ਸੁਨਾਮ, 3 ਅਕਤੂਬਰ 2025 : ਬਦੀ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਤਿਉਹਾਰ ਦਸਹਿਰੇ ਮੌਕੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ (Aman Arora) ਨੇ ਇਸ ਤਿਉਹਾਰ ਦੀ ਵਧਾਈ ਦਿੰਦਿਆਂ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਊਧਮ ਸਿੰਘ ਵਾਲਾ ਦੇ ਲੋਕਾਂ ਨੂੰ ਜਲ ਸਪਲਾਈ ਪ੍ਰੋਜੈਕਟ ਦੇ ਰੂਪ ਵਿੱਚ ਵੱਡੀ ਸੌਗਾਤ ਦਿੱਤੀ ।
ਕੈਬਨਿਟ ਮੰਤਰੀ ਨੇ ਸੀਤਾਸਰ ਰੋਡ ਸੁਨਾਮ ਵਿਖੇ ਕਰੀਬ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ; ਕੰਮ ਕਰਵਾਇਆ ਸ਼ੁਰੂ
ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਕੈਬਨਿਟ ਮੰਤਰੀ ਨੇ ਸੀਤਾਸਰ ਰੋਡ, ਸੁਨਾਮ ਵਿਖੇ ਕਰੀਬ 15.22 ਕਰੋੜ ਰੁਪਏ ਦੀ ਲਾਗਤ ਵਾਲੇ ਵਾਟਰ ਸਪਲਾਈ ਪ੍ਰੋਜੈਕਟ (Water supply project) ਦਾ ਨੀਂਹ ਪੱਥਰ ਰੱਖਿਆ, ਜਿਸ ਤਹਿਤ ਟਿਊਬਵੈੱਲ ਅਤੇ 02 ਲੱਖ ਲੀਟਰ ਦੀ ਟੈਂਕੀ ਬਣਾਉਣ ਸਮੇਤ 33,635 ਮੀਟਰ ਲੰਮੀ ਪਾਈਪ ਲਾਈਨ ਪਾਈ ਜਾਵੇਗੀ ਅਤੇ 1472 ਘਰਾਂ, ਜਿਨ੍ਹਾਂ ਕੋਲ ਹੁਣ ਤਕ ਪਾਣੀ ਦੇ ਕੁਨੈਕਸ਼ਨ ਨਹੀਂ ਸਨ, ਨੂੰ ਕੁਨੈਕਸ਼ਨ ਦਿੱਤੇ ਜਾਣਗੇ । ਇਹ ਪ੍ਰੋਜੈਕਟ 1 ਸਾਲ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ ।
ਪ੍ਰੋਜੈਕਟ ਤਹਿਤ ਬਣੇਗਾ ਟਿਊਬਵੈੱਲ ਅਤੇ ਟੈਂਕੀ ; 33,635 ਮੀਟਰ ਲੰਮੀ ਪਵੇਗੀ ਪਾਈਪ ਲਾਈਨ ; ਦਿੱਤੇ ਜਾਣਗੇ 1472 ਕੁਨੈਕਸ਼ਨ
ਇਸ ਪ੍ਰੋਜੈਕਟ ਤਹਿਤ ਟਿੱਬੀ ਬਸਤੀ ਵਿਖੇ 250 ਕੁਨੈਕਸ਼ਨ, ਨਮੋਲ ਰੋਡ ਵਿਖੇ 50 ਕੁਨੈਕਸ਼ਨ, ਗੁਜਾ ਪੀਰ ਵਿਖੇ 100, ਸਾਈ ਕਲੋਨੀ 100, ਮਾਨਸਾ ਰੋਡ 100, ਜਗਤਪੁਰਾ ਰੋਡ 150, ਪ੍ਰੀਤ ਨਗਰ ਕੱਚਾ ਪਹਾ 200, ਪਟਿਆਲਾ ਰੋਡ 150, ਬਿਗੜਵਾਲ ਰੋਡ 50, ਆਈਟੀਆਈ ਦੇ ਪਿਛਲੇ ਪਾਸੇ 50, ਚੱਠਾ ਰੋਡ 22, ਭਾਗ ਸਿੰਘ ਵਾਲਾ ਰੋਡ 50, ਨੀਲੋਵਾਲ ਰੋਡ 50 ਕੁਨੈਕਸ਼ਨ । ਇਸ ਤੋਂ ਇਲਾਵਾ ਟਰਾਲੀ ਯੂਨੀਅਨ ਰੋਡ, ਪੀਰਾਂ ਵਾਲਾ ਗੇਟ, ਐਕਸਚੇਂਜ ਨੇੜੇ, ਨਗਰ ਕੌਂਸਲ ਦਫਤਰ ਨੇੜੇ ਅਤੇ ਸ਼ਹਿਰ ਦੇ ਵੱਖ-ਵੱਖ ਹੋਰ ਛੋਟੇ ਹਿੱਸਿਆਂ ਵਿੱਚ ਕਰੀਬ 100 ਕਨੈਕਸ਼ਨ ਦਿੱਤੇ ਜਾਣਗੇ ।
ਪ੍ਰੋਜੈਕਟ 01 ਸਾਲ ਵਿੱਚ ਹੋਵੇਗਾ ਮੁਕੰਮਲ
