ਼ਤ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਕਿ ਸਿਹਤ ਵਿਭਾਗ ਹਰ ਰੋਜ਼ ਡੇਂਗੂ ਅਤੇ ਚਿਕਨਗੁਣੀਆ ਦੀ ਅਪਡੇਟ ਰਿਪੋਰਟ ਜਮ੍ਹਾਂ ਕਰਵਾਏ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਯਕੀਨੀ ਬਣਾਏ । ਉਨ੍ਹਾਂ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਕਿਸੇ ਵੀ ਸਥਿਤੀ ‘ਚ ਡੇਂਗੂ ਅਤੇ ਚਿਕਨਗੁਣੀਆ ਦੇ ਫੈਲਾਅ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਵੀ ਮੌਜੂਦ ਸਨ ।
Read More : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਾਭਾ ‘ਚ ਡੇਂਗੂ ਕੇਸਾਂ ਦਾ ਜਾਇਜ਼ਾ









