ਚੰਡੀਗੜ੍ਹ, 10 ਸਤੰਬਰ 2025 : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ (Hardeep Singh Mundian) ਨੇ ਅੱਜ ਇਥੇ ਦੱਸਿਆ ਕਿ ਹੜ੍ਹਾਂ ਦਰਮਿਆਨ ਪਿਛਲੇ 24 ਘੰਟਿਆਂ ਵਿੱਚ ਸੂਬੇ ‘ਚ ਹੋਰ 88 ਪਿੰਡ, 374 ਲੋਕ ਅਤੇ 55 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ । ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਹੁਣ ਤੱਕ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਪ੍ਰਭਾਵਿਤ ਪਿੰਡਾਂ ਦੀ ਕੁੱਲ ਗਿਣਤੀ 2185 ਅਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 3,88,466 ਤੱਕ ਪਹੁੰਚ ਗਈ ਹੈ ।
4533 ਲੋਕਾਂ ਨੂੰ ਦਿੱਤਾ ਆਸਰਾ : ਹਰਦੀਪ ਸਿੰਘ ਮੁੰਡੀਆਂ
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ (During 24 hours) ਫ਼ਿਰੋਜ਼ਪੁਰ ਵਿੱਚ ਇੱਕ ਹੋਰ ਵਿਅਕਤੀ ਦੀ ਜਾਨ ਚਲੀ ਗਈ ਹੈ ਜਿਸ ਨਾਲ 15 ਜ਼ਿਲ੍ਹਿਆਂ ਵਿੱਚ ਕੁੱਲ ਮੌਤਾਂ ਦੀ ਗਿਣਤੀ 53 ਹੋ ਗਈ ਹੈ । ਉਨ੍ਹਾਂ ਦੱਸਿਆ ਕਿ ਪਠਾਨਕੋਟ ਵਿੱਚ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ । ਉਨ੍ਹਾਂ ਅੱਗੇ ਦੱਸਿਆ ਕਿ ਇਸੇ ਅਰਸੇ ਦੌਰਾਨ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ 91 ਹੋਰ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ, ਜਿਸ ਨਾਲ ਹੁਣ ਤੱਕ ਬਚਾਏ ਗਏ ਲੋਕਾਂ ਦੀ ਗਿਣਤੀ 23,297 ਹੋ ਗਈ ਹੈ । ਮੌਜੂਦਾ ਸਮੇਂ ਸੂਬੇ ਭਰ ਵਿੱਚ 115 ਰਾਹਤ ਕੈਂਪ ਜਾਰੀ ਹਨ, ਜਿਨ੍ਹਾਂ ਵਿੱਚ 4533 ਲੋਕ ਬਸੇਰਾ ਕਰ ਰਹੇ ਹਨ । ਫ਼ਸਲਾਂ ਦੇ ਖ਼ਰਾਬੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 18 ਜ਼ਿਲ੍ਹਿਆਂ ਵਿੱਚ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਕੁੱਲ ਰਕਬਾ 1,91,981.45 ਹੈਕਟੇਅਰ ਤੱਕ ਪਹੁੰਚ ਗਿਆ ਹੈ ।
ਹੁਣ ਤੱਕ 23297 ਵਿਅਕਤੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢਿਆ ਬਾਹਰ
ਮਾਲ ਮੰਤਰੀ ਨੇ ਦੱਸਿਆ ਕਿ 10 ਸਤੰਬਰ ਤੱਕ 22 ਜ਼ਿਲ੍ਹਿਆਂ ਦੇ 2185 ਪਿੰਡ (2185 villages in 22 districts) ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ ਅਤੇ ਪ੍ਰਭਾਵਿਤ ਆਬਾਦੀ ਦੀ ਗਿਣਤੀ 3,88,466 ਤੱਕ ਪਹੁੰਚ ਗਈ ਹੈ । ਕੈਬਨਿਟ ਮੰਤਰੀ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਐਨ. ਡੀ. ਆਰ. ਐਫ. ਦੀਆਂ 14 ਟੀਮਾਂ, ਐਸ. ਡੀ. ਆਰ. ਐਫ. ਦੀਆਂ 2 ਟੀਮਾਂ, ਫ਼ੌਜ ਦੀਆਂ 18 ਟੁਕੜੀਆਂ ਅਤੇ 1 ਇੰਜੀਨੀਅਰ ਟਾਸਕ ਫੋਰਸ ਤਾਇਨਾਤ ਹੈ । ਭਾਰਤੀ ਹਵਾਈ ਸੈਨਾ ਅਤੇ ਫ਼ੌਜ ਦੇ ਲਗਭਗ 30 ਹੈਲੀਕਾਪਟਰ (About 30 army helicopters) ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ । ਇਸ ਤੋਂ ਇਲਾਵਾ ਮੌਜੂਦਾ ਰਾਹਤ ਕਾਰਜਾਂ ਵਿੱਚ 182 ਕਿਸ਼ਤੀਆਂ ਸ਼ਾਮਲ ਹਨ ।
Read More : ਹੁਣ ਤੱਕ 23,206 ਵਿਅਕਤੀ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਕੱਢੇ : ਹਰਦੀਪ ਸਿੰਘ ਮੁੰਡੀਆਂ