ਪੁਲਿਸ ਯਾਦਗਾਰੀ ਦਿਹਾੜੇ ਮੌਕੇ ਪਟਿਆਲਾ ਪੁਲਿਸ ਲਾਈਨ ‘ਚ ਸ਼ਰਧਾਂਜਲੀ ਸਮਾਰੋਹ

0
10
Police Remembrance Day

ਪਟਿਆਲਾ, 21 ਅਕਤੂਬਰ 2025 : ਪਟਿਆਲਾ ਰੇਂਜ ਦੇ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ (DIG Kuldeep Singh Chahal of Patiala Range) ਦੀ ਅਗਵਾਈ ਹੇਠ ਅੱਜ ਪੁਲਿਸ ਲਾਈਨ ਪਟਿਆਲਾ ਦੀ ਪੁਲਿਸ ਲਾਈਨ ਵਿਖੇ ਸ਼ਹੀਦੀ ਸਮਾਰਕ ‘ਤੇ ਪੁਲਿਸ ਤੇ ਅਰਧ ਸੁਰੱਖਿਆ ਬਲਾਂ ਦੇ ਜਾਂਬਾਜ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੁਲਿਸ ਯਾਦਗਾਰੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ (Tribute ceremony) ਕਰਵਾਇਆ ਗਿਆ । ਸਮਾਰੋਹ ਦੌਰਾਨ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ, ਐਸ. ਐਸ. ਪੀ. ਵਰੁਣ ਸ਼ਰਮਾ, ਵਧੀਕ ਜ਼ਿਲ੍ਹਾ ਤੇ ਸੈਸ਼ਨਜ ਜੱਜ ਹਰਿੰਦਰ ਸੰਧੂ, ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਸਮੇਤ ਪੁਲਿਸ ਦੇ ਸਾਬਕਾ ਤੇ ਮੌਜੂਦਾ ਅਧਿਕਾਰੀਆਂ ਤੇ ਸ਼ਹੀਦ ਪਰਿਵਾਰਾਂ ਨੇ ਸ਼ਹੀਦਾਂ ਦੀ ਸਮਾਧੀ ‘ਤੇ ਫੁਲ ਮਾਲਾਵਾਂ ਭੇਟ ਕੀਤੀਆਂ ।

ਪੰਜਾਬ ਪੁਲਿਸ ਮੌਜੂਦਾ ਸਮੇਂ ਦਰਪੇਸ਼ ਚੁਣੌਤੀਆਂ ਨੂੰ ਪੂਰੀ ਪ੍ਰਤੀਬੱਧਤਾ ਤੇ ਪੇਸ਼ੇਵਰ ਢੰਗ ਨਾਲ ਨਜਿੱਠਣ ਦੇ ਸਮਰੱਥ- ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ

ਡੀ. ਆਈ. ਜੀ. ਨੇ ਕਿਹਾ ਕਿ ਸੂਬੇ ‘ਚ ਅਮਨ ਕਾਨੂੰਨ (Law and order) ਕਾਇਮ ਕਰਨ ਲਈ ਪੰਜਾਬ ਪੁਲਿਸ ਦੀ ਬਹੁਤ ਵੱਡੀ ਕੁਰਬਾਨੀ ਹੈ ਜਦਕਿ ਮੌਜੂਦਾ ਦੌਰ ‘ਚ ਵੀ ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਮੌਜੂਦਾ ਸਮੇਂ ਦਰਪੇਸ਼ ਚੁਣੌਤੀਆਂ ਨਾਲ ਪੂਰੀ ਪ੍ਰਤੀਬੱਧਤਾ ਤੇ ਪੇਸ਼ੇਵਰ ਢੰਗ ਨਾਲ ਨਜਿੱਠਣ ਦੇ ਸਮਰੱਥ ਹੈ।

ਕਿਹਾ, ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ

ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਪੁਲਿਸ (Punjab Police) ਨੇ ਕਰੀਬ 10 ਸਾਲ ਦਹਿਸ਼ਤਗਰਦੀ ਦਾ ਸਾਹਮਣਾ ਕੀਤਾ, ਜਿਸ ਦੌਰਾਨ ਪੁਲਿਸ ਅਫ਼ਸਰਾਂ, ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਮੇਤ ਕੁਲ 1784 ਸ਼ਹੀਦ ਹੋਏ, ਇਨ੍ਹਾਂ ਵਿੱਚ 157 ਸ਼ਹੀਦ ਇਕੱਲੀ ਪਟਿਆਲਾ ਰੇਂਜ ਦੀ ਪੁਲਿਸ ਦੇ ਸਨ। ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਡੇ ਲਈ ਹਮੇਸ਼ਾ ਪ੍ਰੇਰਣਾ ਸਰੋਤ ਬਣੀ ਰਹੇਗੀ ।

ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿਤਰ ਯਾਦ ‘ਚ ਮਨਾਇਆ ਜਾਂਦਾ ਹੈ

ਡੀ. ਆਈ. ਜੀ. ਚਾਹਲ ਨੇ ਦੱਸਿਆ ਕਿ ਅੱਜ ਦਾ ਦਿਨ ਉਨ੍ਹਾਂ ਮਹਾਨ 10 ਸ਼ਹੀਦਾਂ ਦੀ ਪਵਿਤਰ ਯਾਦ ‘ਚ ਮਨਾਇਆ ਜਾਂਦਾ ਹੈ, ਜਿਹੜੇ 21 ਅਕਤੂਬਰ 1959 ਨੂੰ ਹੌਟ ਸਪਰਿੰਗ ਲਦਾਖ ਵਿਖੇ ਚੀਨ ਦੀ ਫ਼ੌਜ ਵੱਲੋਂ ਸੀ.ਆਰ.ਪੀ.ਐਫ. ਅਤੇ ਇੰਟੈਲੀਜੈਂਸ ਬਿਊਰੋ ਦੀ ਸਾਂਝੀ ਗਸ਼ਤੀ ਟੁਕੜੀ ‘ਤੇ ਘਾਤ ਲਗਾ ਕੇ ਹਮਲਾ ਕਰਨ ਕਰਕੇ ਦੇਸ਼ ਦੀ ਰੱਖਿਆ ਕਰਦਿਆ ਸ਼ਹੀਦੀਆਂ ਪਾ ਗਏ ਸਨ।

ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ

ਐਸ. ਐਸ. ਪੀ. ਵਰੁਣ ਸ਼ਰਮਾ (S. S. P. Varun Sharma) ਨੇ ਪੁੱਜੇ ਸ਼ਹੀਦਾਂ ਦੇ ਪਰਿਵਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਦੀ ਬਦੌਲਤ ਹੀ ਆਜ਼ਾਦ ਫ਼ਿਜ਼ਾ ਅਤੇ ਸ਼ਾਂਤੀ ਦੀ ਬਹਾਲੀ ਹੋਈ ਹੈ, ਜਿਸ ਲਈ ਇਨ੍ਹਾਂ ਸ਼ਹੀਦ ਪਰਿਵਾਰਾਂ ਦਾ ਮੁੱਲ ਮੋੜਿਆ ਨਹੀਂ ਜਾ ਸਕਦਾ । ਐਸ. ਐਸ. ਪੀ. ਨੇ ਕਿਹਾ ਕਿ ਸਾਡੇ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਰਹੇਗੀ । ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਨਸ਼ਿਆਂ ਦੇ ਦੈਂਤ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ । ਡੀ. ਐਸ. ਪੀ. (ਸਥਾਨਕ) ਨੇਹਾ ਅਗਰਵਾਲ ਨੇ ਪਿਛਲੇ ਇੱਕ ਸਾਲ ਦੌਰਾਨ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਦੇਸ਼ ਭਰ ਵਿੱਚ ਸ਼ਹੀਦ ਹੋਣ ਵਾਲੇ ਸਮੂਹ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਮ ਪੜ੍ਹ ਕੇ ਸ਼ਰਧਾਂਜਲੀ ਭੇਟ ਕੀਤੀ ।

ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਉਪਰੰਤ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਗਈਆਂ

ਇਸ ਦੌਰਾਨ ਡੀ. ਐਸ .ਪੀ. ਹਰਸਿਮਰਨ ਸਿੰਘ ਦੀ ਅਗਵਾਈ ਹੇਠਲੀ ਪੁਲਿਸ ਟੁਕੜੀ ਨੇ ਸੋਗ ਤੇ ਸਲਾਮੀ ਸ਼ਾਸ਼ਤਰ ਅਤੇ ਦੋ ਮਿੰਟ ਦਾ ਮੌਨ ਧਾਰਨ ਮਗਰੋਂ ਬਿਗਲਰ ਵੱਲੋਂ ਰਿਵਾਲੀ ਦੀ ਧੁਨ ਵਜਾਏ ਜਾਣ ਨਾਲ ਸ਼ਹੀਦਾਂ ਨੂੰ ਸਲਾਮੀ ਦਿੱਤੀ । ਇਸ ਮੌਕੇ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰਨ ਉਪਰੰਤ ਸ਼ਹੀਦ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਗਈਆਂ । ਸਮਾਰੋਹ ਦੌਰਾਨ ਪਾਵਰ ਹਾਊਸ ਯੂਥ ਕਲੱਬ ਤੇ ਯੂਥ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਇੱਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ।

ਸਮਾਗਮ ਵਿਚ ਕੌਣ ਕੌਣ ਸੀ ਮੌਜੂਦ

ਸਮਾਗਮ ਮੌਕੇ ਵਧੀਕ ਸੈਸ਼ਨਜ ਜੱਜ ਹਰਿੰਦਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ ਸਿਮਰਪ੍ਰੀਤ ਕੌਰ, ਸਾਬਕਾ ਆਈ. ਜੀ. ਪਰਮਜੀਤ ਸਿੰਘ ਗਿੱਲ, ਅਮਰ ਸਿੰਘ ਚਾਹਲ, ਅਮਰਜੀਤ ਸਿੰਘ ਘੁੰਮਣ, ਸੁਖਦੇਵ ਸਿੰਘ ਵਿਰਕ, ਸਮਸ਼ੇਰ ਸਿੰਘ ਬੋਪਾਰਾਏ, ਮਨਜੀਤ ਸਿੰਘ ਬਰਾੜ, ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਮੀਤ ਪ੍ਰਧਾਨ ਪ੍ਰੇਮ ਚੰਦ, ਐਸ. ਪੀ. ਵੈਭਵ ਚੌਧਰੀ, ਪਲਵਿੰਦਰ ਸਿੰਘ ਚੀਮਾ, ਗੁਰਬੰਸ ਸਿੰਘ ਬੈਂਸ, ਐਚ.ਐਸ. ਮਾਨ, ਸਵਰਨਜੀਤ ਕੌਰ, ਅੱਛਰੂ ਰਾਮ ਅਤੇ ਸਮੂਹ ਡੀ. ਐਸ. ਪੀਜ. ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ ।

Read More : ਪੁਲਿਸ ਕਮਿਸ਼ਨਰ ਲੁਧਿਆਣਾ ਨੇ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਲਾਈਨ ਤੋਂ 10 ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਦਿਖਾਈ ਹਰੀ ਝੰਡੀ

LEAVE A REPLY

Please enter your comment!
Please enter your name here