ਪੰਜਾਬ ਮੰਤਰੀ ਮੰਡਲ ਦੀ ਅਗਲੀ ਬੈਠਕ 26 ਅਗਸਤ ਨੂੰ ਹੋਵੇਗੀ। ਕੁੱਝ ਦਿਨਾਂ ਦੇ ਅੰਤਰਾਲ ਵਿਚ ਹੋਣ ਵਾਲੀ ਇਹ ਬੈਠਕ ਮੰਤਰੀ ਮੰਡਲ ਦੀ ਦੂਜੀ ਬੈਠਕ ਹੋਵੇਗੀ। ਇਸਤੋਂ ਪਹਿਲਾਂ 16 ਅਗਸਤ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਬੈਠਕ ਹੋਈ ਸੀ। ਪਹਿਲੀ ਬੈਠਕ ਵਰਚੁਅਲ ਤਰੀਕੇ ਨਾਲ ਹੋਈ ਸੀ ਤੇ ਹੁਣ ਦੂਜੀ ਬੈਠਕ ਵੀ ਵਰਚੁਅਲ ਤਰੀਕੇ ਨਾਲ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਇਸ ਬੈਠਕ ਵਿਚ ਦਲਿਤ ਭਾਈਚਾਰੇ ਦੀ ਭਲਾਈ ਨਾਲ ਜੁੜੇ ਕਾਨੂੰਨ ਤੇ ਕੁੱਝ ਯੋਜਨਾਵਾਂ ’ਤੇ ਮੋਹਰ ਲੱਗ ਸਕਦੀ ਹੈ।
ਇਸ ਤੋਂ ਪਹਿਲਾਂ 16 ਅਗਸਤ ਨੂੰ ਹੋਈ ਬੈਠਕ ਵਿਚ ਕੁੱਝ ਮਸਲਿਆਂ ’ਤੇ ਵਿਚਾਰ ਚਰਚਾ ਕੀਤੀ ਗਈ ਪਰ ਉਨ੍ਹਾਂ ਨੂੰ ਅਗਲੀ ਬੈਠਕ ਤੱਕ ਟਾਲ ਦਿੱਤਾ ਗਿਆ। ਇਸ ਲਈ ਹੁਣ ਇਹ ਬੈਠਕ ਬੁਲਾਈ ਜਾ ਰਹੀ ਹੈ ਤਾਂ ਕਿ ਉਨ੍ਹਾ ’ਤੇ ਮੋਹਰ ਲਗਾਈ ਜਾ ਸਕੇ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 16 ਅਗਸਤ ਦੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਮਾਨਸੂਨ ਇਜਲਾਸ ਦਾ ਫ਼ੈਸਲਾ ਲਿਆ ਜਾ ਸਕਦਾ ਹੈ ਪਰ ਮੰਤਰੀ ਮੰਡਲ ਨੇ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ।
ਇਸ ਤੋਂ ਇਲਾਵਾ ਮੈਡੀਕਲ ਲਾਪਰਵਾਹੀ ਨਾਲ ਐੱਚ. ਆਈ. ਵੀ. ਪੌਜ਼ਟਿਵ ਖੂਨ ਚੜ੍ਹਾਉਣ ਦੇ ਪੀੜ੍ਹਤਾਂ ਨੂੰ ਮੁਆਵਜ਼ੇ ਦੀ ਮਨਜ਼ੂਰੀ ਦਿੱਤੀ ਗਈ ਤੇ ਨਾਲ ਹੀ ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਲਈ ਐੱਨ. ਓ. ਸੀ. ਦੀ ਸੂਚੀ ਨੂੰ ਪ੍ਰਵਾਨਗੀ, ਅਲਕੋਹਲ ਉਤਪਾਦਾਂ ਦੇ ਨਿਰਮਾਣ ਵਾਲੇ ਯੂਨਿਟਾਂ ਲਈ ਨੀਤੀ ‘ਚ ਸੋਧ ਨੂੰ ਮਨਜ਼ੂਰੀ, ਉਦਯੋਗਿਕ ਕਾਮਿਆਂ ਲਈ ਐਸ. ਆਈ. ਐਚ. ਐਸ. ਅਧੀਨ ਉਸਾਰੇ ਮਕਾਨਾਂ ਦੀ ਵਿਕਰੀ ਨੂੰ ਝੰਡੀ, ਡਾਕਟਰਾਂ ਦੀਆਂ ਤਰੱਕੀ ਕੋਟੇ ਦੀਆਂ 80 ਖ਼ਾਲੀ ਅਸਾਮੀਆਂ ਨੂੰ ਸਿੱਧੇ ਕੋਟੇ ‘ਚ ਤਬਦੀਲ ਕਰਨਾ ਅਤੇ ਵਿਜੀਲੈਂਸ ਕਮਿਸ਼ਨ ‘ਚ ਸਹਿਯੋਗੀ ਸਟਾਫ਼ ਦੀਆਂ ਅਸਾਮੀਆਂ ਦੀ ਸਿਰਜਣਾ ਨੂੰ ਪ੍ਰਵਾਨਗੀ ਦਿੱਤੀ ਗਈ ਸੀ।