ਪਟਿਆਲਾ, 30 ਸਤੰਬਰ 2025 : ਪਟਿਆਲਾ ਪੁਲਿਸ (Patiala Police) ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਸਫ਼ਲਤਾ ਹਾਸਲ ਕਰਦਿਆਂ 500 ਤੋਂ ਜ਼ਿਆਦਾ ਨਸ਼ੇ ਦੇ ਆਦੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਕੇ ਨਸ਼ਾ ਮੁਕਤੀ ਦੇ ਰਾਹ ਤੋਰਿਆ ਹੈ ਅਤੇ 2000 ਤੋਂ ਜਿਆਦਾ ਨਸ਼ੇ ਦੇ ਆਦੀਆਂ ਦਾ ਓਟ ਸੈਂਟਰਾਂ ‘ਚ ਇਲਾਜ ਸ਼ੁਰੂ ਕਰਵਾਇਆ ਹੈ । ਇਹ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸਰਮਾ (District Police Chief Varun Sharma) ਨੇ ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ।
ਪਟਿਆਲਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ : ਐਸ. ਐਸ. ਪੀ.
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਆਦੀਆਂ ਨਾਲ ਸਦਭਾਵਨਾਂ ਦਿਖਾਉਂਦਿਆਂ ਉਨ੍ਹਾਂ ਦਾ ਇਲਾਜ ਕਰਵਾਇਆ ਰਿਹਾ ਹੈ, ਉਥੇ ਹੀ ਨਸ਼ਾ ਤਸਕਰਾਂ ਵਿਰੁੱਧ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਹੈ । ਐਸ. ਐਸ. ਪੀ. ਨੇ ਦੱਸਿਆ ਕਿ ਇਹ ਪਟਿਆਲਾ ਪੁਲਿਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ (Punjab Police Chief Gaurav Yadav) ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਪੁਰਜ਼ੋਰ ਕਾਰਵਾਈ ਕਰਦਿਆਂ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ ਅਤੇ ਸਤੰਬਰ ਮਹੀਨੇ ‘ਚ 93 ਕੇਸ ਦਰਜ ਕੀਤੇ ਅਤੇ 100 ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਸੁੱਟਿਆ ਹੈ । ਜਦੋਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਹੋਈ ਹੈ, ਉਦੋਂ ਤੋਂ 16 ਨਸ਼ਾ ਤਸਕਰਾਂ ਦੀ ਕਰੀਬ 6 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰਨ ਦੀ ਕਾਰਵਾਈ ਕੀਤੀ ਹੈ । ਜਦਕਿ 5 ਹੋਰ ਵੱਡੀਆਂ ਮੱਛੀਆਂ ਵਿਰੁੱਧ ਕਾਰਵਾਈ ਕਰਕੇ ਇਨ੍ਹਾਂ ਦੀ ਵੀ ਜਾਇਦਾਦ ਅਟੈਚ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ।
16 ਨਸ਼ਾ ਤਸਕਰਾਂ ਦੀ 6 ਕਰੋੜ ਰੁਪਏ ਦੀ ਜਾਇਦਾਦ ਜਬਤ, 5 ਵੱਡੀਆਂ ਮੱਛੀਆਂ ਕੀਤੀਆਂ ਕਾਬੂ
ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਪਟਿਆਲਾ ਪੁਲਸ ਦਾ ਨਸ਼ਿਆਂ ਦੇ ਤਸਕਰਾਂ ਨੂੰ ਸਜਾ ਦਿਵਾਉਣ ਦੀ ਦਰ 95 ਫੀਸਦੀ ਹੈ, ਜਿਸਤੋਂ ਸਾਡੀ ਤਫ਼ਤੀਸ਼ ਦੇ ਚੰਗੇ ਮਿਆਰ ਸਾਬਤ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸੇਫ਼ ਪੰਜਾਬ ਐਂਟੀ ਡਰੱਗ ਹੈਲਪਲਾਈਨ 97791-00200 ‘ਤੇ ਮਿਲੀਆਂ ਸੂਚਨਾਵਾਂ ਤਹਿਤ 250 ਮੁਕਦਮੇ ਦਰਜ ਕੀਤੇ ਗਏ ਹਨ । ਉਨ੍ਹਾਂ ਨੇ ਦੱਸਿਆ ਕਿ 1 ਜਨਵਰੀ ਤੋਂ 30 ਸਤੰਬਰ ਤੱਕ ਐਨਡੀਪੀਐਸ ਐਕਟ ਤਹਿਤ 781 ਕੇਸ ਦਰਜ ਕੀਤੇ ਤੇ 1065 ਨਸ਼ਾ ਤਸਕਰ ਕਾਬੂ ਕਰਕੇ ਵੱਡੀ ਮਾਤਰਾ ‘ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ ਤੇ 16,69,100 ਰੁਪਏ ਡਰੱਗ ਮਨੀ ਜਬਤ ਕੀਤੀ ਗਈ । ਇਸ ਤੋਂ ਬਿਨ੍ਹਾਂ ਆਬਕਾਰੀ ਐਕਟ ਤਹਿਤ 376 ਕੇਸ ਦਰਜ ਕੀਤੇ ਗਏ ਤੇ 406 ਜਣੇ ਗ੍ਰਿਫਤਾਰ ਕੀਤੇ ਗਏ ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੇ ਲੋਕਾਂ ਦਾ ਵਿਸ਼ਵਾਸ਼ ਜਿੱਤਿਆ
ਐਸ. ਐਸ. ਪੀ. ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ (War on drugs campaign) ਨੇ ਲੋਕਾਂ ਦਾ ਵਿਸ਼ਵਾਸ਼ ਜਿੱਤਿਆ ਹੈ, ਭਰਵਾਂ ਸਾਥ ਇਸ ਮੁਹਿੰਮ ਨੂੰ ਮਿਲ ਰਿਹਾ ਹੈ, ਜਿਸ ਤਹਿਤ ਕਈ ਲੋਕਾਂ ਵੱਲੋਂ ਉਨ੍ਹਾਂ ਤੱਕ ਪਹੁੰਚ ਕਰਨ ਕਰਕੇ ਉਨ੍ਹਾਂ ਦੇ ਬੱਚੇ ਬੁਰੀ ਸੰਗਤ ਤੋਂ ਬਚਕੇ ਨਸ਼ਿਆਂ ਦੀ ਦਲਦਲ ‘ਚੋਂ ਵਾਪਸ ਨਿਕਲ ਆਏ ਹਨ। ਲੋਕਾਂ ਦੇ ਇਸ ਮੁਹਿੰਮ ‘ਚ ਜੁੜਨ ਕਰਕੇ ਹੁਣ ਇਹ ਮੁਹਿੰਮ ਜਨ ਮੁਹਿੰਮ ਬਣ ਚੁੱਕੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਐਸ. ਪੀ. (ਸਿਟੀ) ਪਲਵਿੰਦਰ ਸਿੰਘ ਚੀਮਾ ਤੇ ਐਸ. ਪੀ. (ਜਾਂਚ) ਗੁਰਬੰਸ ਸਿੰਘ ਬੈਂਸ ਵੀ ਮੌਜੂਦ ਸਨ ।
Read More : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਨਸ਼ਾ ਮੁਕਤੀ ਯਾਤਰਾ’ ਲਈ ਸ਼ਡਿਊਲ ਜਾਰੀ