ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ

0
19
Sri Guru Tegh Bahadur Ji

ਚੰਡੀਗੜ੍ਹ, 8 ਅਕਤੂਬਰ 2025 : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ (350th Martyrdom Day of Sri Guru Tegh Bahadur Ji) ਨੂੰ ਮਨਾਉਣ ਲਈ ਵਿਆਪਕ ਪ੍ਰਬੰਧ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੇ ਜਾ ਰਹੇ ਹਨ । ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ. ਬੈਂਸ ਦੀ ਅਗਵਾਈ ਵਾਲੀ ਕੈਬਨਿਟ ਮੰਤਰੀਆਂ ਦੀ ਟੀਮ, ਜਿਸ ਵਿੱਚ ਹਰਭਜਨ ਸਿੰਘ ਈ. ਟੀ. ਓ. ਅਤੇ ਤਰੁਨਪ੍ਰੀਤ ਸਿੰਘ ਸੌਂਦ ਸ਼ਾਮਲ ਹਨ, ਸੂਬੇ ਭਰ ਵਿੱਚ ਕੱਢੇ ਜਾ ਰਹੇ ਚਾਰ ਪ੍ਰਮੁੱਖ ਨਗਰ ਕੀਰਤਨਾਂ ਦੇ ਨਿਰਧਾਰਤ ਰੂਟਾਂ ਦਾ 8 ਨਵੰਬਰ ਤੋਂ ਨਿਰੀਖਣ ਸ਼ੁਰੂ ਕਰੇਗੀ ।

ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਨਗਰ ਕੀਰਤਨ ਦੇ ਰੂਟਾਂ ਦਾ ਨਿਰੀਖਣ ਕਰੇਗੀ ਮੰਤਰੀਆਂ ਦੀ ਟੀਮ

ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਅਸੀਂ ਵਿਕਾਸ ਪ੍ਰੋਜੈਕਟਾਂ, ਸੜਕਾਂ ਦੇ ਕੰਮਾਂ ਅਤੇ ਲੌਜਿਸਟਿਕਲ ਪ੍ਰਬੰਧਾਂ ਸਮੇਤ ਸਾਰੇ ਇੰਤਜਾ਼ਮਾਂ ਦੀ ਬਾਰੀਕੀ ਨਾਲ ਸਮੀਖਿਆ ਕਰਾਂਗੇ । ਅਸੀਂ ਇਸ ਇਤਿਹਾਸਕ ਮੌਕੇ ਲਈ ਸੁਚਾਰੂ ਅਤੇ ਸਫਲ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ, ਸਥਾਨਕ ਵਿਧਾਇਕਾਂ ਨਾਲ ਮੀਟਿੰਗ ਕਰਾਂਗੇ ਅਤੇ ਸੰਤ ਮਹਾਪੁਰਸ਼ਾਂ ਦਾ ਸਹਿਯੋਗ ਵੀ ਲੈ ਰਹੇ ਹਾਂ । ਜਿ਼ਕਰਯੋਗ ਹੈ ਕਿ ਭਗਵੰਤ ਸਿੰਘ ਮਾਨ ਨਾਲ ਧਾਰਮਿਕ ਪੈਨਲ ਦੀ ਮੀਟਿੰਗ ਤੋਂ ਬਾਅਦ ਸਿੱਖਿਆ ਮੰਤਰੀ ਅੱਜ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ।

ਹਰਜੋਤ ਬੈਂਸ, ਹਰਭਜਨ ਈ. ਟੀ. ਓ., ਤਰੁਨਪ੍ਰੀਤ ਸੌਂਦ ਸੂਬੇ ਭਰ ਵਿੱਚ ਕੀਤੀਆਂ ਤਿਆਰੀਆਂ, ਵਿਕਾਸ ਪ੍ਰੋਜੈਕਟਾਂ, ਸੜਕਾਂ ਦੇ ਕੰਮ-ਕਾਜ ਅਤੇ ਹੋਰ ਪ੍ਰਬੰਧਾਂ ਦਾ ਲੈਣਗੇ ਜਾਇਜ਼ਾ

