ਚੰਡੀਗੜ੍ਹ, 1 ਅਕਤੂਬਰ 2025 : ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਪ੍ਰਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਦਹੁਰਾਉਂਦਿਆਂ ਡਾਇਰੈਕਟਰ ਜਨਰਲ ਆਫ਼ ਪੁਲਸ (Director General of Police) (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨੇ ਅੱਜ ਸੂਬੇ ਵਿੱਚ ਸੰਗਠਿਤ ਅਪਰਾਧਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਅੱਤਵਾਦ ਵਿਰੁੱਧ ਚੱਲ ਰਹੀਆਂ ਕਾਰਵਾਈਆਂ ਦੀ ਸਮੀਖਿਆ ਕਰਨ ਅਤੇ ਤਿਉਹਾਰਾਂ ਦੇ ਸੀਜ਼ਨ 2025 ਨੂੰ ਸ਼ਾਂਤੀਪੂਰਨ ਢੰਗ ਨਾਲ ਯਕੀਨੀ ਬਣਾਉਣ ਲਈ ਵਿਆਪਕ ਐਕਸ਼ਨ ਪਲਾਨ ਬਣਾਉਣ ਵਾਸਤੇ ਵੀਡੀਓ ਕਾਨਫਰੰਸ ਰਾਹੀਂ ਸਟੇਸ਼ਨ ਹਾਊਸ ਅਫ਼ਸਰਾਂ (ਐਸ. ਐਚ. ਓਜ਼.) ਰੈਂਕ ਤੱਕ ਦੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਸੂਬਾ ਪੱਧਰੀ ਕਾਨੂੰਨ ਅਤੇ ਵਿਵਸਥਾ ਮੀਟਿੰਗ ਦੀ ਪ੍ਰਧਾਨਗੀ ਕੀਤੀ ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਫੋਰਸ ਨੂੰ ਸੁਚੇਤ ਅਤੇ ਤਿਆਰ-ਬਰ-ਤਿਆਰ ਰਹਿਣ ਲਈ ਵੀ ਕਿਹਾ
ਸੂਬੇ ਭਰ ਦੀਆਂ ਸਾਰੀਆਂ ਰੇਂਜਾਂ ਦੇ ਡੀ. ਆਈ. ਜੀਜ਼., ਸੀ. ਪੀਜ਼./ਐਸ. ਐਸ. ਪੀਜ਼., ਐਸ. ਪੀਜ਼./ਡੀ. ਐਸ. ਪੀਜ਼. ਅਤੇ ਐਸ. ਐਚ. ਓਜ਼. ਨੂੰ ਸੰਬੋਧਨ ਕਰਦਿਆਂ ਡੀ. ਜੀ. ਪੀ. ਨੇ ਉਨ੍ਹਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਾਂਤੀ (Peace during the festive season,) , ਸਦਭਾਵਨਾ ਅਤੇ ਸਾਰੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਸੁਚੇਤ ਅਤੇ ਵਚਨਬੱਧ ਰਹਿਣ ਦੇ ਨਿਰਦੇਸ਼ ਦਿੱਤੇ । ਮੀਟਿੰਗ ਵਿੱਚ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਡੀ. ਜੀ. ਪੀ.) ਐਂਟੀ-ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਪ੍ਰਮੋਦ ਬਾਨ ਅਤੇ ਏ. ਡੀ. ਜੀ. ਪੀ. ਕਾਊਂਟਰ ਇੰਟੈਲੀਜੈਂਸ ਅਮਿਤ ਪ੍ਰਸਾਦ ਸਮੇਤ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ ।
