ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਬਿਮਾਰੀਆਂ ਦੀ ਰੋਕਥਾਮ ਲਈ ਝੋਕੀ ਸਰਕਾਰੀ ਮਸ਼ੀਨਰੀ

0
14
Government machinery
ਚੰਡੀਗੜ੍ਹ, 11 ਸਤੰਬਰ 2025 : ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ (Flood affected) ਇਲਾਕਿਆਂ ਵਿੱਚ ਰਾਹਤ ਕਾਰਜ ਜੰਗੀ ਪੱਧਰ ‘ਤੇ ਚੱਲ ਰਹੇ ਹਨ । ਬਿਮਾਰੀਆਂ ਦੀ ਰੋਕਥਾਮ ਲਈ ਸਿਹਤ, ਵੈਟਰਨਰੀ ਤੇ ਹੋਰ ਵਿਭਾਗਾਂ ਦਾ ਸਮੁੱਚਾ ਅਮਲਾ ਦਿਨ-ਰਾਤ ਜੁਟਿਆ ਹੋਇਆ ਹੈ ।
ਮਲੇਰੀਆ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਦੇਖਦੇ ਹੋਏ ਫੋਗਿੰਗ ਮਸ਼ੀਨਾਂ ਪ੍ਰਭਾਵਿਤ ਇਲਾਕਿਆਂ ‘ਚ ਭੇਜੀਆਂ
ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆ ਨਾਲ ਮੀਟਿੰਗ ਕਰਕੇ ਹੜ੍ਹਾਂ ਦੌਰਾਨ ਹੋਏ ਖਰਾਬੇ ਅਤੇ ਨੁਕਸਾਨ ਦੀ ਸਮੀਖਿਆ ਕੀਤੀ ਗਈ ਹੈ ਅਤੇ ਸਪੈਸ਼ਲ ਗਿਰਦਾਵਰੀ ਦਾ ਕੰਮ 50 ਪ੍ਰਤੀਸ਼ਤ ਮੁਕੰਮਲ ਕਰਵਾ ਲਿਆ ਹੈ ।
ਰੋਪੜ ਦੇ ਹੜ੍ਹ ਪ੍ਰਭਾਵਿਤ 50 ਫੀਸਦੀ ਇਲਾਕਿਆਂ ‘ਚ ਵਿਸ਼ੇਸ਼ ਗਿਰਦਾਵਰੀ ਦਾ ਕੰਮ ਮੁਕੰਮਲ :  ਹਰਜੋਤ ਬੈਂਸ
ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਕੰਮ ਵੀ ਲਗਾਤਾਰ ਚੱਲ ਰਹੇ ਹਨ। ਬੈਂਸ ਨੇ ਦੱਸਿਆ ਕਿ ਮਲੇਰੀਆ ਤੇ ਹੋਰ ਬਿਮਾਰੀਆਂ ਦੇ ਖਤਰੇ ਨੂੰ ਦੇਖਦੇ ਹੋਏ ਫੋਗਿੰਗ ਮਸ਼ੀਨਾਂ ਇਲਾਕੇ ਵਿੱਚ ਭੇਜੀਆਂ ਜਾ ਰਹੀਆਂ ਹਨ । ਵੱਡੇ ਪਿੰਡਾਂ ਵਿੱਚ ਇਹ ਮਸ਼ੀਨਾਂ ਲਗਾਤਾਰ ਚਲਾਈਆਂ ਜਾਣਗੀਆਂ ਅਤੇ ਮੈਡੀਕਲ ਕੈਂਪ ਵੀ ਲਗਾਤਾਰ ਜਾਰੀ ਰਹਿਣਗੇ ।
ਵੈਟਰਨਰੀ ਟੀਮਾਂ (Veterinary teams) ਨਿਰੰਤਰ ਹਲਕੇ ਵਿੱਚ ਪਸ਼ੂਆ ਦਾ ਇਲਾਜ ਅਤੇ ਵੈਕਸੀਨੇਸ਼ਨ ਕਰ ਰਹੀਆਂ ਹਨ। ਬੈਂਸ ਨੇ ਦੱਸਿਆ ਕਿ ਸਾਰੇ ਪਿੰਡਾਂ ਦੇ ਰਸਤੇ ਚਾਲੂ ਕੀਤੇ ਗਏ ਹਨ ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ । ਪ੍ਰਸ਼ਾਸਨ ਪੂਰੀ ਤਰਾਂ ਚੌਕਸ ਹੈ ਅਤੇ ਰਾਹਤ ਤੇ ਬਚਾਅ ਕਾਰਜਾਂ ਲਈ ਟੀਮਾਂ ਵੀ ਤਾਇਨਾਤ ਕੀਤੀਆਂ ਹੋਈਆਂ ਹਨ ।
ਡਾ. ਬਲਬੀਰ ਸਿੰਘ ਤੇ ਡਾ. ਬਲਜੀਤ ਕੌਰ ਨੇ ਹੜ੍ਹ ਪੀੜ੍ਹਤਾਂ ਦੀ ਕੀਤੀ ਵਿੱਤੀ ਮਦਦ 
ਉੱਧਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਵੱਲੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਦੇ ਨਾਲ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਪਿੰਡ ਡੇਹਰੀਵਾਲ ਕਿਰਨ, ਰਣਸੀਕੇ ਤਿੱਲਾ, ਖੁਸ਼ਹਾਲਪੁਰ, ਰੱਤਾ ਅਤੇ ਸ਼ਾਹਪੁਰ ਜਾਜਨ ਦਾ ਦੌਰਾ ਕੀਤਾ ਗਿਆ ।
ਲਾਲਜੀਤ ਸਿੰਘ ਭੁੱਲਰ ਨੇ ਪੱਟੀ ‘ਚ ਰਾਹਤ ਸਮੱਗਰੀ ਦੀ ਕੀਤੀ ਵੰਡ 
ਇਸ ਮੌਕੇ ਡਾ. ਬਲਬੀਰ ਸਿੰਘ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਅਤੇ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਦੇ ਚੈੱਕ ਦਿੱਤੇ ਗਏ । ਦੂਜੇ ਪਾਸੇ ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਬਾਰਿਸ਼ ਕਾਰਨ ਜਿਨ੍ਹਾਂ ਘਰਾਂ ਦੀਆਂ ਛੱਤਾਂ ਡਿੱਗੀਆਂ ਸਨ ਉਨ੍ਹਾਂ ਘਰਾਂ ਦੇ ਮਾਲਕਾਂ ਨੂੰ ਮੌਕੇ ‘ਤੇ ਹੀ ਖੁਦ ਪੈਸੇ ਦੇ ਕੇ ਵਿੱਤੀ ਸਹਾਇਤਾ ਕੀਤੀ । ਉਨ੍ਹਾਂ ਕਿਹਾ ਕਿ ਉਹ ਲਗਾਤਾਰ ਮਲੋਟ ਸ਼ਹਿਰ ਦੇ ਵਾਰਡਾਂ ਅਤੇ ਪਿੰਡਾਂ ਵਿਚ ਹੀ ਹਨ ਤੇ ਲੋਕਾਂ ਦੀ ਸਾਰ ਲੈ ਰਹੇ ਹਨ ।