ਉਨ੍ਹਾਂ ਕਿਹਾ ਕਿ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਵਾਲੇ (Baba Balbir Singh Ji is worth 96 crores), ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ, ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲੇ, ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੋਪੜ ਵਾਲੇ, ਬਾਬਾ ਤੀਰਥ ਸਿੰਘ ਜੀ ਤਪ ਅਸਥਾਨ ਭਾਈ ਜੈਤਾ ਜੀ ਅਤੇ ਬਾਬਾ ਜੀਵਨ ਸਿੰਘ, ਬਾਬਾ ਸੁਖਵਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ, ਐਮ.ਪੀ. ਸੰਤ ਬਲਬੀਰ ਸਿੰਘ ਸੀਚੇਵਾਲ, ਐਸ. ਜੀ. ਪੀ. ਸੀ. ਮੈਂਬਰ ਭਾਈ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ, ਸ.ਪਰਮਜੀਤ ਸਿੰਘ ਰਾਮਪੁਰ ਵਾਲੇ, ਸੰਤ ਸੇਵਾ ਸਿੰਘ ਰਾਮਪੁਰ ਖੇੜੀ ਵਾਲੇ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਸ੍ਰੀ ਅਨੰਦਪੁਰ ਸਾਹਿਬ ਵਾਲੇ ਅਤੇ ਹੋਰ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ ਨੇ ਅੱਜ ਦੀ ਮੀਟਿੰਗ ਵਿੱਚ ਸਿ਼ਰਕਤ ਕੀਤੀ ।

25 ਅਕਤੂਬਰ ਨੂੰ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਆਰੰਭ ਹੋਣਗੇ ਸਮਾਗਮ: ਬੈਂਸ

ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ‘ਹਿੰਦ ਦੀ ਚਾਦਰ` ਵਜੋਂ ਯਾਦ ਕਰਦਿਆਂ ਉਨ੍ਹਾਂ ਦੀ ਮਹਾਨ ਤੇ ਲਾਸਾਨੀ ਕੁਰਬਾਨੀ ਨੂੰ ਵੱਡੇ ਪੱਧਰ `ਤੇ ਸ਼ਰਧਾਪੂਰਵਕ ਮਨਾਏਗੀ । ਇਹ ਸਮਾਗਮ ਗੁਰੂ ਸਾਹਿਬ ਦੇ ਨਿਸ਼ਕਾਮ ਭਾਵ, ਸਰਬੱਤ ਦੇ ਭਲੇ ਅਤੇ ਮਾਨਵਤਾ ਲਈ ਕੁਰਬਾਨੀ ਦੀ ਸਦੀਵੀਂ ਵਿਰਾਸਤ ਨੂੰ ਦਰਸਾਉਣਗੇ ।

ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹਿਲੀ ਵਾਰ 9ਵੇਂ ਪਾਤਸ਼ਾਹ ਦੇ ਜੀਵਨ, ਸਿੱਖਿਆ ਅਤੇ ਲਾਸਾਨੀ ਸ਼ਹਾਦਤ ‘ਤੇ ਅਧਾਰਿਤ ਡਰੋਨ ਸ਼ੋਅ ਅਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ

ਉਨ੍ਹਾਂ ਦੱਸਿਆ ਕਿ ਸਮਾਗਮ 25 ਅਕਤੂਬਰ, 2025 ਨੂੰ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਨਾਲ ਸ਼ੁਰੂ ਹੋਣਗੇ, ਜਿਸ ਤੋਂ ਬਾਅਦ ਉਸੇ ਸ਼ਾਮ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਕੀਰਤਨ ਦਰਬਾਰ ਹੋਣਗੇ । ਇਸ ਤੋਂ ਬਾਅਦ, ਪੰਜਾਬ ਭਰ ਦੇ ਸਾਰੇ ਕਾਲਜਾਂ ਅਤੇ ਯੂਨੀਵਰਸਿਟੀਆਂ (ਨਿੱਜੀ ਅਤੇ ਏਡਿਡ) ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਸਿੱਖਿਆਵਾਂ ਅਤੇ ਸ਼ਹਾਦਤ ਦੇ ਨਾਲ-ਨਾਲ ਉਨ੍ਹਾਂ ਦੇ ਮਰਜੀਵੜੇ ਮੁਰੀਦਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਜੈਤਾ ਜੀ ਦੀਆਂ ਕੁਰਬਾਨੀਆਂ ਨੂੰ ਉਜਾਗਰ ਕਰਨ ਲਈ ਸੈਮੀਨਾਰ ਅਤੇ ਪ੍ਰੋਗਰਾਮ ਕਰਵਾਏ ਜਾਣਗੇ ।