ਪੰਜਾਬ ਸਰਕਾਰ ਨੇ ਸਟਾਫ ਦੀ ਘਾਟ ਨੂੰ ਦੂਰ ਕਰਨ ਲਈ ਤਰੱਕੀ ਰਾਹੀਂ ਭਰਤੀ ਲਈ 1600 ਅਸਾਮੀਆਂ ਅਤੇ ਸਿੱਧੀ ਭਰਤੀ ਲਈ 3400 ਕਾਂਸਟੇਬਲ ਦੀਆਂ ਅਸਾਮੀਆਂ ਸਿਰਜਆਂ : ਡੀ. ਜੀ. ਪੀ. ਗੌਰਵ ਯਾਦਵ
ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਨੇ ਅਧਿਕਾਰੀਆਂ ਨੂੰ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨਾਲ ਨਿਡਰਤਾ ਨਾਲ ਨਜਿੱਠਣ ਲਈ ਕਿਹਾ । ਉਨ੍ਹਾਂ ਚੇਤਾਵਨੀ ਦਿੱਤੀ, “ਕਾਂਸਟੇਬਲ ਰੈਂਕ ਤੋਂ ਲੈ ਕੇ ਐਸ. ਐਸ. ਪੀ. ਤੱਕ ਹਰੇਕ ਅਧਿਕਾਰੀ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਗੈਂਗਸਟਰ ਤੇ ਡਰੱਗ ਦੇ ਮਾਮਲੇ ਵਿੱਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਡੀ. ਜੀ. ਪੀ. ਨੇ ਨਸ਼ਾ ਵਿਰੋਧੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕੀਤੇ ਗਏ ਸ਼ਲਾਘਾਯੋਗ ਕੰਮਾਂ, ਜਿਹਨਾਂ ਦੇ ਨਤੀਜੇ ਵਜੋਂ ਐਨ. ਡੀ. ਪੀ. ਐਸ. ਮਾਮਲਿਆਂ ਵਿੱਚ ਦੋਸ਼ ਸਾਬਤ ਹੋਣ ਦੀ ਦਰ 87 ਫ਼ੀਸਦ ਰਹੀ ਹੈ, ਲਈ ਪੁਲਸ ਬਲ ਦੀ ਪ੍ਰਸ਼ੰਸਾ ਕੀਤੀ ।
ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਏ ਗਏ ਹਰ ਅਧਿਕਾਰੀ/ਕਰਮਚਾਰੀ ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ : ਡੀ. ਜੀ. ਪੀ. ਗੌਰਵ ਯਾਦਵ
ਉਨ੍ਹਾਂ ਨੇ ਖੇਪਾਂ ਦੇ ਸਰੋਤ ਦੀ ਪਛਾਣ ਕਰਨ ਅਤੇ “ਵੱਡੀਆਂ ਮੱਛੀਆਂ” (“Big fish”) ਤੱਕ ਪਹੁੰਚਣ ਲਈ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਵਾਸਤੇ ਪੇਸ਼ੇਵਰ ਜਾਂਚ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਬਦਨਾਮ ਸਪਲਾਇਰਾਂ ਦੇ ਜ਼ਬਤ ਕੀਤੇ ਮੋਬਾਈਲ ਫੋਨਾਂ ਨੂੰ ਫੋਰੈਂਸਿਕ ਵਿਸ਼ਲੇਸ਼ਣ ਲਈ ਭੇਜਿਆ ਜਾਵੇ ਤਾਂ ਜੋ ਮੁਕੰਮਲ ਚੇਨ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਹੋਰ ਗ੍ਰਿਫਤਾਰੀਆਂ ਕੀਤੀਆਂ ਜਾ ਸਕਣ।
