ਸੂਚਨਾ ਕਮਿਸ਼ਨਰ ਨੇ ਟੇਕਿਆ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਮੱਥਾ

0
13
Punjab State Information Commissioner
ਪਟਿਆਲਾ, 10 ਸਤੰਬਰ 2025 : ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ (Punjab State Information Commissioner Harpreet Sandhu) ਨੇ ਅੱਜ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਪਣੀ ਪੁਸਤਕ ‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਧਿਆਤਮਕ ਯਾਤਰਾ’ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਭੇਟ ਕੀਤੀ । ਇਹ ਕਿਤਾਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ।

ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀਵਨ  ‘ਤੇ ਆਧਾਰਤ ਤਿਆਰ ਕੀਤੀ ਪੁਸਤਕ ਭੇਟ

ਇਸ ਮੌਕੇ ਹਰਪ੍ਰੀਤ ਸੰਧੂ ਨੇ ਦੱਸਿਆ ਕਿ ਪੁਸਤਕ ਵਿੱਚ ਗੁਰੂ ਸਾਹਿਬ ਦੇ ਜੀਵਨ ਦੌਰਾਨ ਉਨ੍ਹਾਂ ਨਾਲ ਸੰਬੰਧਿਤ ਪਵਿੱਤਰ ਸਥਾਨਾਂ ਦਾ ਵੇਰਵਾ ਤਸਵੀਰਾਂ ਸਮੇਤ ਦਿੱਤਾ ਗਿਆ ਹੈ । ਇਹ ਕਿਤਾਬ 22 ਜੁਲਾਈ 2025 ਨੂੰ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਰਾਜ ਭਵਨ, ਚੰਡੀਗੜ੍ਹ ਵਿੱਚ ਜਾਰੀ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਚਰਨ ਛੋਹ ਧਰਤੀ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦਾ ਵੇਰਵਾ ਅਤੇ ਫ਼ੋਟੋ ਵੀ ਸ਼ਾਮਲ ਹੈ ।

‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਅਧਿਆਤਮਕ ਯਾਤਰਾ’ ਪੁਸਤਕ ਗੁਰੂ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ : ਹਰਪ੍ਰੀਤ ਸੰਧੂ

ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ (Gurdwara Sri Dukh Niwaran Sahib) ਦੇ ਹੈਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਹਰਪ੍ਰੀਤ ਸੰਧੂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪੁਸਤਕ ਗੁਰੂ ਸਾਹਿਬ ਦੀ ਬੇਮਿਸਾਲ ਵਿਰਾਸਤ ਨੂੰ ਸਮਰਪਿਤ ਇੱਕ ਪਵਿੱਤਰ ਸ਼ਰਧਾਂਜਲੀ ਹੈ । ਉਨ੍ਹਾਂ ਕਿਹਾ ਕਿ ਗੁਰੂ ਸਾਹਿਬ, ਜਿਨ੍ਹਾਂ ਨੂੰ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਦਿੱਤੀ ਮਹਾਨ ਕੁਰਬਾਨੀ ਕਰਕੇ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ, ਉਨ੍ਹਾਂ ਦੀ ਜੀਵਨ ਕਥਾ ਅਤੇ ਉਪਦੇਸ਼ਾਂ ਨੂੰ ਦਰਸਾਉਂਦੀ ਇਹ ਪੁਸਤਕ ਸ਼ਾਂਤੀ, ਭਾਈਚਾਰਾ ਅਤੇ ਬਲੀਦਾਨ ਦਾ ਸੁਨੇਹਾ ਦੂਰ-ਦੂਰ ਤੱਕ ਪਹੁੰਚਾਏਗੀ ।

ਪੁਸਤਕ ਦੀ ਪ੍ਰਸਤਾਵਨਾ ਅਤੇ ਭੂਮਿਕਾ ਆਕਸਫੋਰਡ ਬਰੂਕਸ ਯੂਨੀਵਰਸਿਟੀ (ਯੂ. ਕੇ.) ਦੇ ਪ੍ਰੋਫੈਸਰ ਪ੍ਰੋ. ਪ੍ਰੀਤਮ ਸਿੰਘ ਵੱਲੋਂ ਲਿਖੀ ਗਈ ਹੈ

ਜ਼ਿਕਰਯੋਗ ਹੈ ਕਿ ਪੁਸਤਕ ਦੀ ਪ੍ਰਸਤਾਵਨਾ ਅਤੇ ਭੂਮਿਕਾ ਆਕਸਫੋਰਡ ਬਰੂਕਸ ਯੂਨੀਵਰਸਿਟੀ (ਯੂ. ਕੇ.) ਦੇ ਪ੍ਰੋਫੈਸਰ ਪ੍ਰੋ. ਪ੍ਰੀਤਮ ਸਿੰਘ ਵੱਲੋਂ ਲਿਖੀ ਗਈ ਹੈ, ਜਦਕਿ ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਵੱਲੋਂ ਸੰਦੇਸ਼ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ, ਐਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ (S. G. P. C. President Harjinder Singh Dhami) ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਵੱਲੋਂ ਦਿੱਤੇ ਸੰਦੇਸ਼ਾਂ ਵਿੱਚ ਇਸ ਪੁਸਤਕ ਨੂੰ ਗੁਰੂ ਸਾਹਿਬ ਦੀ ਅਧਿਆਤਮਿਕ ਯਾਤਰਾ, ਪ੍ਰੇਰਣਾਦਾਇਕ ਜੀਵਨ ਅਤੇ ਚਿਰ-ਸਥਾਈ ਮੁੱਲਾਂ ਨੂੰ ਦਰਸਾਉਂਦਾ ਇੱਕ ਮਹੱਤਵਪੂਰਨ ਯੋਗਦਾਨ ਦੱਸਿਆ ਹੈ । ਇਸ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੈਨੇਜਰ ਭਾਗ ਸਿੰਘ ਰਾਜਪੁਰਾ, ਅਮਨ ਸੰਧੂ ਅਤੇ ਸੁਪਰਵਾਈਜ਼ਰ ਮਨਦੀਪ ਸਿੰਘ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here