ਜਲ ਸਰੋਤ ਮੰਤਰੀ ਨੇ ਹੜ੍ਹ ਰੋਕਥਾਮ ਅਤੇ ਜਲ ਪ੍ਰਬੰਧਨ ਉਪਰਾਲਿਆਂ ਦਾ ਲਿਆ ਜਾਇਜ਼ਾ

0
7
Barinder Kumar Goyal

ਚੰਡੀਗੜ੍ਹ, 27 ਅਕਤੂਬਰ 2025 : ਪੰਜਾਬ ਦੇ ਜਲ ਸਰੋਤ ਮੰਤਰੀ (Punjab Water Resources Minister) ਬਰਿੰਦਰ ਕੁਮਾਰ ਗੋਇਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇੱਕ ਵਿਸ਼ੇਸ਼ ਕਮੇਟੀ ਗਠਤ ਕਰਨ ਦੇ ਨਿਰਦੇਸ਼ ਦਿੱਤੇ, ਜੋ ਹੋਰਨਾਂ ਸੂਬਿਆਂ ਦਾ ਦੌਰਾ ਕਰਕੇ ਉੱਥੋਂ ਦੀਆਂ ਕਿਫ਼ਾਇਤੀ ਅਤੇ ਨਿਵੇਕਲੀਆਂ ਹੜ੍ਹ ਪ੍ਰਬੰਧਨ ਤਕਨੀਕਾਂ ਦਾ ਅਧਿਐਨ ਕਰੇਗੀ ਤਾਂ ਜੋ ਉਨ੍ਹਾਂ ਤਕਨੀਕਾਂ ਨੂੰ ਪੰਜਾਬ ਦੇ ਅਨੁਕੂਲ ਵਾਤਾਵਰਣ ਅਨੁਸਾਰ ਅਪਣਾਇਆ ਜਾ ਸਕੇ ।

ਹੜ੍ਹਾਂ ਤੋਂ ਸੁਰੱਖਿਆ ਲਈ ਕਿਫ਼ਾਇਤੀ ਤੇ ਪ੍ਰਭਾਵੀ ਮਾਡਲਾਂ ਦਾ ਅਧਿਐਨ ਕਰੇਗੀ ਵਿਸ਼ੇਸ਼ ਕਮੇਟੀ : ਗੋਇਲ

ਸਿੰਜਾਈ ਭਵਨ ਦੇ ਕਮੇਟੀ ਰੂਮ ਵਿਖੇ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜਲ ਸਰੋਤ ਮੰਤਰੀ ਨੇ ਕਿਹਾ ਕਿ ਅਜਿਹੇ ਤੁਲਨਾਤਮਕ ਅਧਿਐਨ ਸੂਬੇ ਦੇ ਹੜ੍ਹ ਪ੍ਰਬੰਧਨ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਾਫ਼ੀ ਲਾਹੇਵੰਦ ਅਤੇ ਵਿਹਾਰਕ ਤਰੀਕੇ ਅਪਣਾਉਣ ਵਿੱਚ ਸਹਾਇਤਾ ਕਰਨਗੇ। ਅਗਲੇ ਮਾਨਸੂਨ ਸੀਜ਼ਨ ਤੋਂ ਪਹਿਲਾਂ-ਪਹਿਲਾਂ ਸਾਰੇ ਹੜ੍ਹ ਸੁਰੱਖਿਆ ਅਤੇ ਗਾਰ ਕੱਢਣ ਸਬੰਧੀ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕੈਬਨਿਟ ਮੰਤਰੀ ਨੇ ਸੂਬੇ ਭਰ ਵਿੱਚ ਹੜ੍ਹ ਰੋਕਥਾਮ ਅਤੇ ਜਲ ਪ੍ਰਬੰਧਨ ਲਈ ਚੱਲ ਰਹੇ ਅਤੇ ਪ੍ਰਸਤਾਵਿਤ ਉਪਾਵਾਂ ਦੀ ਵੀ ਸਮੀਖਿਆ ਕੀਤੀ ।

ਜਲ ਸਰੋਤ ਮੰਤਰੀ ਨੇ ਸੂਬੇ ਭਰ ਵਿੱਚ ਹੜ੍ਹ ਰੋਕਥਾਮ ਅਤੇ ਜਲ ਪ੍ਰਬੰਧਨ ਉਪਰਾਲਿਆਂ ਦਾ ਲਿਆ ਜਾਇਜ਼ਾ

ਬਾਊਪੁਰ ਆਈਲੈੰਡ (Baupur Island) ਵਿਖੇ ਵਾਰ-ਵਾਰ ਆਉਂਦੇ ਹੜ੍ਹਾਂ ਅਤੇ ਸਥਾਨਕ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਸਥਾਈ ਰਾਹਤ ਪ੍ਰਦਾਨ ਕਰਨ ਲਈ ਢੁਕਵੇਂ ਤਕਨੀਕੀ ਹੱਲ ਲੱਭਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪਾਣੀ ਭਰੇ ਇਲਾਕਿਆਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਸਥਾਈ ਹੱਲ ਯਕੀਨੀ ਬਣਾਉਣ ਲਈ ਦੀਰਘਕਾਲੀ ਪ੍ਰਾਜੈਕਟਾਂ ਦੀ ਯੋਜਨਾ ਉਲੀਕਣ ਅਤੇ ਲਾਗੂ ਕਰਨ ਲਈ ਕਿਹਾ ।