ਸ੍ਰੀ ਅਨੰਦਪੁਰ ਸਾਹਿਬ ਵਿੱਚ ਰੋਜ਼ਾਨਾ 11 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਦੇ ਠਹਿਰਨ ਲਈ ਟੈਂਟ ਸਿਟੀ “ਚੱਕ ਨਾਨਕੀ” ਕੀਤਾ ਜਾਵੇਗਾ ਸਥਾਪਤ: ਸਿੱਖਿਆ ਮੰਤਰੀ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 1 ਤੋਂ 18 ਨਵੰਬਰ ਤੱਕ ਸੂਬੇ ਭਰ ਦੇ ਸਾਰੇ 23 ਜਿ਼ਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ, ਜਿਸ ਵਿੱਚ 9ਵੇਂ ਗੁਰੂ ਸਾਹਿਬ ਦੇ ਜੀਵਨ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਬਾਰੇ ਦੱਸਿਆ ਜਾਵੇਗਾ । ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ (Touched by the feet of Guru Sahib) 130 ਪਵਿੱਤਰ ਅਸਥਾਨਾਂ `ਤੇ ਕੀਰਤਨ ਦਰਬਾਰ ਕਰਵਾਏ ਜਾਣਗੇ, ਜਿਸ ਵਿੱਚ ਪ੍ਰਮੁੱਖ ਸ਼ਹਿਰ ਅੰਮ੍ਰਿਤਸਰ (ਗੁਰੂ ਸਾਹਿਬ ਦਾ ਜਨਮ ਅਸਥਾਨ), ਬਾਬਾ ਬਕਾਲਾ (ਜਿੱਥੇ ਗੁਰੂ ਜੀ ਨੇ 26 ਸਾਲਾਂ ਤੋਂ ਵੱਧ ਸਮੇਂ ਤੱਕ ਬੰਦਗੀ ਤੇ ਭਗਤੀ ਕੀਤੀ ), ਸ੍ਰੀ ਅਨੰਦਪੁਰ ਸਾਹਿਬ (ਉਨ੍ਹਾਂ ਵੱਲੋਂ ਵਸਾਇਆ ਸ਼ਹਿਰ) ਅਤੇ ਪਟਿਆਲਾ (ਜਿੱਥੇ ਗੁਰੂ ਸਾਹਿਬ ਨੇ ਲੰਬਾ ਸਮਾਂ ਬਿਤਾਇਆ) ਵਿੱਚ ਵੱਡੇ ਸਮਾਗਮਾਂ ਦੀ ਯੋਜਨਾ ਬਣਾਈ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸ਼ਹਿਰਾਂ ਦੇ ਸੁੰਦਰੀਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ।

ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 1 ਤੋਂ 18 ਨਵੰਬਰ ਤੱਕ ਲਾਈਟ ਐਂਡ ਸਾਊਂਡ ਸ਼ੋਅ ਕਰਾਏ ਜਾਣਗੇ

