ਨਵੀਂ ਦਿੱਲੀ, 25 ਸਤੰਬਰ 2025 : ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ (Supreme Court) ਨੇ ਪੰਜਾਬ ਵਿਚ ਮੋਗਾ ਬੇਅਦਬੀ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਤੋਂ ਰੋਕਦਿਆਂ ਹੁਕਮ ਦਿਤਾ ਹੈ ਕਿ ਫਿਲਹਾਲ ਸਥਿਤੀ ਜਿਵੇਂ ਦੀ ਉਵੇਂ ਹੀ ਰਹੇ । ਹਾਈ ਕੋਰਟ ਨੇ ਪੰਜਾਬ ਦਾ ਮਾਹੌਲ ਠੀਕ ਨਾ ਦੱਸਦਿਆਂ ਮੋਗਾ ਕੇਸ ਸਮੇਤ ਛੇ ਬੇਅਦਬੀ ਮਾਮਲੇ (Sacrilege cases) ਤਬਦੀਲ ਕਰ ਦਿਤੇ ਸਨ । ਗੁਰਸੇਵਕ ਸਿੰਘ ਨੇ ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਵਿਚ ਜੋ ਪਟੀਸ਼ਨ ਦਾਇਰ ਕੀਤੀ ਸੀ ਸਬੰਧੀ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਕੇਸ ਦੀ ਸੁਣਵਾਈ ਮੋਗਾ ਵਿਚ ਹੋਵੇਗੀ ਜਾਂ ਚੰਡੀਗੜ੍ਹ ਵਿਚ । ਸੁਪਰੀਮ ਕੋਰਟ ਵਿਚ ਅਗਲੀ ਸੁਣਵਾਈ 13 ਅਕਤੂਬਰ ਨੂੰ ਹੋਵੇਗੀ ।
ਕੀ ਦੱਸਿਆ ਐਚ. ਐਸ. ਫੂਲਕਾ ਨੇ
ਐਚ. ਐਸ. ਫੂਲਕਾ (H. S. Phoolka) ਨੇ ਕਿਹਾ ਕਿ ਹਾਈ ਕੋਰਟ ਨੇ 17 ਮਾਰਚ, 2025 ਨੂੰ ਕਿਹਾ ਸੀ ਕਿ ਪੰਜਾਬ ਵਿਚ ਮਾਹੌਲ ਠੀਕ ਨਹੀਂ ਸੀ । ਇਸ ਦੇ ਆਧਾਰ `ਤੇ ਛੇ ਮਾਮਲਿਆਂ ਨੂੰ ਤਬਦੀਲ ਕੀਤਾ ਗਿਆ । ਮੋਗਾ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਨੇ ਸੁਪਰੀਮ ਕੋਰਟ ਵਿਚ ਕੇਸ ਨੂੰ ਚੁਣੌਤੀ ਦਿਤੀ । ਸਿ਼ਕਾਇਤਕਰਤਾ ਅਨੁਸਾਰ ਦੋਸ਼ੀ ਪੰਜਾਬ ਵਿਚ ਰਹਿੰਦੇ ਹਨ ਅਤੇ ਉੱਥੇ ਸਮਾਗਮ ਵੀ ਕਰਦੇ ਹਨ । ਜਿਵੇਂ ਹੀ ਕੇਸ ਦੀ ਸੁਣਵਾਈ ਹੁੰਦੀ ਹੈ, ਮਾਹੌਲ ਵਿਗੜ ਜਾਂਦਾ ਹੈ, ਅਤੇ ਸ਼ਿਕਾਇਤਕਰਤਾ ਨੂੰ ਚੰਡੀਗੜ੍ਹ ਆਉਣਾ ਪੈਂਦਾ ਹੈ ।
ਸਰਕਾਰ ਨੂੰ ਕਰਨੀ ਚਾਹੀਦੀ ਹੈ ਸੁਪਰੀਮ ਕੋਰਟ ਤੱਕ ਪਹੁੰਚ
ਸਰਕਾਰ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰਨੀ ਚਾਹੀਦੀ ਹੈ। ਫੂਲਕਾ ਨੇ ਕਿਹਾ ਕਿ ਉਹ ਸਰਕਾਰ ਨੂੰ ਇਕ ਪੱਤਰ ਲਿਖਣਗੇ, ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਸਰਕਾਰ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਵਿਚ ਪਟੀਸ਼ਨ ਵੀ ਦਾਇਰ ਕਰੇ ਅਤੇ ਸਪੱਸ਼ਟ ਕਰੇ ਕਿ ਪੰਜਾਬ ਦਾ ਮਾਹੌਲ ਵਿਗੜ ਨਹੀਂ ਰਿਹਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਪੰਜਾਬ ਤੋਂ ਬਾਹਰ ਜਾਣ ਤੋਂ ਸਰਗਰਮੀ ਨਾਲ ਰੋਕਣਾ ਚਾਹੀਦਾ ਹੈ । ਉਨ੍ਹਾਂ ਜਨਤਾ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮਾਮਲੇ `ਤੇ ਸਰਕਾਰ ਤੋਂ ਪਹਿਲ ਕਰਨ ਦੀ ਮੰਗ ਕਰਨ ।
Read More : ਸੁਪਰੀਮ ਕੋਰਟ ਨੇ ਮੰਗਿਆ ਕੇਂਦਰ ਤੋਂ ਜਵਾਬ