ਡੀ. ਜੀ. ਪੀ. ਗੌਰਵ ਯਾਦਵ ਨੇ ਪੰਜਾਬ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਸਮੀਖਿਆ ਕਰਨ ਲਈ ਸਾਰੀਆਂ ਰੇਂਜਾਂ ਦੇ ਡੀ. ਆਈ. ਜੀਜ਼., ਸੀ. ਪੀਜ਼./ਐਸ. ਐਸ. ਪੀਜ਼., ਐਸ. ਪੀਜ਼. /ਡੀ. ਐਸ. ਪੀਜ਼. ਅਤੇ ਐਸ. ਐਚ. ਓਜ਼. ਨਾਲ ਵਰਚੁਅਲ ਮੀਟਿੰਗ ਦੀ ਕੀਤੀ ਪ੍ਰਧਾਨਗੀ
ਉਨ੍ਹਾਂ ਅਧਿਕਾਰੀਆਂ ਨੂੰ ਐਨ. ਡੀ. ਪੀ. ਐਸ. ਐਕਟ ਦੀ ਧਾਰਾ 64-ਏ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਕਿਹਾ । ਦੱਸਣਯੋਗ ਹੈ ਕਿ ਧਾਰਾ 64-ਏ ਤਹਿਤ ਥੋੜੀ ਮਾਤਰਾ ਵਿੱਚ ਹੈਰੋਇਨ ਜਾਂ ਨਸ਼ੀਲੇ ਪਾਊਡਰ ਨਾਲ ਫੜੇ ਗਏ ਨਸ਼ਾ ਪੀੜਤਾਂ ਨੂੰ ਮੁੜ ਵਸੇਬੇ ਦਾ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ । ਉਨ੍ਹਾਂ ਸੇਫ ਪੰਜਾਬ ਐਂਟੀ-ਡਰੱਗਜ਼ ਚੈਟਬੋਟ ਰਾਹੀਂ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ, ਜਿਸ ਤਹਿਤ ਪ੍ਰਾਪਤ ਜਾਣਕਾਰੀ ਰਾਹੀਂ ਐਫ. ਆਈ. ਆਰ. ਦਾਇਰ ਕਰਨ ਦੀ ਦਰ 33-35 ਫ਼ੀਸਦ ਹੈ । ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਪ੍ਰਾਪਤ ਜਨਤਕ ਜਾਣਕਾਰੀ ਨੂੰ ਗੰਭੀਰਤਾ ਨਾਲ ਲੈਣ ਅਤੇ ਉਨ੍ਹਾਂ ‘ਤੇ ਤੁਰੰਤ ਕਾਰਵਾਈ ਅਮਲ ਵਿੱਚ ਆਉਣ ਲਈ ਵੀ ਕਹਾ ।
ਅਗਲੇ ਸਾਲ ਸਿੱਧੀ ਭਰਤੀ ਰਾਹੀਂ ਕਾਂਸਟੇਬਲਾਂ ਦੀਆਂ 3400 ਅਸਾਮੀਆਂ ਭਰੀਆਂ ਜਾਣਗੀਆਂ
ਸਟਾਫ ਦੀ ਘਾਟ ਦੇ ਗੰਭੀਰ ਮੁੱਦੇ ਨਾਲ ਨਜਿੱਠਣ ਸਬੰਧੀ ਡੀ. ਜੀ. ਪੀ. ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1600 ਅਸਾਮੀਆਂ, ਜਿਨ੍ਹਾਂ ਵਿੱਚ 150 ਇੰਸਪੈਕਟਰ, 450 ਸਬ-ਇੰਸਪੈਕਟਰ ਅਤੇ 1000 ਸਹਾਇਕ ਸਬ-ਇੰਸਪੈਕਟਰ ਸ਼ਾਮਲ ਹਨ, ਸਿਰਜੀਆਂ ਗਈਆਂ ਹਨ ਅਤੇ ਇਹ ਅਸਾਮੀਆਂ ਤਰੱਕੀਆਂ ਰਾਹੀਂ ਭਰੀਆਂ ਜਾਣਗੀਆਂ । ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਸਾਲ ਸਿੱਧੀ ਭਰਤੀ ਰਾਹੀਂ ਕਾਂਸਟੇਬਲਾਂ ਦੀਆਂ 3400 ਅਸਾਮੀਆਂ ਭਰੀਆਂ ਜਾਣਗੀਆਂ ਅਤੇ ਜ਼ਿਲ੍ਹਾ ਕਾਡਰ ਦੀਆਂ ਹੋਰ 4500 ਅਸਾਮੀਆਂ ਸਿਰਜੀਆਂ ਗਈਆਂ ਹਨ ਜੋ ਪੜਾਅਵਾਰ ਢੰਗ ਨਾਲ ਭਰੀਆਂ ਜਾਣਗੀਆਂ ।
ਸਮੇਂ ਦੇ ਨਾਲ, ਹੋਰ ਸਟਾਫ ਸ਼ਾਮਲ ਕੀਤਾ ਜਾਵੇਗਾ