ਇਸ ਪ੍ਰੋਜੈਕਟ ਬਾਬਤ ਨੀਂਹ ਪੱਥਰ ਰੱਖਣ (Laying the foundation stone) ਅਤੇ ਕੰਮ ਸ਼ੁਰੂ ਕਰਵਾਉਣ ਸਬੰਧੀ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹੈ ਤੇ ਮੁਸ਼ਕਲਾਂ ਦੇ ਹੱਲ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ । ਇਸੇ ਲੜੀ ਤਹਿਤ ਇਹ ਪ੍ਰੋਜੈਕਟ ਲਿਆਂਦਾ ਗਿਆ ਹੈ, ਜਿਸ ਨੂੰ ਕਿ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਤੇ ਪ੍ਰੋਜੈਕਟ ਦੇ ਮਿਆਰ ਬਾਬਤ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਸੁਨਾਮ ਸ਼ਹਿਰ ਵਿੱਚ ਕਰੀਬ 150 ਕਰੋੜ ਰੁਪਏ ਨਾਲ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ; ਵੱਡੀ ਗਿਣਤੀ ਪ੍ਰੋਜੈਕਟ ਪੂਰੇ; ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ
ਅਰੋੜਾ ਨੇ ਦੱਸਿਆ ਕਿ ਸੁਨਾਮ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਇਸ ਸ਼ਹਿਰ ਦੇ ਵਿਕਾਸ ਉੱਤੇ ਕਰੀਬ 150 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਸ਼ਹਿਰ ਵਿੱਚ ਗਿਣਤੀ ਪ੍ਰੋਜੈਕਟ ਮੁਕੰਮਲ ਹੋ ਗਏ ਹਨ ਤੇ ਬਾਕੀਆਂ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ ।
ਪੰਜਾਬ ਸਰਕਾਰ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ
ਕੈਬਨਿਟ ਮੰਤਰੀ ਨੇ ਕਿਹਾ ਕਿ ਜਦੋਂ ਕਰਨ ਵਾਲਿਆਂ ਦੀ ਨੀਅਤ ਸਾਫ ਹੋਵੇ ਤਾਂ ਕਿਸੇ ਵੀ ਕੰਮ ਵਿੱਚ ਅੜਿੱਕਾ ਨਹੀਂ ਲਗਦਾ ਤੇ ਸਾਰੇ ਕਾਰਜ ਬਹੁਤ ਵਧੀਆ ਢੰਗ ਨਾਲ ਸਿਰੇ ਚੜ੍ਹਦੇ ਹਨ । ਪੰਜਾਬ ਸਰਕਾਰ ਨੇਕ ਨੀਅਤ ਨਾਲ ਦਿਨ ਰਾਤ ਇੱਕ ਕਰ ਕੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ । ਮੌਜੂਦਾ ਸੂਬਾ ਸਰਕਾਰ ਵੱਲੋਂ ਜਿੰਨੇ ਕੰਮ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਕਰ ਦਿੱਤੇ ਗਏ ਹਨ, ਓਨੇ ਕਾਰਜ ਤਾਂ ਹੁਣ ਤਕ ਦੀਆਂ ਸਾਰੀਆਂ ਸਰਕਾਰਾਂ ਨਹੀਂ ਕਰ ਸਕੀਆਂ ਸਨ । ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਜਲ ਸਪਲਾਈ ਪ੍ਰੋਜੈਕਟ ਦੀ ਮੰਗ ਸੁਨਾਮ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਤੇ ਅੱਜ ਇਥੋਂ ਦੇ ਲੋਕਾਂ ਦੀ ਚਿਰਕੋਣੀ ਮੰਗ ਪੂਰੀ ਹੋਣ ਜਾ ਰਹੀ ਹੈ । ਉਹਨਾਂ ਕਿਹਾ ਕਿ ਜਿੰਨਾ ਵਿਕਾਸ ਵਿਧਾਨ ਸਭਾ ਹਲਕਾ ਸੁਨਾਮ ਵਿਖੇ ਹੋ ਰਿਹਾ ਹੈ, ਉਹ ਪੂਰੇ ਸੂਬੇ ਲਈ ਮਿਸਾਲ ਬਣਿਆ ਹੋਇਆ ਹੈ ।