ਬਾਊਪੁਰ ਆਈਲੈੰਡ ਵਿੱਚ ਵਾਰ-ਵਾਰ ਆਉਂਦੇ ਹੜ੍ਹਾਂ ਦੀ ਸਮੱਸਿਆ ਨਾਲ ਪੱਕੇ ਪੈਰੀਂ ਨਜਿੱਠਣ ਲਈ ਤਕਨੀਕੀ ਹੱਲ ਕੱਢਣ ਦੇ ਹੁਕਮ

ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਹੜ੍ਹ ਸੁਰੱਖਿਆ ਕਾਰਜ ਪੂਰੀ ਤਨਦੇਹੀ ਨਾਲ ਕੀਤੇ ਜਾਣ ਅਤੇ ਅਗਲੇ ਮਾਨਸੂਨ ਸੀਜ਼ਨ ਦੀ ਆਮਦ ਤੋਂ ਪਹਿਲਾਂ ਹੀ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖੇਤਰ ਵਿੱਚ ਚਲ ਰਹੇ ਕੰਮਾਂ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਟੈਂਡਰ ਪ੍ਰਕਿਰਿਆਵਾਂ ਨੂੰ ਸਮੇਂ ਸਿਰ ਪੂਰਾ ਕਰਨਾ ਯਕੀਨੀ ਬਣਾਇਆ ਜਾਵੇ ।

ਹੜ੍ਹ ਸੁਰੱਖਿਆ ਅਤੇ ਡੀ-ਸਿਲਟਿੰਗ ਦੇ ਕੰਮ ਛੇਤੀ ਪੂਰੇ ਕਰਨ ਦੀਆਂ ਹਦਾਇਤਾਂ

ਗਾਰ ਕੱਢਣ ਸਬੰਧੀ ਪ੍ਰੋਗਰਾਮ ‘ਤੇ ਚਰਚਾ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਦਰਿਆਵਾਂ ਅਤੇ ਡਰੇਨਾਂ ਵਿੱਚ ਪਾਣੀ ਦੇ ਕੁਦਰਤੀ ਵਹਾਅ (Natural flow of water) ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਕੰਮ ਛੇਤੀ ਤੋਂ ਛੇਤੀ ਸ਼ੁਰੂ ਕੀਤੇ ਜਾਣ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਦਰਿਆਵਾਂ ਦੇ ਰਾਹ ਵਿੱਚ ਉੱਗੇ ਪੌਦਿਆਂ ਅਤੇ ਹੋਰ ਰੁਕਾਵਟਾਂ ਨੂੰ ਬਿਨਾਂ ਦੇਰੀ ਦੇ ਦੂਰ ਕੀਤਾ ਜਾਵੇ।ਨਾਜਾਇਜ਼ ਕਬਜ਼ਿਆਂ ਬਾਰੇ ਮੰਤਰੀ ਨੂੰ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕਬਜ਼ਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਦਿੱਤੇ ਗਏ ਹਨ।

ਅਗਲੇ ਮਾਨਸੂਨ ਮੌਸਮ ਤੋਂ ਪਹਿਲਾਂ-ਪਹਿਲਾਂ ਡੀ-ਸਿਲਟਿੰਗ ਦੇ ਕੰਮ ਕਰਾਉਣ ਦੇ ਨਿਰਦੇਸ਼

ਮੀਟਿੰਗ ਦੌਰਾਨ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪਏ ਪਾੜਾਂ ਨੂੰ ਪੂਰਨ ਸਬੰਧੀ ਕੰਮਾਂ ਦੀ ਸਥਿਤੀ ਦਾ ਜਾਇਜ਼ਾ ਵੀ ਲਿਆ ਗਿਆ । ਜਲ ਸਰੋਤ ਮੰਤਰੀ ਨੇ ਇਨ੍ਹਾਂ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਖੇਤਰੀ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ । ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ, ਮੁੱਖ ਇੰਜੀਨੀਅਰ (ਡਰੇਨੇਜ) ਹਰਦੀਪ ਸਿੰਘ ਮੈਂਦੀਰੱਤਾ, ਮੁੱਖ ਇੰਜੀਨੀਅਰ (ਡਿਜ਼ਾਈਨ) ਵਿਜੇ ਕੁਮਾਰ ਗਰਗ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ ।

Read More : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਪ੍ਰੋਜੈਕਟਾਂ ਦੀ ਸਮੀਖਿਆ ਲਈ ਬੈਠਕ

LEAVE A REPLY

Please enter your comment!
Please enter your name here