ਉਨ੍ਹਾਂ ਸੀ. ਪੀਜ਼./ਐਸ. ਐਸ. ਪੀਜ਼. ਨੂੰ ਸਰੋਤ ਆਡਿਟ ਕਰਵਾਉਣ ਅਤੇ ਕੰਮ ਦੇ ਬੋਝ ਨੂੰ ਘਟਾਉਣ ਲਈ, ਖਾਸ ਕਰਕੇ ਐਨ. ਡੀ. ਪੀ. ਐਸ. ਮਾਮਲਿਆਂ ਸਬੰਧੀ, ਥਾਣਿਆਂ ਵਿੱਚ ਰੈਗੂਲਰ ਤੌਰ ‘ਤੇ ਹੈੱਡ ਕਾਂਸਟੇਬਲਾਂ ਨੂੰ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਕਿਹਾ “ਸਮੇਂ ਦੇ ਨਾਲ, ਹੋਰ ਸਟਾਫ ਸ਼ਾਮਲ ਕੀਤਾ ਜਾਵੇਗਾ । ਸੰਗਠਿਤ ਅਪਰਾਧ ਵਿਰੁੱਧ ਕਾਰਵਾਈਆਂ ਦੀ ਸਮੀਖਿਆ ਕਰਦਿਆਂ ਡੀ. ਜੀ. ਪੀ. ਨੇ ਪੁਲਸ ਅਧਿਕਾਰੀਆਂ ਨੂੰ ਗੈਂਗਸਟਰਾਂ ਦੇ ਸਾਥੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਕਿਹਾ ।
ਗੈਂਗਸਟਰਾਂ ਦਾ ਨਿਡਰਤਾ ਨਾਲ ਸਾਹਮਣਾ ਕਰਨ ਲਈ ਕਹਿੰਦਿਆਂ ਪੁਲਿਸ ਬਲ ਨੂੰ ਵਿਭਾਗ ਵੱਲੋਂ ਸਮੁੱਚੀ ਸੁਰੱਖਿਆ ਅਤੇ ਸਮਰਥਨ ਦਾ ਭਰੋਸਾ ਦਿੱਤਾ
ਉਨ੍ਹਾਂ ਗੈਂਗਸਟਰਾਂ ਦਾ ਨਿਡਰਤਾ ਨਾਲ ਸਾਹਮਣਾ ਕਰਨ ਲਈ ਕਹਿੰਦਿਆਂ ਪੁਲਿਸ ਬਲ ਨੂੰ ਵਿਭਾਗ ਵੱਲੋਂ ਸਮੁੱਚੀ ਸੁਰੱਖਿਆ ਅਤੇ ਸਮਰਥਨ ਦਾ ਭਰੋਸਾ ਦਿੱਤਾ । ਡੀ. ਜੀ. ਪੀ. ਨੇ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਪਾਏ ਗਏ ਹਰ ਅਧਿਕਾਰੀ/ਕਰਮਚਾਰੀ, ਭਾਵੇਂ ਉਸਦਾ ਕੋਈ ਵੀ ਰੈਂਕ ਹੋਵੇ, ਵਿਰੁੱਧ ਸਖ਼ਤ ਅਤੇ ਮਿਸਾਲੀ ਕਾਰਵਾਈ ਕੀਤੀ ਜਾਵੇਗੀ ।
ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਾ ਹੈ
ਨਾਗਰਿਕ-ਕੇਂਦ੍ਰਿਤ ਪੁਲਿਸਿੰਗ ‘ਤੇ ਜ਼ੋਰ ਦਿੰਦਿਆਂ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਨਿਆਂ ਪ੍ਰਦਾਨ ਕਰਨਾ ਹੈ । ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ ਵਿੱਚ ਰਹਿਣ, ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਉਨ੍ਹਾਂ ਦੇ ਫੋਨਾਂ ਦਾ ਜਵਾਬ ਦੇਣ ਦੀ ਸਲਾਹ ਦਿੱਤੀ ਮੀਟਿੰਗ ਦੌਰਾਨ ਡੀ. ਜੀ. ਪੀ. ਨੇ ਸੂਬੇ ਭਰ ਦੇ ਐਸ. ਐਸ. ਪੀਜ਼., ਐਸ. ਪੀਜ਼./ਡੀ. ਐਸ. ਪੀਜ਼. ਅਤੇ ਐਸ. ਐਚ. ਓਜ਼. ਸਮੇਤ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਖੇਤਰੀ ਪੱਧਰ ਦੇ ਤਜ਼ਰਬੇ ਅਤੇ ਕਾਰਵਾਈਆਂ ਬਾਰੇ ਜਾਣਕਾਰੀ ਲਈ ।
Read More : ‘ਯੁੱਧ ਨਸ਼ਿਆਂ ਵਿਰੁੱਧ’ 183ਵੇਂ ਦਿਨ, ਪੰਜਾਬ ਪੁਲਸ ਨੇ 324 ਥਾਵਾਂ ’ਤੇ ਕੀਤੀ ਛਾਪੇਮਾਰੀ