ਸਿੱਖਿਆ ਮੰਤਰੀ ਨੇ ਦੱਸਿਆ ਕਿ ਚਾਰ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸ਼ੁਰੂ ਹੋ ਕੇ 22 ਨਵੰਬਰ ਦੀ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਣਗੇ। ਇੱਕ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਤੋਂ ਗੁਰਦੁਆਰਾ ਛੇਵੀਂ ਪਾਤਸ਼ਾਹੀ ਤੋਂ ਸ਼ੁਰੂ ਹੋਵੇਗਾ, ਜੋ ਜੰਮੂ, ਪਠਾਨਕੋਟ ਅਤੇ ਹੁਸ਼ਿਆਰਪੁਰ ‘ਚੋਂ ਗੁਜ਼ਰੇਗਾ । ਇਸ ਨਗਰ ਕੀਰਤਨ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੰਤ ਮਹਾਂਪੁਰਸ਼ ਸ਼ਾਮਲ ਹੋਣਗੇ, ਜੋ ਸੂਬੇ ਦੇ ਧਾਰਮਿਕ ਪੈਨਲ ਦਾ ਹਿੱਸਾ ਹਨ ।

ਇੱਕ ਹੋਰ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋਵੇਗਾ

ਇੱਕ ਹੋਰ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋਵੇਗਾ, ਜੋ ਬਟਾਲਾ, ਬਾਬਾ ਬਕਾਲਾ, ਅੰਮ੍ਰਿਤਸਰ, ਜਲੰਧਰ, ਬਲਾਚੌਰ ਤੇ ਨੂਰਪੁਰ ਬੇਦੀ ਹੁੰਦਾ ਹੋਇਆ ਅਨੰਦਪੁਰ ਸਾਹਿਬ ਪਹੁੰਚੇਗਾ । ਤੀਜਾ ਨਗਰ ਕੀਰਤਨ ਮਾਲਵੇ ਦੇ ਫਰੀਦਕੋਟ ਤੋਂ ਸ਼ੁਰੂ ਹੋਵੇਗਾ, ਜੋ ਫਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਨੂੰ ਕਵਰ ਕਰੇਗਾ ਅਤੇ ਚੌਥਾ ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਕੇ ਬਠਿੰਡਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਵਿੱਚੋਂ ਹੁੰਦਾ ਹੋਇਆ 22 ਨਵੰਬਰ ਦੀ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।

ਮੁੱਖ ਸਮਾਗਮ ਹੋਣਗੇ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ

ਬੈਂਸ ਨੇ ਕਿਹਾ ਕਿ ਮੁੱਖ ਸਮਾਗਮ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ, ਜਿਸ ਵਿੱਚ ਵਿਸ਼ਵ ਭਰ ਤੋਂ 1 ਕਰੋੜ ਤੋਂ ਵੱਧ ਸੰਗਤ ਦੇ ਆਉਣ ਦੀ ਉਮੀਦ ਹੈ । 19 ਤੋਂ 30 ਨਵੰਬਰ ਤੱਕ ਰੋਜ਼ਾਨਾ 11,000 ਤੋਂ ਵੱਧ ਸ਼ਰਧਾਲੂਆਂ ਦੇ ਠਹਿਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਟੈਂਟ ਸਿਟੀ “ਚੱਕ ਨਾਨਕੀ” ਸਥਾਪਤ ਕੀਤੀ ਜਾਵੇਗੀ ।

ਸਮਾਗਮ ਹੋਣਗੇ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ਼ੁਰੂ

ਇਹ ਸਮਾਗਮ 23 ਨਵੰਬਰ ਨੂੰ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਨਾਲ ਸ਼ੁਰੂ ਹੋਣਗੇ, ਇਸ ਤੋਂ ਬਾਅਦ ਸਰਬ ਧਰਮ ਸੰਮੇਲਨ, ਵਿਰਾਸਤ-ਏ-ਖਾਲਸਾ ਵਿਖੇ ਇੱਕ ਪ੍ਰਦਰਸ਼ਨੀ, ਸ਼ਾਮ 5 ਵਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਅਤੇ ਲਾਸਾਨੀ ਕੁਰਬਾਨੀ ਨੂੰ ਦਰਸਾਉਂਦਾ ਸੂਬੇ ਦਾ ਪਹਿਲਾ ਪਹਿਲਾ ਡਰੋਨ ਸ਼ੋਅ ਅਤੇ ਸ਼ਾਮ 6 ਵਜੇ ਕੀਰਤਨ ਦਰਬਾਰ ਹੋਵੇਗਾ। ਦਿਨ ਦਾ ਸਮਾਪਨ “ਸ਼ਹਾਦਤ ਦੀ ਲੋਅ” ਨਾਲ ਹੋਵੇਗਾ ਜੋ ਪਵਿੱਤਰ ਸ਼ਹਿਰ ਨੂੰ ਮਸ਼ਾਲਾਂ ਨਾਲ ਰੌਸ਼ਨਾਏਗਾ । 24 ਨਵੰਬਰ ਨੂੰ ਨਗਰ ਕੀਰਤਨ “ਸੀਸ ਭੇਂਟ” ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਵੇਗਾ ।