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ
ਕੈਬਨਿਟ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿਰਮਾਣ ਕਾਰਜਾਂ (Construction works) ਦੀ ਖੁਦ ਨਿਗਰਾਨੀ ਕਰਨ ਅਤੇ ਜੇਕਰ ਕਿਤੇ ਕੋਈ ਤਰੁਟੀ ਲਗਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ । ਉਹਨਾਂ ਨੇ ਭਰੋਸਾ ਦਿਵਾਇਆ ਕਿ ਵਿਕਾਸ ਪ੍ਰੋਜੈਕਟ ਤੈਅ ਸਮੇਂ ਵਿੱਚ ਪੂਰੇ ਕਰ ਕੇ ਲੋਕ ਅਰਪਿਤ ਕੀਤੇ ਜਾਣਗੇ । ਉਹਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਅਪਣੇ ਹੁਣ ਤਕ ਦੇ ਕਾਰਜ ਕਾਲ ਦੌਰਾਨ ਮਿਸਾਲੀ ਕੰਮ ਕੀਤਾ ਹੈ ਤੇ ਅੱਗੇ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਰਹੀ ਹੈ ।
ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ
ਇਸ ਮੌਕੇ ਕੈਬਨਿਟ ਮੰਤਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਵਿਚੋਂ ਕਈ ਮੌਕੇ ਉੱਤੇ ਹੀ ਹੱਲ ਕੀਤੀਆਂ ਤੇ ਬਾਕੀਆਂ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ । ਮੀਡੀਆ ਵੱਲੋਂ ਸੁਨਾਮ ਸ਼ਹਿਰ ਵਿੱਚ ਵੈਕਟਰ ਸਬੰਧੀ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ, ਬਚਾਅ ਅਤੇ ਇਲਾਜ ਬਾਬਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਸਰਵੇਖਣ ਕੀਤਾ ਜਾ ਰਿਹਾ ਹੈ, ਉੱਥੇ ਸ਼ਹਿਰ ਵਿੱਚ ਵੱਖ ਵੱਖ ਥਾਂ ਮੈਡੀਕਲ ਕੈਂਪ ਵੀ ਜੰਗੀ ਪੱਧਰ ਉੱਤੇ ਜਾਰੀ ਹਨ । ਇਹਨਾਂ ਉਪਰਾਲਿਆਂ ਦੇ ਸਾਰਥਿਕ ਸਿੱਟੇ ਨਿਕਲ ਰਹੇ ਹਨ । ਇਸ ਮੌਕੇ ਐੱਸ. ਡੀ. ਐਮ. ਪ੍ਰਮੋਦ ਸਿੰਗਲਾ, ਐੱਸ. ਈ. ਜਲ ਸਪਲਾਈ ਤੇ ਸੀਵਰੇਜ ਬੋਰਡ ਜੀ. ਪੀ. ਸਿੰਘ, ਡੀ. ਐੱਸ. ਪੀ. ਜਸਵਿੰਦਰ ਸਿੰਘ ਖਹਿਰਾ, ਸਮੇਤ ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ ।
Read More : 150 ਕਰੋੜ ਰੁਪਏ ਵਾਲਾ ਪ੍ਰਾਜੈਕਟ 2026 ਤੱਕ ਕੀਤਾ ਜਾਵੇਗਾ ਚਾਲੂ : ਅਮਨ ਅਰੋੜਾ