ਲਾਲ ਚੰਦ ਨੇ ਭੋਆ ਹਲਕੇ ਦੇ ਪਿੰਡਾਂ ਨੂੰ ਬੁਨਿਆਦੀ ਜ਼ਰੂਰਤਾਂ ਦਾ ਸਮਾਨ ਵੰਡਿਆ

ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ (Cabinet Minister Punjab Laljit Singh Bhullar) ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ  ਦਰਿਆਈ ਪਾਣੀ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ, ਜ਼ਰੂਰੀ ਵਸਤੂਆਂ ਅਤੇ ਪਸ਼ੂਆਂ ਲਈ ਚਾਰਾ, ਫੀਡ ਅਤੇ ਚੋਕਰ ਆਦਿ ਦੀ ਵੰਡ ਕੀਤੀ ।
ਇਸ ਦੌਰਾਨ ਉਹ ਪਿੰਡ ਭਾਊਵਾਲ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਖੋਲ੍ਹੇ ਗਏ ਆਰਜ਼ੀ ਰਾਹਤ ਕੈਂਪ ਵਿੱਚ ਪਹੁੰਚੇ । ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਹਲਕਾ ਭੋਆ ਦੇ ਪਿੰਡ ਸਿਹੋੜਾ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬੁਨਿਆਦੀ ਜ਼ਰੂਰਤਾਂ ਦਾ ਸਮਾਨ ਵੰਡਿਆ । ਹਰੇਕ ਪਰਿਵਾਰ ਨੂੰ ਦੋ ਫੋਲਡਿੰਗ ਮੰਜੇ, ਦੋ ਗੱਦੇ, ਇੱਕ ਗੈਸ ਸਿਲੰਡਰ ਅਤੇ ਇੱਕ ਇੱਕ ਮੱਛਰਦਾਨੀ ਦੀ ਵੰਡ ਕੀਤੀ ਗਈ ਹੈ ।
ਫਾਜ਼ਿਲਕਾ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਵੀ ਵਿਧਾਇਕਾਂ ਨੇ ਰਾਹਤ ਸਮੱਗਰੀ ਵੰਡੀ 
ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ (MLA Kuljit Singh Randhawa) ਨੇ ਸ਼੍ਰੀ ਰਾਮ ਤਲਾਈ, ਡੇਰਾਬੱਸੀ ਵਿਖੇ ਲਗਭਗ 150 ਪ੍ਰਭਾਵਿਤ ਅਤੇ ਲੋੜਵੰਦ ਪਰਿਵਾਰਾਂ ਵਿੱਚ ਰਾਹਤ ਸਮੱਗਰੀ ਦੀ ਵੰਡ ਕੀਤੀ ।
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡ ਮਹਾਤਮ ਨਗਰ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ ਅਤੇ ਰਾਹਤ ਸਮੱਗਰੀ ਵੰਡੀ । ਦੂਜੇ ਪਾਸੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਵੀ ਪ੍ਰਭਾਵਿਤ ਲੋਕਾਂ ਨੂੰ 15070 ਰਾਸ਼ਨ ਕਿੱਟਾਂ ਵੰਡੀਆਂ ਗਈਆਂ ਅਤੇ ਪਸ਼ੂ ਪਾਲਕਾਂ ਦੇ ਜਾਨਵਰਾਂ ਲਈ 6236 ਪੈਕੇਟ ਕੈਟਲ ਫੀਡ ਵੰਡੀ ਗਈ ਹੈ ।

LEAVE A REPLY

Please enter your comment!
Please enter your name here