25 ਨਵੰਬਰ ਨੂੰ ਕਰਨਗੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪ੍ਰਸਿੱਧ ਕੀਰਤਨੀਏ 9ਵੇਂ ਗੁਰੂ ਸਾਹਿਬ ਦੇ ਸ਼ਬਦਾਂ ਦਾ ਰਸਭਿੰਨਾਂ ਗਾਇਨ

ਇਸ ਇਤਿਹਾਸਕ ਮੌਕੇ ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਸਮਾਰਕ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੋਵੇਗਾ । 25 ਨਵੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਪ੍ਰਸਿੱਧ ਕੀਰਤਨੀਏ 9ਵੇਂ ਗੁਰੂ ਸਾਹਿਬ ਦੇ ਸ਼ਬਦਾਂ ਦਾ ਰਸਭਿੰਨਾਂ ਗਾਇਨ ਕਰਨਗੇ । ਇਨ੍ਹਾਂ ਸਮਾਗਮਾਂ ਵਿੱਚ ਰਾਜ ਪੱਧਰੀ ਖੂਨਦਾਨ ਕੈਂਪ, ਜੰਗਲਾਤ ਵਿਭਾਗ ਵੱਲੋਂ 3.50 ਲੱਖ ਬੂਟੇ ਲਗਾਉਣ ਸਬੰਧੀ ਇੱਕ ਮੈਗਾ ਮੁਹਿੰਮ ਅਤੇ ਸਿਹਤ ਵਿਭਾਗ ਵੱਲੋਂ ਅੰਗ ਦਾਨ ਲਈ ਅਹਿਦ ਲੈਣ ਸਬੰਧੀ ਸਮਾਗਮ ਵੀ ਸ਼ਾਮਲ ਹਨ ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮ ਧਰਮ ਨਿਰਪੱਖਤਾ, ਦਇਆ ਭਾਵਨਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸੰਗਤ ਨੂੰ ਪ੍ਰੇਰਿਤ ਕਰਨਗੇ

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸ਼ਹੀਦੀ ਸਮਾਗਮ ਧਰਮ ਨਿਰਪੱਖਤਾ, ਦਇਆ ਭਾਵਨਾ ਅਤੇ ਮਨੁੱਖੀ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਸੰਗਤ ਨੂੰ ਪ੍ਰੇਰਿਤ ਕਰਨਗੇ । ਧਰਮ ਦੀ ਆਜ਼ਾਦੀ ਦੇ ਅਧਿਕਾਰ ਲਈ ਗੁਰੂ ਸਾਹਿਬ ਵੱਲੋਂ ਦਿੱਤੀ ਗਈ ਲਾਸਾਨੀ ਸ਼ਹਾਦਤ ਸਾਰੇ ਧਰਮਾਂ ਦੇ ਸਤਿਕਾਰ ਅਤੇ ਰਾਖੀ ਦੇ ਸਦੀਵੀ ਸੰਦੇਸ਼ ਨੂੰ ਦਰਸਾਉਂਦੀ ਹੈ ।

Read More : ਪੰਜਾਬ ਦੇ ਸਕੂਲ 3 ਸਤੰਬਰ ਤੱਕ ਰਹਿਣਗੇ ਬੰਦ: ਹਰਜੋਤ ਸਿੰਘ ਬੈਂਸ

LEAVE A REPLY

Please enter your comment!
Please enter your name here